ਡੱਬਵਾਲੀ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਕਮੇਟੀ ਕੋਲ ਪੁੱਜੀ
ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 26 ਦਸੰਬਰ
ਡੱਬਵਾਲੀ ਨੂੰ ਜ਼ਿਲ੍ਹਾ ਬਣਾਉਣ ਬਾਰੇ ਕੋਈ ਮਤਾ ਆਉਣ ਬਾਰੇ ਨਵ-ਜ਼ਿਲ੍ਹਾ ਗਠਨ ਕਮੇਟੀ ਦੇ ਪ੍ਰਧਾਨ ਦੇ ਕਥਨਾਂ ਨੇ ਡੱਬਵਾਲੀ ਦੀ ਸਿਆਸਤ ਨੂੰ ਭਖਾ ਦਿੱਤਾ ਹੈ। ਹੁਣ ਡੱਬਵਾਲੀ ਨੂੰ ਪੂਰਨ ਤੌਰ ’ਤੇ ਜ਼ਿਲ੍ਹਾ ਬਣਾਉਣ ਦੀ ਮੰਗ ਵੱਡੀਆਂ ਸਿਆਸੀ ਬਰੂਹਾਂ ਤੇਜਾਖੇੜਾ ਫ਼ਾਰਮ ਹਾਊਸ ਤੋਂ ਸਿੱਧੀ ਸੂਬਾ ਸਰਕਾਰ ਅਤੇ ਨਵ-ਜ਼ਿਲ੍ਹਾ ਗਠਨ ਕਮੇਟੀ ਦੇ ਹੱਥਾਂ ਵਿੱਚ ਜਾ ਪੁੱਜੀ ਹੈ। ਡੱਬਵਾਲੀ ਦੇ ਵਿਧਾਇਕ ਅਦਿੱਤਿਆ ਦੇਵੀਲਾਲ ਨੇ ਅੱਜ ਡੱਬਵਾਲੀ ਨੂੰ ਪੂਰਨ ਜ਼ਿਲ੍ਹਾ ਬਣਾਉਣ ਲਈ ਨਵ ਜ਼ਿਲ੍ਹਾ ਗਠਨ ਕਮੇਟੀ ਦੇ ਮੈਂਬਰ ਅਤੇ ਕੈਬਨਿਟ ਮੰਤਰੀ ਵਿਪੁਲ ਗੋਇਲ ਨੂੰ ਮੰਗ ਪੱਤਰ ਸੌਂਪਿਆ। ਕੈਬਨਿਟ ਮੰਤਰੀ ਅੱਜ ਸਾਬਕਾ ਮੁੱਖ ਮੰਤਰੀ ਮਰਹੂਮ ਚੌਧਰੀ ਓਮ ਪ੍ਰਕਾਸ਼ ਚੌਟਾਲਾ ਨੂੰ ਸ਼ਰਧਾਂਜਲੀ ਭੇਟ ਕਰਨ ਤੇਜਾਖੇੜਾ ਫ਼ਾਰਮ ਹਾਊਸ ਪੁੱਜੇ ਸਨ।
ਇਸ ਮੌਕੇ ਡੱਬਵਾਲੀ ਦੇ ਵਿਧਾਇਕ ਅਦਿੱਤਿਆ ਦੇਵੀ ਲਾਲ ਦੀ ਅਗਵਾਈ ਹੇਠਲੇ ਵਫ਼ਦ ਨੇ ਕੈਬਨਿਟ ਮੰਤਰੀ ਦੇ ਸਨਮੁੱਖ ਡੱਬਵਾਲੀ ਨੂੰ ਜ਼ਿਲ੍ਹਾ ਬਣਾਉਣ ਬਾਰੇ ਨੀਤੀਗਤ ਤੱਥਾਂ ਸਮੇਤ ਮਾਮਲਾ ਰੱਖਿਆ। ਇਸ ਮੌਕੇ ਸੀਨੀਅਰ ਇਨੈਲੋ ਆਗੂ ਸੰਦੀਪ ਚੌਧਰੀ, ਇਨੈਲੋ ਦੇ ਸ਼ਹਿਰੀ ਪ੍ਰਧਾਨ ਸੰਦੀਪ ਗਰਗ, ਨਗਰ ਪਰਿਸ਼ਦ ਦੇ ਚੇਅਰਮੈਨ ਟੇਕਚੰਦ ਛਾਬੜਾ ਅਤੇ ਹੋਰ ਸ਼ਹਿਰ ਵਾਸੀ ਮੌਜੂਦ ਸਨ। ਜ਼ਿਕਰਯੋਗ ਕਿ ਬੀਤੇ ਦਿਨ੍ਹੀਂ ਡੱਬਵਾਲੀ ਨੂੰ ਜ਼ਿਲ੍ਹਾ ਬਣਾਉਣ ਬਾਰੇ ਕੋਈ ਮਤਾ ਨਾ ਆਉਣ ਬਾਰੇ ਜ਼ਿਲ੍ਹਾ ਗਠਨ ਕਮੇਟੀ ਦੇ ਪ੍ਰਧਾਨ ਕ੍ਰਿਸ਼ਣ ਲਾਲ ਪੰਵਾਰ ਦੇ ਕਥਨ ਸਾਹਮਣੇ ਆਏ ਸਨ, ਜਿਸ ਨੂੰ ਲੈ ਕੇ ਸਿਆਸੀ ਮਸਲਾ ਖੜ੍ਹਾ ਹੋ ਗਿਆ। ਵਿਧਾਇਕ ਅਦਿੱਤਿਆ ਦੇਵੀਲਾਲ ਨੇ ਮੰਤਰੀ ਵਿਪੁਲ ਗੋਇਲ ਦੇ ਸੌਂਪੇ ਮੰਗ ਪੱਤਰ ਵਿੱਚ ਪ੍ਰਦੇਸ਼ ਦੇ ਸੰਭਾਵਿਤ ਸਾਰੇ ਨਵੇਂ ਜ਼ਿਲ੍ਹਾ ਗਠਨ ਨਾਲ ਜੁੜੇ ਸ਼ਹਿਰਾਂ ਦੇ ਖੇਤਰਫ਼ਲ, ਜ਼ਿਲ੍ਹਾ ਮੁੱਖ ਦਫ਼ਤਰਾਂ ਤੋਂ ਦੂਰੀ ਦਾ ਜ਼ਿਕਰ ਕੀਤਾ ਅਤੇ ਬੁਨਿਆਦੀ ਲੋੜਾਂ ਤੱਥਾਂ ਪੱਖੋਂ ਡੱਬਵਾਲੀ ਨੂੰ ਜ਼ਿਲ੍ਹਾ ਦਾ ਦਰਜਾ ਦਿੱਤੇ ਜਾਣ ਦਾ ਆਧਾਰ ਸਭ ਤੋਂ ਮਜ਼ਬੂਤ ਦੱਸਿਆ।
ਮੰਗ ਪੱਤਰ ਵਿੱਚ ਕਿਹਾ ਕਿ ਡੱਬਵਾਲੀ ਸਬਡਿਵੀਜ਼ਨ ਸਿਰਸਾ ਜ਼ਿਲ੍ਹੇ ਦਾ ਆਬਾਦੀ ਅਤੇ ਪਿੰਡਾਂ ਦੇ ਲਿਹਾਜ਼ ਨਾਲ ਵੱਡਾ ਖੇਤਰ ਹੈ। ਸਿਰਸਾ ਜ਼ਿਲ੍ਹਾ 4277 ਵਰਗ ਕਿਲੋਮੀਟਰ ਵਿੱਚ ਫੈਲਿਆ ਹੈ, ਪੰਚਕੂਲਾ ਸਿਰਬ 898 ਵਰਗ ਕਿਲੋਮੀਟਰ ਦੇ ਨਾਲ ਸਭ ਤੋਂ ਛੋਟਾ ਜ਼ਿਲ੍ਹਾ ਹੈ। ਡੱਬਵਾਲੀ 1058.33 ਵਰਗ ਕਿਲੋਮੀਟਰ ਵਿੱਚ ਫੈਲਿਆ ਹੈ। ਇਸ ਤੋਂ ਇਲਾਵਾ ਡੱਬਵਾਲੀ ਸ਼ਹਿਰ ਦੇ ਲੋਕਾਂ ਨੂੰ ਜ਼ਿਲ੍ਹਾ ਹੈੱਡ ਕੁਆਰਟਰ ਸਿਰਸਾ ਦੀ 60 ਕਿਲੋਮੀਟਰ ਦੂਰੀ ਅਤੇ ਕਾਫ਼ੀ ਪਿੰਡਾਂ ਦੀ ਦੂਰੀ ਕਰੀਬ 70 ਕਿਲੋਮੀਟਰ ਹੈ। ਜਦਕਿ ਹਰਿਆਣਾ ’ਚ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਦੀ ਦੂਰੀ 40-45 ਕਿਲੋਮੀਟਰ ਤੋ ਵੱਧ ਨਹੀਂ ਹੈ।
ਵਿਧਾਇਕ ਨੇ ਮੰਤਰੀ ਵਿਪੁਲ ਗੋਇਲ ਨੂੰ ਦੱਸਿਆ ਡੱਬਵਾਲੀ ਨੂੰ ਜ਼ਿਲ੍ਹਾ ਦਾ ਦਰਜਾ ਦੇਣ ਬਾਰੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਵੀ ਇਸ ਮੰਗ ’ਤੇ ਵਿਚਾਰ ਕੀਤਾ ਸੀ। ਉਨ੍ਹਾਂ ਹਰਿਆਣਾ ਸਰਕਾਰ ਤੇ ਨਵ ਜ਼ਿਲ੍ਹਾ ਗਠਨ ਕਮੇਟੀ ਤੋਂ ਡੱਬਵਾਲੀ ਉਪਮੰਡਲ ਦੀ ਆਬਾਦੀ, ਵੋਟਰ ਗਿਣਤੀ, ਖੇਤਰਫਲ, ਪਿੰਡਾਂ ਦੀ ਗਿਣਤੀ ਦੇ ਸਾਲ 2024 ਦੇ ਨਵੇਂ ਅੰਕੜੇ ਮੰਗਵਾ ਕੇ ਡੱਬਵਾਲੀ ਨੂੰ ਜ਼ਿਲ੍ਹਾ ਬਣਾਉਣ ਦੀ ਦਿਸ਼ਾ ਵਿੱਚ ਛੇਤੀ ਕਦਮ ਵਧਾਉਣ ਦੀ ਮੰਗ ਕੀਤੀ।