ਤਰਨ ਤਾਰਨ ਤੋਂ ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ
ਤਰਨ ਤਾਰਨ (ਗੁਰਬਖਸ਼ਪੁਰੀ): ਜ਼ਿਲ੍ਹਾ ਪੁਲੀਸ ਅਤੇ ਕਾਊਂਟਰ ਇੰਟੈਲੀਜੈਂਸ (ਸੀਆਈ) ਦੀ ਟੀਮ ਨੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ| ਐੱਸਐੱਸਪੀ ਅਭਿਮੰਨਿਊ ਰਾਣਾ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਗਗਨਦੀਪ ਸਿੰਘ ਉਰਫ ਗਗਨ ਵਾਸੀ ਤਰਨ ਤਾਰਨ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਗਗਨਦੀਪ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਅਤੇ ਪਾਕਿਸਤਾਨ ਬੈਠੇ ਖਾਲਿਸਤਾਨ ਪੱਖੀ ਗੋਪਾਲ ਸਿੰਘ ਚਾਵਲਾ ਦੇ ਸੰਪਰਕ ਵਿੱਚ ਸੀ| ਗੋਪਾਲ ਸਿੰਘ ਨੇ ਹੀ ਉਸ ਦਾ ‘ਪਾਕਿਸਤਾਨ ਇੰਟੈਲੀਜੈਂਸ ਅਪਰੇਟਿਵਜ਼ (ਪੀਆਈਓਜ਼) ਨਾਲ ਸੰਪਰਕ ਕਰਵਾਇਆ ਸੀ, ਜਿਨ੍ਹਾਂ ਤੋਂ ਉਹ ਆਪਣੇ ਭਾਰਤੀ ਸੂਤਰਾਂ ਰਾਹੀਂ ਪੈਸੇ ਵਸੂਲਦਾ ਰਿਹਾ| ਗਗਨਦੀਪ ਬੀਤੇ ਦਿਨਾਂ ਦੌਰਾਨ ਭਾਰਤੀ ਫ਼ੌਜ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਵੀ ਪਾਕਿਸਤਾਨ ਨਾਲ ਸਾਂਝੀ ਕਰਦਾ ਰਿਹਾ, ਜੋ ਕੌਮੀ ਸੁਰੱਖਿਆ ਲਈ ਗੰਭੀਰ ਖ਼ਤਰਾ ਬਣ ਸਕਦਾ ਸੀ। ਪੁਲੀਸ ਨੇ ਉਸ ਕੋਲੋਂ ਦੋ ਮੋਬਾਈਲ ਬਰਾਮਦ ਕੀਤੇ ਹਨ, ਜਿਨ੍ਹਾਂ ’ਚੋਂ ਸੰਵੇਦਨਸ਼ੀਲ ਖੁਫੀਆ ਜਾਣਕਾਰੀ ਮਿਲੀ ਹੈ। ਇਸ ਦੇ ਨਾਲ ਹੀ ਇਸ ’ਚੋਂ 20 ਤੋਂ ਵੱਧ ਆਈਐੱਸਆਈ ਸੰਪਰਕਾਂ ਦੇ ਵੇਰਵੇ ਵੀ ਮਿਲੇ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਭਾਰਤੀ ਚੈਨਲਾਂ ਰਾਹੀਂ ਪੀਆਈਓਜ਼ ਤੋਂ ਪੈਸੇ ਵੀ ਪ੍ਰਾਪਤ ਹੋਏ ਹਨ। ਇਸ ਸਬੰਧੀ ਥਾਣਾ ਸਿਟੀ ਪੁਲੀਸ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਗਗਨਦੀਪ ਸਿੰਘ ਦੇ ਹੋਰ ਸਬੰਧਾਂ ਦਾ ਪਤਾ ਲਾਉਣ ਲਈ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ।