ਡੌਂਕਰਾਂ ਦੇ ਜਾਲ ’ਚੋਂ ਸੱਤ ਪੰਜਾਬੀ ਛੁਡਵਾਏ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 16 ਮਈ
ਪਰਵਾਸੀ ਭਾਰਤੀ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦਾਅਵਾ ਕੀਤਾ ਕਿ ਡੌਂਕਰਾਂ ਦੇ ਜਾਲ ’ਚ ਫਸੇ ਸੱਤ ਪੰਜਾਬੀ ਮੁੰਡਿਆਂ ਨੂੰ ਛੁਡਵਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਕੋਲੰਬੀਆ ਤੋਂ ਆਈ ਵੀਡੀਓ, ਜਿਸ ਵਿੱਚ ਕੁਝ ਪੰਜਾਬੀ ਮੁੰਡਿਆਂ ਨੂੰ ਉੱਥੇ ਡੌਂਕਰਾਂ ਵੱਲੋਂ ਅਗਵਾ ਕਰ ਕੇ ਫਿਰੌਤੀ ਮੰਗੀ ਜਾ ਰਹੀ ਸੀ, ਉੱਤੇ ਤੁਰੰਤ ਕਾਰਵਾਈ ਕਰਦਿਆਂ ਸੱਤ ਪੰਜਾਬੀ ਮੁੰਡਿਆਂ ਨੂੰ ਛੁਡਵਾ ਲਿਆ ਗਿਆ ਹੈ। ਇਸ ਸਬੰਧੀ ਸ੍ਰੀ ਧਾਲੀਵਾਲ ਨੇ ਦੱਸਿਆ ਕਿ ਇਹ ਵੀਡੀਓ ਮਿਲਣ ਮਗਰੋਂ ਉਨ੍ਹਾਂ ਨੇ ਤੁਰੰਤ ਵਿਦੇਸ਼ ਵਿਭਾਗ ਰਾਹੀਂ ਕੋਲੰਬੀਆਂ ਦੇ ਦੂਤਘਰ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਕੁਝ ਹੀ ਘੰਟਿਆਂ ਵਿੱਚ ਕਾਰਵਾਈ ਕਰਦਿਆਂ ਉਕਤ ਮੁੰਡਿਆਂ ਨਾਲ ਰਾਬਤਾ ਕਾਇਮ ਕਰ ਲਿਆ। ਇਨ੍ਹਾਂ ਵਿੱਚੋਂ ਦੋ ਪੰਜਾਬੀ ਮੁੰਡੇ ਕੋਲੰਬੀਆ ਤੋਂ ਵਾਪਸ ਦਿੱਲੀ ਪਹੁੰਚ ਚੁੱਕੇ ਹਨ ਜਦ ਕਿ ਬਾਕੀ ਪੰਜ ਮੁੰਡੇ ਕੋਲੰਬੀਆ ਦੂਤਘਰ ਦੇ ਸੰਪਰਕ ਵਿੱਚ ਹਨ ਅਤੇ ਆਉਣ ਵਾਲੇ ਇੱਕ ਦੋ ਦਿਨਾਂ ਵਿੱਚ ਉਹ ਵੀ ਵਾਪਸ ਭਾਰਤ ਪਹੁੰਚ ਜਾਣਗੇ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਗਲਤ ਤਰੀਕਿਆਂ ਰਾਹੀਂ ਵਿਦੇਸ਼ ਨਾ ਭੇਜਣ। ਉਨ੍ਹਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਇੱਥੇ ਕੋਈ ਕਾਰੋਬਾਰ ਕਰ ਕੇ ਵਧੀਆ ਰੋਟੀ ਪਾਣੀ ਦਾ ਪ੍ਰਬੰਧ ਕਰਨ, ਜਿਸ ਨਾਲ ਜਿੱਥੇ ਉਹ ਆਪ ਵਧੀਆ ਪੈਸੇ ਕਮਾ ਸਕਣਗੇ ਉੱਥੇ ਉਹ ਕਈਆਂ ਨੂੰ ਰੁਜ਼ਗਾਰ ਵੀ ਦੇ ਸਕਣਗੇ।