ਢੱਕੀ ਸਾਹਿਬ ਦਾ ਜਥੇ ਖਨੌਰੀ ਬਾਰਡਰ ਪੁੱਜਿਆ
ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਦੇ ਮੁੱਖ ਸੇਵਾਦਾਰ ਸੰਤ ਦਰਸ਼ਨ ਸਿੰਘ ਖਾਲਸਾ ਵੱਲੋਂ ਉਨ੍ਹਾਂ ਦੇ ਹਜ਼ੂਰੀ ਜਥੇ ਦੇ ਭਾਈ ਗੁਰਦੀਪ ਸਿੰਘ, ਭਾਈ ਭੁਪਿੰਦਰ ਸਿੰਘ, ਭਾਈ ਚਮਕੌਰ ਸਿੰਘ, ਭਾਈ ਰਵਿੰਦਰ ਸਿੰਘ ਅਤੇ ਭਾਈ ਜੀਤ ਸਿੰਘ ਅੱਜ ਵਿਸ਼ੇਸ਼ ਤੌਰ ’ਤੇ ਖਨੌਰੀ ਬਾਰਡਰ ਪਹੁੰਚੇ ਤੇ ਉਨ੍ਹਾਂ ਪਿਛਲੇ 25 ਦਿਨਾਂ ਤੋਂ ਭੁੱਖ ਹੜਤਾਲ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਡੱਲੇਵਾਲ ਨਾਲ ਮੁਲਾਕਾਤ ਕਰਕੇ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਨਾਲ ਜੁੜੀ ਸੰਗਤ ਵੱਲੋਂ ਕਿਸਾਨ ਮੋਰਚੇ ਨੂੰ ਪੂਰਨ ਸਹਿਯੌਗ ਜਾਰੀ ਰੱਖਣ ਦਾ ਭਰੋਸਾ ਦਿੱਤਾ। ਇਸ ਮੌਕੇ ਜਥੇ ਨੇ ਕਿਸਾਨ ਆਗੂਆਂ ਸੁਖਦੇਵ ਸਿੰਘ ਗੁਰਦਾਸਪੁਰ, ਕਰਮਜੀਤ ਸਿੰਘ ਕੋਟ ਆਗਾਂ, ਸਪਿੰਦਰ ਸਿੰਘ ਲੱਲ ਕਲਾਂ ਤੇ ਸੁਖਦੇਵ ਸਿੰਘ ਮੋਹੀ ਨਾਲ ਮੋਰਚੇ ਸਬੰਧੀ ਗੱਲਬਾਤ ਕੀਤੀ
ਉਨ੍ਹਾਂ ਸਰਕਾਰ ਦੇ ਅੜੀਅਲ ਰਵੱਈਏ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਨੂੰ ਦੇਸ਼ ਦੀ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਕਿਸਾਨੀ ਕਿੱਤੇ ਨੂੰ ਸਲਾਮਤ ਰੱਖਣ ਲਈ ਕਿਸਾਨਾਂ ਦੇ ਹੱਕ ’ਚ ਪਹਿਲ ਕਦਮੀ ਕਰਨੀ ਚਾਹੀਦੀ ਹੈ। ਉਨ੍ਹਾਂ ਦੁੱਖ ਪ੍ਰਗਟਾਇਆ ਕਿ ਦੇਸ਼ ਦੇ ਅੰਨ ਦਾਤੇ ਕਿਸਾਨ ਲੰਮੇ ਸਮੇਂ ਤੋਂ ਮਜਬੂਰਨ ਹੱਕਾਂ ਲਈ ਸੰਘਰਸ਼ ਦੇ ਰਾਹ ਪਏ ਹੋਏ ਹਨ।