ਤਣਾਅ ਦੇ ਬਾਵਜੂਦ ਸਰਹੱਦੀ ਲੋਕਾਂ ਦੇ ਹੌਸਲੇ ਬੁਲੰਦ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 5 ਮਈ
ਪਹਿਲਗਾਮ ਹਮਲੇ ਤੋਂ ਬਾਅਦ ਸਰਹੱਦ ’ਤੇ ਬਣੇ ਤਣਾਅ ਵਾਲੇ ਮਾਹੌਲ ਦੌਰਾਨ ਸਰਹੱਦੀ ਪਿੰਡਾਂ ਦੇ ਲੋਕਾਂ ਦਾ ਹੌਸਲਾ ਬੁਲੰਦ ਹੈ ਅਤੇ ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਵਾਂਗ ਦੇਸ਼ ਦੇ ਨਾਲ ਖੜ੍ਹੇ ਹਨ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੱਜ ਸਰਹੱਦੀ ਪਿੰਡਾਂ ਦਾ ਦੌਰਾ ਕੀਤਾ ਅਤੇ ਸਰਹੱਦੀ ਪਿੰਡਾਂ ਦੇ ਲੋਕਾਂ ਨਾਲ ਮਿਲ ਕੇ ਉਨ੍ਹਾਂ ਦਾ ਹੌਸਲਾ ਵਧਾਇਆ।
ਸ੍ਰੀ ਔਜਲਾ ਅੱਜ ਅਟਾਰੀ ਸਰਹੱਦ ਦੇ ਨਾਲ ਲੱਗਦੇ ਪਿੰਡ ਰਾਜਾ ਤਾਲ, ਦਾਉਕੇ, ਰੋੜਾਵਾਲਾ ਖੁਰਦ ਅਤੇ ਧਨੋਏ ਕਲਾਂ ਪੁੱਜੇ ਅਤੇ ਲੋਕਾਂ ਨਾਲ ਮੁਲਾਕਾਤ ਕੀਤੀ ਹੈ। ਸ੍ਰੀ ਔਜਲਾ ਨੇ ਕਿਹਾ ਹੈ ਜੰਗ ਹੋਵੇ ਜਾਂ ਨਾ ਪਰ ਸਰਹੱਦੀ ਲੋਕਾਂ ਨੂੰ ਹਮੇਸ਼ਾ ਹੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਥੇ ਡਰ ਦਾ ਮਾਹੌਲ ਬਣਿਆ ਹੋਇਆ ਹੈ ਪਰ ਉਹ ਸੰਤੁਸ਼ਟ ਹਨ ਕਿ ਸਰਹੱਦ ’ਤੇ ਰਹਿਣ ਵਾਲੇ ਲੋਕਾਂ ਕੋਲ ਕਿਸੇ ਜਵਾਨ ਨਾਲੋਂ ਘੱਟ ਹਿੰਮਤ ਅਤੇ ਹੌਸਲਾ ਨਹੀਂ ਹੈ।
ਸ੍ਰੀ ਔਜਲਾ ਨੇ ਦੱਸਿਆ ਕਿ ਇਸ ਮੁਲਾਕਾਤ ਦੌਰਾਨ ਉਨ੍ਹਾਂ ਦੇਖਿਆ ਕਿ ਮਾਹੌਲ ਭਾਵੇਂ ਤਣਾਅਪੂਰਨ ਹੈ ਪਰ ਲੋਕਾਂ ਦਾ ਮਨੋਬਲ ਉੱਚਾ ਹੈ ਲੋਕ ਸ਼ਾਂਤੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਰਾਏ ਹੈ ਕਿ ਅਤਿਵਾਦੀਆਂ ਨੂੰ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਇਸ ਲਈ ਉਹ ਦੇਸ਼ ਦੇ ਨਾਲ ਹਨ।
ਉਨ੍ਹਾਂ ਸਰਹੱਦੀ ਪਿੰਡਾਂ ਦੀਆਂ ਸੱਥਾਂ ਅਤੇ ਘਰ ਘਰ ਜਾ ਕੇ ਲੋਕਾਂ ਨਾਲ ਮੁਲਾਕਾਤ ਕੀਤੀ। ਸ੍ਰੀ ਔਜਲਾ ਨੇ ਕਿਹਾ ਕਿ ਲੋਕ ਪਹਿਲਾਂ ਵਾਂਗ ਹੀ ਹਰ ਸਥਿਤੀ ਵਿੱਚ ਸਰਹੱਦਾਂ ’ਤੇ ਤਾਇਨਾਤ ਨੀਮ ਫੌਜੀ ਬਲਾਂ ਤੇ ਫੌਜੀ ਬਲਾਂ ਦੇ ਜਵਾਨਾਂ ਦਾ ਡਟ ਕੇ ਸਾਥ ਦੇਣਗੇ। ਇਸੇ ਤਰ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਮੌਜੂਦਾ ਸਥਿਤੀਆਂ ਵਿੱਚ ਆਪਣੀਆਂ ਸਮੱਸਿਆਵਾਂ ਤੋਂ ਵੀ ਜਾਣੂ ਕਰਵਾਇਆ। ਇਸ ਵੇਲੇ ਸਰਹੱਦੀ ਖਿੱਤੇ ਦੇ ਲੋਕ ਤੇਜ਼ੀ ਨਾਲ ਫਸਲਾਂ ਸਾਂਭਣ ਵਿੱਚ ਰੁੱਝੇ ਹੋਏ ਹਨ। ਜ਼ਿਕਰਯੋਗ ਹੈ ਕਿ ਪਹਿਲਗਾਮ ਹਮਲੇ ਤੋਂ ਬਾਅਦ ਅਟਾਰੀ ਸਰਹੱਦ ’ਤੇ ਆਵਾਜਾਈ ਮੁਕੰਮਲ ਤੌਰ ’ਤੇ ਬੰਦ ਹੈ । ਇੱਥੇ ਬੀਐੱਸਐੰਫ ਅਤੇ ਪੰਜਾਬ ਪੁਲੀਸ ਵੱਲੋਂ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।