For the best experience, open
https://m.punjabitribuneonline.com
on your mobile browser.
Advertisement

ਢਾਡੀਆਂ ਦੇ ਯੁੱਗ ਤੋਂ ਗਾਇਕਾਂ ਤੇ ਅਦਾਕਾਰਾਂ ਤੱਕ ਦਾ ਸਫ਼ਰ..!

08:49 AM Mar 30, 2024 IST
ਢਾਡੀਆਂ ਦੇ ਯੁੱਗ ਤੋਂ ਗਾਇਕਾਂ ਤੇ ਅਦਾਕਾਰਾਂ ਤੱਕ ਦਾ ਸਫ਼ਰ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 29 ਮਾਰਚ
ਪੰਜਾਬ ਵਿਚ ਇੱਕ ਉਹ ਵੇਲਾ ਸੀ ਜਦੋਂ ਸਿਆਸੀ ਧਿਰਾਂ ਵੱਲੋਂ ਕਵੀਸ਼ਰ ਤੇ ਢਾਡੀ ਚੋਣ ਪਿੜ ’ਚ ਉਤਾਰੇ ਜਾਂਦੇ ਸਨ ਜਿਨ੍ਹਾਂ ਦੀ ਝੋਲੀ ’ਚ ਵਿਰਸੇ ਤੇ ਇਤਿਹਾਸ ਦਾ ਖਜ਼ਾਨਾ ਹੁੰਦਾ ਸੀ। ਉਹ ਚਮਕ ਦਮਕ ਤੋਂ ਦੂਰ ਹੁੰਦੇ ਤੇ ਲੋਕ ਉਮੀਦਾਂ ਦੇ ਨੇੜੇ ਹੁੰਦੇ ਸਨ। ਦੂਜਾ, ਅੱਜ ਦਾ ਜ਼ਮਾਨਾ ਹੈ ਜਦੋਂ ਸਿਆਸੀ ਪਾਰਟੀਆਂ ਮਹਿਜ਼ ਚੋਣਾਂ ਜਿੱਤਣ ਖਾਤਰ ਅਦਾਕਾਰਾਂ ਨੂੰ ਚੋਣ ਮੈਦਾਨ ’ਚ ਉਮੀਦਵਾਰ ਬਣਾਉਂਦੀਆਂ ਹਨ। ਬਹੁਤੀ ਪੁਰਾਣੀ ਗੱਲ ਨਹੀਂ ਜਦੋਂ ਉਮੀਦਵਾਰ ਆਪਣੇ ਚੋਣ ਜਲਸੇ ਬਣਾਉਣ ਖਾਤਰ ਕਲਾਕਾਰਾਂ ਨੂੰ ਸਟੇਜਾਂ ’ਤੇ ਲਿਆਉਂਦੇ ਸਨ ਪਰ ਹੁਣ ਕਲਾਕਾਰਾਂ ਨੂੰ ਹੀ ਟਿਕਟਾਂ ਮਿਲਣ ਲੱਗੀਆਂ ਹਨ।
ਸ਼੍ਰੋਮਣੀ ਅਕਾਲੀ ਦਲ ਨੇ 1977 ’ਚ ਬਠਿੰਡਾ ਸੰਸਦੀ ਹਲਕੇ ਤੋਂ ਕਵੀਸ਼ਰ ਧੰਨਾ ਸਿੰਘ ਗੁਲਸ਼ਨ ਨੂੰ ਟਿਕਟ ਦਿੱਤੀ ਅਤੇ ਗੁਲਸ਼ਨ 2.62 ਲੱਖ ਵੋਟਾਂ ਲੈ ਕੇ ਚੋਣ ਜਿੱਤੇ ਅਤੇ ਬਾਅਦ ’ਚ ਕੇਂਦਰੀ ਮੰਤਰੀ ਵੀ ਬਣੇ। ਦੂਜਾ ਨਾਮ ਬਲਵੰਤ ਸਿੰਘ ਰਾਮੂਵਾਲੀਆ ਦਾ ਹੈ ਜਿਹੜੇ ਕੇਂਦਰੀ ਮੰਤਰੀ ਦੇ ਅਹੁਦੇ ਤੱਕ ਪੁੱਜੇ ਅਤੇ ਉਨ੍ਹਾਂ ਨੇ ਆਪਣੀ ਲੋਕ ਭਲਾਈ ਪਾਰਟੀ ਵੀ ਬਣਾਈ। ਰਾਮੂਵਾਲੀਏ ਦਾ ਢਾਡੀ ਜਥਾ ਬਹੁਤ ਮਸ਼ਹੂਰ ਹੁੰਦਾ ਸੀ, ਉਨ੍ਹਾਂ ਦੇ ਭਰਾ ਇਕਬਾਲ ਸਿੰਘ ਅਤੇ ਰਛਪਾਲ ਸਿੰਘ ਵੀ ਜਥੇ ’ਚ ਹੁੰਦੇ ਸਨ।
ਰਾਮੂਵਾਲੀਆ ਨੇ ਸੰਗਰੂਰ ਤੋਂ 1985 ’ਚ ਅਕਾਲੀ ਟਿਕਟ ’ਤੇ 2.88 ਲੱਖ ਵੋਟਾਂ ਹਾਸਲ ਕਰ ਕੇ ਚੋਣ ਜਿੱਤੀ। ਅਕਾਲੀ ਨੇਤਾ ਅਤੇ ਢਾਡੀ ਗੁਰਦੇਵ ਸਿੰਘ ਬਾਦਲ ਹਲਕਾ ਪੰਜਗਰਾਈਂ ਤੋਂ 1977 ਤੋਂ 2002 ਤੱਕ ਪੰਜ ਦਫਾ ਵਿਧਾਇਕ ਰਹੇ ਅਤੇ ਫਿਰ ਖੇਤੀ ਮੰਤਰੀ ਵੀ ਬਣੇ। ਕਵੀਸ਼ਰ ਗੁਰਦੇਵ ਸਿੰਘ ਸ਼ਾਂਤ ਹਲਕਾ ਨਿਹਾਲ ਸਿੰਘ ਵਾਲਾ ਤੋਂ 1977 ’ਚ 26,345 ਵੋਟਾਂ ਲੈ ਕੇ ਵਿਧਾਇਕ ਬਣੇ ਸਨ ਜਦੋਂ ਕਿ ਸਿੱਖ ਪ੍ਰਚਾਰਕ ਕੁੰਦਨ ਸਿੰਘ ਪਤੰਗ ਹਲਕਾ ਭਦੌੜ ਤੋਂ ਚਾਰ ਦਫਾ ਲਗਾਤਾਰ 1972 ਤੋਂ 1985 ਤੱਕ ਵਿਧਾਇਕ ਬਣੇ ਅਤੇ ਇੱਕ ਦਫਾ ਮੰਤਰੀ ਵੀ ਬਣੇ। ਅਕਾਲੀ ਟਿਕਟ ’ਤੇ ਸਿੱਖ ਪ੍ਰਚਾਰਕ ਤੇਜਾ ਸਿੰਘ ਦਰਦੀ ਵੀ ਬਠਿੰਡਾ ਹਲਕੇ ਤੋਂ 2.60 ਲੱਖ ਵੋਟਾਂ ਲੈ ਕੇ ਸੰਸਦ ਮੈਂਬਰ ਬਣੇ ਸਨ।
ਸਾਬਕਾ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਆਖਦੇ ਹਨ ਕਿ ਉਨ੍ਹਾਂ ਵੇਲਿਆਂ ’ਚ ਸਮਾਜ ਅਤੇ ਦੇਸ਼ ਪ੍ਰਤੀ ਆਗੂਆਂ ਦੀ ਪ੍ਰਤੀਬੱਧਤਾ ਹੁੰਦੀ ਸੀ ਅਤੇ ਵਿਧਾਇਕ ਤੇ ਐੱਮਪੀ ਬਣਨ ਵਾਲੇ ਲੋਕ ਸਰੋਕਾਰਾਂ ਨਾਲ ਜੁੜੇ ਹੁੰਦੇ ਸਨ। ਦੇਖਿਆ ਜਾਵੇ ਤਾਂ ਗਾਇਕਾਂ ਅਤੇ ਫਿਲਮੀ ਕਲਾਕਾਰਾਂ ਨੂੰ ਪੰਜਾਬ ਦੀ ਸਿਆਸਤ ’ਚ ਬਹੁਤੀ ਸਫਲਤਾ ਨਹੀਂ ਮਿਲੀ। ਜਦੋਂ ਪੰਜਾਬ ਵਿਚ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਤੂਤੀ ਬੋਲਦੀ ਸੀ ਤਾਂ ਉਦੋਂ ਕੁਲਦੀਪ ਮਾਣਕ ਨੇ ਸਾਲ 1996 ਵਿਚ ਆਜ਼ਾਦ ਉਮੀਦਵਾਰ ਵਜੋਂ ਬਠਿੰਡਾ ਹਲਕੇ ਤੋਂ ਚੋਣ ਲੜੀ ਸੀ। ਉਨ੍ਹਾਂ ਨੂੰ ਸਿਰਫ 23,090 ਵੋਟਾਂ ਪਈਆਂ ਸਨ ਅਤੇ ਉਹ ਅਕਾਲੀ ਉਮੀਦਵਾਰ ਹਰਿੰਦਰ ਸਿੰਘ ਨਾਰਵੇ ਤੋਂ ਚੋਣ ਹਾਰੇ ਸਨ।
ਇਸ ਗੱਲੋਂ ਮੁਹੰਮਦ ਸਦੀਕ ਕਿਸਮਤ ਵਾਲਾ ਰਿਹਾ। ਉਸ ਨੇ ਪਹਿਲਾਂ ਕਾਂਗਰਸੀ ਟਿਕਟ ’ਤੇ ਭਦੌੜ ਹਲਕੇ ਤੋਂ ਸਾਲ 2012 ਵਿਚ 52,825 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ ਅਤੇ ਫਿਰ ਸਾਲ 2019 ਵਿਚ ਫਰੀਦਕੋਟ ਹਲਕੇ ਤੋਂ ਲੋਕ ਸਭਾ ਚੋਣ ਜਿੱਤੀ। ਇਹ ਵੱਖਰੀ ਗੱਲ ਹੈ ਕਿ ਉਹ ਆਪਣੀ ਕਾਰਗੁਜ਼ਾਰੀ ਦਾ ਕੋਈ ਜਲਵਾ ਨਹੀਂ ਦਿਖਾ ਸਕੇ। ਫਿਲਮ ਅਦਾਕਾਰ ਵਿਨੋਦ ਖੰਨਾ ਨੂੰ ਗੁਰਦਾਸਪੁਰ ਹਲਕੇ ਨੇ ਚਾਰ ਦਫਾ ਮਾਣ ਬਖਸ਼ਿਆ ਅਤੇ ਉਹ 1998, 1999, 2004 ਅਤੇ ਸਾਲ 2014 ਵਿਚ ਇਸ ਹਲਕੇ ਤੋਂ ਭਾਜਪਾ ਦੀ ਟਿਕਟ ’ਤੇ ਸੰਸਦ ਮੈਂਬਰ ਬਣੇ।
ਦੂਜੇ ਪਾਸੇ ਅਦਾਕਾਰ ਸਨੀ ਦਿਓਲ ਨੇ 2019 ਵਿਚੋਂ ਇਸ ਹਲਕੇ ਤੋਂ ਜਿੱਤ ਕੇ ਮੁੜ ਕਦੇ ਹਲਕੇ ’ਚ ਮੂੰਹ ਨਹੀਂ ਦਿਖਾਇਆ। ਪੰਜਾਬੀ ਗਾਇਕ ਕੇ.ਐਸ.ਮੱਖਣ ਨੇ ਹਲਕਾ ਆਨੰਦਪੁਰ ਸਾਹਿਬ ਤੋਂ ਬਸਪਾ ਦੀ ਟਿਕਟ ’ਤੇ ਸਾਲ 2014 ਵਿਚ ਚੋਣ ਲੜੀ ਅਤੇ ਉਨ੍ਹਾਂ ਨੂੰ 69,124 ਵੋਟਾਂ ਮਿਲੀਆਂ ਪਰ ਉਹ ਚੋਣ ਹਾਰ ਗਏ ਸਨ। ਫਿਲਮੀ ਕਲਾਕਾਰ ਜੱਸੀ ਜਸਰਾਜ ਨੇ ਲੋਕ ਇਨਸਾਫ ਪਾਰਟੀ ਵੱਲੋਂ ਸੰਗਰੂਰ ਲੋਕ ਸਭਾ ਹਲਕੇ ਤੋਂ ਸਾਲ 2019 ਵਿਚ ਚੋਣ ਲੜੀ ਅਤੇ ਉਨ੍ਹਾਂ ਨੂੰ ਮਹਿਜ਼ 20,087 (1.81 ਫੀਸਦੀ) ਵੋਟਾਂ ਮਿਲੀਆਂ। ਕਾਂਗਰਸ ਤਰਫੋਂ ਸਾਹਨੇਵਾਲ ਹਲਕੇ ਤੋਂ ਸਾਲ 2017 ਵਿਚ ਚੋਣ ਮੈਦਾਨ ਵਿਚ ਉੱਤਰੀ ਸਤਵਿੰਦਰ ਬਿੱਟੀ ਨੂੰ 58,633 ਵੋਟਾਂ ਮਿਲੀਆਂ ਅਤੇ ਉਹ ਚੋਣ ਹਾਰ ਗਈ। ਨਾਮੀ ਕਲਾਕਾਰ ਗੁਰਪ੍ਰੀਤ ਘੁੱਗੀ ‘ਆਪ’ ਉਮੀਦਵਾਰ ਵਜੋਂ ਬਟਾਲਾ ਹਲਕੇ ਤੋਂ ਸਾਲ 2017 ਵਿਚ ਚੋਣ ਹਾਰ ਗਏ ਸਨ ਅਤੇ ਉਨ੍ਹਾਂ ਨੂੰ 34,302 ਵੋਟਾਂ ਮਿਲੀਆਂ ਸਨ। ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਨੂੰ ਕਾਂਗਰਸ ਨੇ ਸਾਲ 2022 ਵਿਚ ਮਾਨਸਾ ਤੋਂ ਉਮੀਦਵਾਰ ਬਣਾਇਆ ਪ੍ਰੰਤੂ ਉਹ ਚੋਣ ਹਾਰ ਗਏ ਅਤੇ ਉਨ੍ਹਾਂ ਨੂੰ 36,700 ਵੋਟਾਂ ਹੀ ਮਿਲੀਆਂ।
ਨਾਮੀ ਗਾਇਕ ਹੰਸ ਰਾਜ ਹੰਸ ਨੂੰ ਅਕਾਲੀ ਦਲ ਨੇ ਸਾਲ 2009 ਵਿਚ ਜਲੰਧਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ ਤੇ ਉਨ੍ਹਾਂ ਨੂੰ 3.71 ਲੱਖ ਵੋਟਾਂ ਮਿਲੀਆਂ ਪਰ ਚੋਣ ਹਾਰ ਗਏ ਪ੍ਰੰਤੂ ਮਗਰੋਂ ਸਾਲ 2019 ਵਿਚ ਉਹ ਭਾਜਪਾ ਦੀ ਟਿਕਟ ’ਤੇ ਦਿੱਲੀ ਤੋਂ ਸੰਸਦ ਮੈਂਬਰ ਬਣੇ।

Advertisement

ਸਟੇਜ ਤੋਂ ਵੱਡੀ ਕੁਰਸੀ ਤੱਕ ਪੁੱਜੇ ਭਗਵੰਤ ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਇੱਕ ਨਾਮੀ ਕਲਾਕਾਰ ਰਹੇ ਹਨ ਜਿਹੜੇ ਪਹਿਲਾਂ ਦੋ ਦਫਾ ਸੰਗਰੂਰ ਤੋਂ ਸੰਸਦ ਮੈਂਬਰ ਬਣੇ ਅਤੇ ਹੁਣ ਮੁੱਖ ਮੰਤਰੀ ਦੇ ਅਹੁਦੇ ਤੱਕ ਪੁੱਜੇ ਹਨ। ਉਨ੍ਹਾਂ ਦੀ ਵਜ਼ਾਰਤ ’ਚ ਅਨਮੋਲ ਗਗਨ ਮਾਨ ਵੀ ਕਲਾਕਾਰ ਹਨ। ਰਾਮਪੁਰਾ ਤੋਂ ਬਲਕਾਰ ਸਿੱਧੂ ਵੀ ਗਾਇਕ ਹਨ ਅਤੇ ਨਾਭਾ ਤੋਂ ਵਿਧਾਇਕ ਦੇਵ ਮਾਨ ਵੀ ਗਾਇਕੀ ਦਾ ਸ਼ੌਕ ਰੱਖਦੇ ਹਨ। ਮੌਜੂਦਾ ਲੋਕ ਸਭਾ ਚੋਣਾਂ ਵਿਚ ਫਰੀਦਕੋਟ ਹਲਕੇ ਤੋਂ ਫਿਲਮੀ ਕਲਾਕਾਰ ਕਰਮਜੀਤ ਅਨਮੋਲ ਵੀ ‘ਆਪ’ ਤਰਫੋਂ ਚੋਣ ਮੈਦਾਨ ਵਿਚ ਹਨ।

Advertisement
Author Image

sukhwinder singh

View all posts

Advertisement
Advertisement
×