ਡੱਲੇਵਾਲ ਦੀ ਸਿਹਤ ਚਿੰਤਾਜਨਕ: ਆਸੀ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 24 ਦਸੰਬਰ
ਦਿੱਲੀ-ਸੰਗਰੂਰ ਕੌਮੀ ਮਾਰਗ ਢਾਬੀ ਗੁੱਜਰਾ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 28ਵੇਂ ਦਿਨ ਵਿੱਚ ਦਾਖਲ ਹੋ ਗਿਆ ਅਤੇ ਉਨ੍ਹਾਂ ਦੀ ਸਿਹਤ ਲਗਾਤਾਰ ਨਿਘਾਰ ਵੱਲ ਜਾ ਰਹੀ ਹੈ, ਜਿਸ ਕਾਰਨ ਉਨ੍ਹਾਂ ਦੀ ਸਿਹਤ ਅਤਿ ਚਿੰਤਾਜਨਕ ਬਣੀ ਹੋਈ ਹੈ। ਸੰਯੁਕਤ ਜਵਾਨ ਮੋਰਚਾ ਪੰਜਾਬ ਦੇ ਸਰਗਰਮ ਆਗੂ ਸ਼ਮਸ਼ੇਰ ਸਿੰਘ ਆਸੀ ਕਲਾਂ ਨੇ ਅੱਜ ਇੱਥੇ ਦੱਸਿਆ ਹੈ ਕਿ ਸ੍ਰੀ ਡੱਲੇਵਾਲ ਦੇ ਡਾਕਟਰਾਂ ਮੁਤਾਬਕ ਉਨ੍ਹਾਂ ਦੇ ਅੰਦਰੂਨੀ ਅੰਗ ਖ਼ਰਾਬ ਹੋ ਰਹੇ ਹਨ, ਜਿਨ੍ਹਾਂ ਦਾ ਇਲਾਜ ਸੰਭਵ ਨਹੀਂ ਹੈ।
ਭਾਈ ਸ਼ਮਸ਼ੇਰ ਸਿੰਘ ਆਸੀ ਨੇ ਦੱਸਿਆ ਕਿ ਡੱਲੇਵਾਲ ਨੇ ਕਿਸਾਨੀ ਦੇ ਭਵਿੱਖ ਲਈ ਆਪਣੀ ਜ਼ਿੰਦਗੀ ਦਾਅ ’ਤੇ ਲਾਈ ਹੋਈ ਹੈ ਪਰ ਕੇਂਦਰ ਸਰਕਾਰ ਨੇ ਖੇਤੀ ਨੀਤੀ ਤਹਿਤ ਤਿਆਰ ਕੀਤਾ ਹੋਇਆ ਖਰੜਾ ਸੂਬਾ ਸਰਕਾਰਾਂ ਨੂੰ ਭੇਜਿਆ ਹੈ ਜੋ ਕਿਸਾਨੀ ਨੂੰ ਤਬਾਹ ਕਰਨ ਵਾਲਾ ਹੈ ਅਤੇ ਉਹ ਮੌਤ ਦੇ ਵਾਰੰਟਾਂ ਤੋਂ ਘੱਟ ਨਹੀਂ ਹੈ। ਉਨ੍ਹਾਂ ਕਿਹਾ ਕਿ ਡੱਲੇਵਾਲ ਨੇ ਕਿਸਾਨਾਂ ਨੂੰ ਮੁੜ ਇਕਜੁੱਟ ਕਰ ਦਿੱਤਾ ਹੈ ਅਤੇ ਸੰਯੁਕਤ ਜਵਾਨ ਮੋਰਚਾ ਪੰਜਾਬ ਦੇ ਸੱਦੇ ਤਹਿਤ ਪੰਜਾਬ ਭਰ ਤੋਂ ਭਾਰੀ ਸਾਬਕਾ ਸੈਨਿਕਾਂ ਦਾ ਜੱਥਾ ਕਿਸਾਨ ਆਗੂ ਦਾ ਹਾਲ ਜਾਣਨ ਲਈ ਪਹੁੰਚਿਆ ਹੈ।