ਢਾਬੀ ਗੁੱਜਰਾਂ ਬਾਰਡਰ ਮੋਰਚੇ ’ਚ ਕਿਸਾਨ ਪਹਿਰੇ ’ਤੇ ਡਟੇ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 22 ਦਸੰਬਰ
ਢਾਬੀ ਗੁੱਜਰਾਂ ਬਾਰਡਰ ’ਤੇ ਮਰਨ ਵਰਤ ਉੱਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਪ੍ਰਤੀ ਹਮਦਰਦੀ ਅਤੇ ਮੋਰਚੇ ਦੀ ਚੜ੍ਹਦੀਕਲਾ ਲਈ ਲੋਕ ਆਪ ਮੁਹਾਰੇ ਬਾਰਡਰ ’ਤੇ ਪਹੁੰਚ ਕੇ ਸਾਰੀ ਰਾਤ ਪਹਿਰਾ ਦਿੰਦੇ ਹਨ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਕਿਸਾਨਾਂ ਨੂੰ ਖ਼ਦਸ਼ਾ ਹੈ ਕਿ ਕਿਸੇ ਵੀ ਹਰਕਤ ਕਾਰਨ ਸਿਖ਼ਰਾਂ ’ਤੇ ਪਹੁੰਚੇ ਮੋਰਚੇ ਦੀ ਸ਼ਾਂਤੀ ’ਤੇ ਸਵਾਲੀਆ ਚਿੰਨ੍ਹ ਲੱਗ ਸਕਦਾ ਹੈ। ਜਾਣਕਾਰੀ ਅਨੁਸਾਰ ਮੋਰਚੇ ’ਤੇ ਪਿੰਡਾਂ ’ਚੋਂ ਆਏ ਕਿਸਾਨ ਸਾਰੀ ਰਾਤ ਅੱਗ ਬਾਲ ਪਹਿਰਾ ਦਿੰਦੇ ਹਨ।
ਇਸ ਦੌਰਾਨ ਸ਼ੱਕੀਆਂ ਤੋਂ ਪੁੱਛ-ਪੜਤਾਲ ਵੀ ਕੀਤੀ ਜਾਂਦੀ ਹੈ। ਕਿਸਾਨਾਂ ਅਨੁਸਾਰ ਇਥੇ ਬਾਲਣ ਦੀ ਕੋਈ ਘਾਟ ਨਹੀਂ ਲਗਾਤਾਰ ਆਸ ਪਾਸ ਦੇ ਪਿੰਡਾਂ ਵਿੱਚੋਂ ਬਾਲਣ ਦੀਆਂ ਟਰਾਲੀਆਂ ਆ ਰਹੀਆਂ ਹਨ।
ਦਿਨ ਵੇਲੇ ਲੱਕੜ ਦੇ ਇਹ ਮੂੜ੍ਹੇ ਲੋਕਾਂ ਲਈ ਖਿੱਚ ਦਾ ਕੇਂਦਰ ਬਣੇ ਰਹਿੰਦੇ ਹਨ ਤੇ ਲੋਕ ਇਨ੍ਹਾਂ ’ਤੇ ਬੈਠ ਕੇ ਸੈਲਫੀਆਂ ਲੈਂਦੇ ਹਨ। ਦੂਜੇ ਪਾਸੇ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ’ਤੇ ਢਾਬੀ ਗੁੱਜਰਾਂ ਬਾਰਡਰ ’ਤੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਹਰਿਆਣਾ ਸਰਕਾਰ ਵੱਲੋਂ ਕਰੀਬ ਗਿਆਰਾਂ ਮਹੀਨੇ ਤੋਂ ਬਣਾਇਆ ਬਹੁਪਰਤੀ ਬੈਰੀਕੇਡ ਜਿਉਂ ਦਾ ਤਿਉਂ ਹੈ।
ਇਹ ਬੈਰੀਕੇਡ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰਦੇ ਕਿਸਾਨਾਂ ’ਤੇ ਤਿੱਖੀ ਨਜ਼ਰ ਰੱਖਣ ਲਈ ਵਰਤਿਆ ਜਾ ਰਿਹਾ ਹੈ। ਕਿਸਾਨਾਂ ਨੇ ਦੱਸਿਆ ਕਿ ਜਥੇਬੰਦੀਆਂ ਨੇ ਫ਼ੈਸਲਾ ਕੀਤਾ ਸੀ ਕਿ ਬਾਰਡਰ ਖੁੱਲ੍ਹਣ ’ਤੇ ਕਿਸਾਨਾਂ ਦੀਆਂ ਮੰਗਾਂ ਮੰਨਵਾਉਣ ਲਈ ਦਿੱਲੀ ਵੱਲ ਕੂਚ ਕੀਤਾ ਜਾਵੇਗਾ। ਇਸ ਲਈ ਗਿਆਰਾਂ ਮਹੀਨੇ ਤੋਂ ਢਾਬੀ ਗੁੱਜਰਾਂ ਬਾਰਡਰ ਬੰਦ ਪਿਆ ਹੈ।
ਸੰਯੁਕਤ ਕਿਸਾਨ ਮੋਰਚਾ ਗ਼ੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ’ਚ ਕਿਸਾਨਾਂ ਨੂੰ 13 ਫਰਵਰੀ ਨੂੰ ਦਿੱਲੀ ਵੱਲ ਕੂਚ ਕਰਨਾ ਸੀ ਪਰ ਹਰਿਆਣਾ ਸਰਕਾਰ ਨੇ 10 ਫਰਵਰੀ ਨੂੰ ਹੀ ਕੌਮੀ ਮੁੱਖ ਮਾਰਗ ’ਤੇ ਕਿਸਾਨਾਂ ਨੂੰ ਰੋਕਣ ਲਈ ਬਹੁਪਰਤੀ ਰੋਕਾਂ ਲਾ ਦਿੱਤੀਆਂ ਹਨ ਕਿਉਂਕਿ ਕਿਸਾਨ ਦਿੱਲੀ ਨਾ ਜਾ ਸਕਣ। ਬਾਰਡਰ ’ਤੇ ਬੈਰੀਕੇਟ ਲਾਏ ਜਾਣ ਨਾਲ ਕੌਮੀ ਮੁੱਖ ਮਾਰਗ ’ਤੇ ਆਵਾਜਾਈ ’ਚ ਵਿਘਨ ਪੈ ਰਿਹਾ ਹੈ।
ਰਾਹਗੀਰਾਂ ਤੋਂ ਇਲਾਵਾ ਵਪਾਰੀ ਅਤੇ ਸਨਅੱਤੀ ਹਲਕੇ ਕਾਫੀ ਔਖ ਵਿੱਚ ਹਨ। ਕਿਸਾਨ ਜਥੇਬੰਦੀਆਂ ਵਾਰ-ਵਾਰ ਸਪਸ਼ਟ ਕਰ ਚੁੱਕੀਆਂ ਹਨ ਕਿ ਉਨ੍ਹਾਂ ਨੇ ਕੋਈ ਸੜਕ ਨਹੀਂ ਰੋਕੀ ਜਦੋਂ ਕਿ ਹਰਿਆਣਾ ਸਰਕਾਰ ਨੇ ਮੁੱਖ ਮਾਰਗ ਵਿੱਚ ਕਿੱਲਾਂ ਗੱਡਣ, ਕੰਡਿਆਂ ਵਾਲੀ ਤਾਰ ਲਾਉਣ ਅਤੇ ਕੰਕਰੀਟ ਦੀ ਬਹੁਪਰਤੀ ਬੈਰੀਕੇਡਿੰਗ ਕੀਤੀ ਹੈ। ਕੌਮੀ ਮੁੱਖ ਮਾਰਗ ’ਤੇ ਕਿਸਾਨਾਂ ਨੂੰ ਰੋਕਣ ਲਈ ਤਾਇਨਾਤ ਮੁਲਾਜ਼ਮਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਬੈਰੀਕੇਡ ਹਟਾਉਣ ਦੇ ਅਜੇ ਤੱਕ ਕੋਈ ਹੁਕਮ ਨਹੀਂ ਆਏ ਹੁਕਮ ਆਉਣ ’ਤੇ ਇਸ ਨੂੰ ਹਟਾ ਦਿੱਤਾ ਜਾਵੇਗਾ।