ਤਪਦੀ ਗਰਮੀ ਦੌਰਾਨ ਟਰੈਫਿਕ ਜਾਮ ’ਚ ਫਸੇ ਸ਼ਹਿਰਵਾਸੀ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 30 ਮਈ
ਹਲਕਾ ਪੱਛਮੀ ਦੀ ਜ਼ਿਮਨੀ ਚੋਣ ਲਈ ‘ਆਪ’ ਦੇ ਉਮੀਦਵਾਰ ਸੰਜੀਵ ਅਰੋੜਾ ਦੇ ਹੱਕ ਵਿੱਚ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ‘ਆਪ’ ਵੱਲੋਂ ਸ਼ਕਤੀ ਪ੍ਰਦਰਸ਼ਨ ਲਈ ਰੋਡ ਸ਼ੋਅ ਕੱਢਿਆ ਗਿਆ। ਪਰ ਇਹ ਰੋਡ ਸ਼ੋਅ ਤੱਪਦੀ ਗਰਮੀ ਵਿੱਚ ਲੋਕਾਂ ਲਈ ਮੁਸੀਬਤ ਬਣ ਗਿਆ। ਸ਼ਹਿਰ ਦੀਆਂ ਕਈ ਸੜਕਾਂ ਤੋਂ ਪੁਲੀਸ ਨੇ ਵੀਵੀਆਈਪੀ ਦੌਰਾ ਹੋਣ ਕਾਰਨ ਟਰੈਫਿਕ ਨੂੰ ਬਦਲਵੇਂ ਰੂਟ ’ਤੇ ਪਾ ਦਿੱਤਾ। ਜਿਸ ਕਰਕੇ ਦੁਪਹਿਰ ਵੇਲੇ ਲੋਕ ਟਰੈਫਿਕ ਜਾਮ ਵਿੱਚ ਫੱਸੇ ਰਹੇ। ਟਰੈਫਿਕ ਪੁਲੀਸ ਮੁਲਾਜ਼ਮਾਂ ਨੇ ਕਾਫ਼ੀ ਮਿਹਨਤ ਕੀਤੀ ਕਿ ਜਾਮ ਲੱਗਣ, ਪਰ ਕਈ ਸੜਕਾਂ ਵੀਵੀਆਈਪੀ ਲਈ ਬੰਦ ਹੋਣ ਕਾਰਨ ਭਾਰੀ ਟਰੈਫਿਕ ਵੀ ਅੰਦਰੂਨੀ ਸੜਕਾਂ ’ਤੇ ਡਾਇਰਟ ਕਰ ਦਿੱਤਾ ਗਿਆ। ਜਿਸ ਕਰਕੇ ਲੋਕਾਂ ਨੂੰ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪਇਆ।
ਪੁਲੀਸ ਨੇ ਰੋਡ ਸ਼ੋਅ ਤੋਂ ਪਹਿਲਾਂ ਰੂਟ ਡਾਇਰਟ ਕਰਨ ਦਾ ਪਲਾਨ ਬਣਾਇਆ ਸੀ। ਪਰ ਇਸ ਨਾਲ ਵੀ ਕੋਈ ਮਦਦ ਨਹੀਂ ਮਿਲੀ। ਰੋਡ ਸ਼ੋਅ ਕਾਰਨ ਨਾ ਸਿਰਫ਼ ਮੁੱਖ ਸੜਕਾਂ ਜਾਮ ਰਹੀਆਂ, ਸਗੋਂ ਅੰਦਰੂਨੀ ਇਲਾਕਿਆਂ ਵਿੱਚ ਵੀ ਆਵਾਜਾਈ ਜਾਮ ਰਹੀ। ਲੋਕ ਭਿਆਨਕ ਗਰਮੀ ਵਿੱਚ ਜਾਮ ਵਿੱਚ ਫਸੇ ਰਹੇ। ਲੋਕਾਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਜਿਹੜੇ ਆਗੂ ਆਪਣੇ ਆਪ ਨੂੰ ਆਮ ਆਦਮੀ ਕਹਿੰਦੇ ਸਨ, ਉਹ ਅੱਜ ਖਾਸ ਬਣ ਗਏ ਹਨ ਅਤੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਿੱਚ ਰੁੱਝੇ ਹੋਏ ਹਨ। ‘ਆਪ’ ਉਮੀਦਵਾਰ ਦੇ ਹੱਕ ਵਿੱਚ ਰੋਡ ਸ਼ੋਅ ਵਿੱਚ ‘ਆਪ’ ਸੁਪਰੀਮੋ ਅਤੇ ਪੰਜਾਬ ਦੇ ਮੁੱਖ ਮੰਤਰੀ ਸਮੇਤ ਕਈ ਪ੍ਰਮੁੱਖ ਆਗੂਆਂ ਨੇ ਹਿੱਸਾ ਲੈਣਾ ਸੀ ਅਤੇ ਇਹ ਰੋਡ ਸ਼ੋਅ ਆਰਤੀ ਚੌਕ ਤੋਂ ਘੁਮਾਰਮੰਡੀ ਚੌਕ ਤੱਕ ਕੱਢਿਆ ਜਾਣਾ ਸੀ। ਰੋਡ ਸ਼ੋਅ ਤੋਂ ਪਹਿਲਾਂ ਬਹੁਤ ਸਾਰੀਆਂ ਦੁਕਾਨਾਂ ਬੰਦ ਰਹੀਆਂ ਅਤੇ ਪੁਲੀਸ ਨੇ ਉੱਥੋਂ ਦੂਜੀਆਂ ਸੜਕਾਂ ’ਤੇ ਟਰੈਫਿਕ ਬਦਲ ਦਿੱਤਾ। ਘੁਮਾਰ ਮੰਡੀ ਤੇ ਹੋਰਨਾਂ ਇਲਾਕਿਆਂ ਵਿੱਚ ਸ਼ਾਪਿੰਗ ਲਈ ਆਉਣ ਵਾਲੇ ਲੋਕਾਂ ਨੂੰ ਗੱਡੀਆਂ ਦੂਰ ਲਗਾ ਕੇ ਪੈਦਲ ਹੀ ਬਾਜ਼ਾਰਾਂ ਵਿੱਚ ਘੁੰਮਣਾ ਪਇਆ। ਰੋਡ ਸ਼ੋਅ ਕਾਰਨ ਕਈ ਸੜਕਾਂ ’ਤੇ 30 ਤੋਂ 40 ਮਿੰਟ ਤੱਕ ਟਰੈਫਿਕ ਜਮ ਲੱਗਿਆ ਰਿਹਾ। ਕੁੱਝ ਮਿੰਟ ਦੇ ਰਸਤਾ ਪਾਰ ਕਰਨ ਲਈ ਲੋਕ ਤੱਪਦੀ ਗਰਮੀ ਵਿੱਚ ਜਾਮ ਵਿੱਚ ਖੜ੍ਹੇ ਰਹੇ।