ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡੈੱਡ ਲਾਈਨ

04:01 AM Apr 20, 2025 IST
featuredImage featuredImage

ਮਰਹੂਮ ਕਹਾਣੀਕਾਰ ਪ੍ਰੇਮ ਪ੍ਰਕਾਸ਼ ਨੇ ਮਨੁੱਖੀ ਰਿਸ਼ਤਿਆਂ ਦੀਆਂ ਗੁੰਝਲਾਂ ਬਾਰੇ ਕਹਾਣੀਆਂ ਲਿਖੀਆਂ। ਹਥਲੀ ਕਹਾਣੀ ‘ਡੈੱਡ ਲਾਈਨ’ ਵੀ ਇਸੇ ਕਿਸਮ ਦੀ ਕਹਾਣੀ ਹੈ। ਇਹ ਕਹਾਣੀਕਾਰ ਜਿੰਦਰ ਦੁਆਰਾ ਸੰਪਾਦਿਤ ਕਿਤਾਬ ‘ਪ੍ਰੇਮ, ਸੰਤਾਪ ਤੇ ਮੁਕਤੀ: ਚੋਣਵੀਆਂ ਕਹਾਣੀਆਂ’ ਵਿੱਚੋਂ ਹੂ-ਬ-ਹੂ ਲਈ ਗਈ ਹੈ।

Advertisement

 

ਸਤਪਾਲ, ਐੱਸ.ਪੀ. ਆਨੰਦ, ਸੱਤੀ ਜਾਂ ਪਾਲੀ- ਮਰਨ ਵਾਲੇ ਦੇ ਹੀ ਨਾਂ ਸਨ। ਜਦ ਮੈਂ ਏਸ ਘਰ ’ਚ ਵਿਆਹੀ ਆਈ ਸੀ ਤਾਂ ਸਮਾਜੀ ਰਿਸ਼ਤੇ ’ਚ ਉਹ ਮੇਰਾ ਦਿਉਰ ਸੀ- ਵਿਹੜੇ ’ਚ ਬਾਲ ਖੇਲ੍ਹਣ ਵਾਲਾ, ਨਿੱਕੀ-ਨਿੱਕੀ ਗੱਲ ’ਤੇ ਰੁੱਸਣ ਵਾਲਾ ਤੇ ਜਿਹੜੀ ਸਬਜ਼ੀ ਬਣਦੀ ਉਹੀ ਨਾ ਖਾਣ ਵਾਲਾ। ਪਰ ਕੁਦਰਤ ਦੇ ਰਿਸ਼ਤੇ ’ਚ ਉਹ ਮੇਰਾ ਪੁੱਤ ਵੀ ਸੀ, ਭਰਾ ਵੀ ਤੇ ਪ੍ਰੇਮੀ ਵੀ।
ਅੱਜ ਉਹਦੀ ਪਹਿਲੀ ਬਰਸੀ ਸੀ। ਬ੍ਰਾਹਮਣਾਂ ਨੂੰ ਭੋਜਨ ਖੁਆਇਆ ਗਿਆ, ਦਾਨ ਪੁੰਨ ਕੀਤੇ ਗਏ ਕਿ ਘਰ ’ਚ ਮਾਵਾਂ ਵਰਗੀ ਭਾਬੀ, ਦੇਵਤਾ ਸਰੂਪ ਵੀਰ ਤੇ ਅਧਰੰਗ ਨਾਲ ਮੰਜੇ ਨੂੰ ਲੱਗੇ ਪਿਉ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ। ਮਰਨ ਵਾਲੇ ਦੀ ਆਤਮਾ ਦਾ ਕੀ ਪਤਾ, ਕਿੱਥੇ ਨਵਾਂ ਜਨਮ ਲੈ ਚੁੱਕੀ ਹੈ ਜਾਂ ਹਾਲੇ ਵੀ ਏਸ ਘਰ ’ਚ ਆਪਣੀ ਮੰਗੇਤਰ ਦੇ ਘਰ ’ਚ ਭਟਕਦੀ ਫਿਰਦੀ ਹੈ। ਜਾਂ ਹੋ ਸਕਦਾ ਹੈ, ਆਪਣੇ ਤਾਏ ਦੇ ਪੁੱਤ ਭਰਾ ਦੀ ਪਤਨੀ ਸੰਤੋਸ਼ ਦੇ ਚੁਬਾਰੇ ਦੇ ਬਨੇਰੇ ’ਤੇ ਆ ਬਹਿੰਦੀ ਹੋਵੇ। ਆਨੰਦ ਸਾਹਿਬ ਨੂੰ ਕਹਾਂਗੀ, ਚਲੋ ਪਹੋਏ ਜਾ ਕੇ ਇੱਕ ਵਾਰ ਗਤੀ ਕਰਾ ਆਈਏ ਪਿਤਾ ਜੀ ਦੀ ਆਤਮਾ ਤਾਂ ਚੈਨ ਨਾਲ ਰਹੂ।
ਦਿਨ ਭਰ ਰਿਸ਼ਤੇਦਾਰਾਂ ਤੇ ਸ਼ਰੀਕੇਦਾਰਾਂ ਦੀਆਂ ਫ਼ਜ਼ੂਲ ਗੱਲਾਂ ਸੁਣ-ਸੁਣ ਉਨ੍ਹਾਂ ਨੂੰ ਚਾਹ ਪਾਣੀ ਪੁੱਛ-ਪੁੱਛ ਮਸਾਂ ਵਿਹਲੀ ਹੋਈ ਹਾਂ। ਥੱਕੀ ਨਿਢਾਲ ਜਿਹੀ ਪਈ ਸੋਚ ਰਹੀ ਹਾਂ- ਪਰਮਾਤਮਾ ਨੇ ਪਿਛਲੇ ਨੌਂ ਮਹੀਨਿਆਂ ’ਚ ਕੀ-ਕੀ ਲੀਲ੍ਹਾ ਦਿਖਾ ਦਿੱਤੀ। ਸੱਤੀ ਆਪਣੀ ਉਮਰ ਦੇ ਆਖ਼ਰੀ ਨੌਂ ਮਹੀਨੇ ਪਿਛਲੇ ਤੇਈ ਵਰ੍ਹਿਆਂ ਨਾਲੋਂ ਲੰਮੇ ਕਰਕੇ ਜੀ ਗਿਆ।
ਗਲੇ ਦੇ ਕੈਂਸਰ ਬਾਰੇ ਡਾਕਟਰ ਪੁਰੀ ਦੀ ਰਿਪੋਰਟ ਮਿਲਣ ਤੋਂ ਬਾਅਦ ਉਹਨੇ ਨੌਂ ਮਹੀਨਿਆਂ ਦੀ ਉਮਰ ਕਿਵੇਂ ਕੱਟੀ, ਇਹ ਮਰਨ ਵਾਲਾ ਹੀ ਜਾਣਦਾ ਸੀ ਜਾਂ ਕੁਝ ਮੈਂ। ਕੈਂਸਰ ਦੇ ਰੋਗੀਆਂ ਬਾਰੇ ਮੈਂ ਜੋ ਕੁਝ ਪੜ੍ਹਿਆ ਸੀ, ਉਹ ਅੱਧਾ ਝੂਠ ਸੀ। ਸੱਚ ਉਹ ਹੈ ਜੋ ਸਾਡੇ ’ਤੇ ਬੀਤਿਆ।
ਬੀ.ਏ. ਕਰਕੇ ਇੱਕ ਸਾਲ ਦੀ ਬੇਕਾਰੀ ਤੋਂ ਬਾਅਦ ਸੱਤੀ ਨੂੰ ਨੌਕਰੀ ਮਿਲਣ ਤੇ ਮੰਗਣਾ ਹੋਣ ਨੂੰ ਹਾਲੇ ਪੂਰਾ ਸਾਲ ਵੀ ਨਹੀਂ ਸੀ ਹੋਇਆ ਕਿ ਗਲੇ ’ਚ ਹੋ ਰਹੀ ਖਾਰਿਸ਼ ਦਾ ਨਾਂ ਕੈਂਸਰ ਬਣ ਗਿਆ ਸੀ। ਜੀਹਦੀ ਰਿਪੋਰਟ ਦੇਂਦਿਆਂ ਰਿਸ਼ਤੇਦਾਰੀ ’ਚ ਮੇਰੇ ਮਾਮਾ ਲੱਗਦੇ ਡਾਕਟਰ ਪੁਰੀ ਦੇ ਸਾਰੇ ਗੰਜੇ ਸਿਰ ’ਤੇ ਪਸੀਨੇ ਦੀਆਂ ਬੂੰਦਾਂ ਆ ਗਈਆਂ ਸਨ। ਉਨ੍ਹਾਂ ਨੇ ਮੇਰੇ ਤੇ ਆਨੰਦ ਸਾਹਿਬ ਦੇ ਮੋਢਿਆਂ ’ਤੇ ਹੱਥ ਰੱਖ ਕੇ ਕਿਹਾ ਸੀ- ਬੇਟਾ, ਇਹ ਛੇ ਮਹੀਨਿਆਂ ਬਾਅਦ ਆਪਣਾ ਨਹੀਂ ਰਹਿਣਾ। ਇਲਾਜ ਦਾ ਕੋਈ ਲਾਭ ਨਹੀਂ। ਜੇ ਪੈਸੇ ਖਰਚਣੇ ਹੀ ਨੇ ਤਾਂ ਕਿਸੇ ਧਰਮ-ਅਰਥ ਲਾ ਦਿਓ। ਨਾਂਮਾਤਰ ਦੀ ਦਵਾਈ ਮੇਰੇ ਕੋਲੋਂ ਲੈਂਦੇ ਰਿਹੋ।
ਪਰ ਡਾਕਟਰ ਪੁਰੀ ਨੂੰ ਕੀ ਪਤਾ ਕਿ ਬਿਨਾਂ ਕੋਈ ਚਾਰਾ ਕੀਤਿਆਂ ਜਿਉਣਾ ਕਿੰਨਾ ਔਖਾ ਹੁੰਦਾ ਹੈ। ਮੈਂ ਸ਼ਾਮ ਨੂੰ ਸਤਾਰਾਂ ਹਜ਼ਾਰ ਰੁਪੈ ਵਾਲੀ ਜੁਆਇੰਟ ਅਕਾਊਂਟ ਵਾਲੀ ਪਾਸ-ਬੁੱਕ ਉਹਦੇ ਵੀਰ ਅੱਗੇ ਰੱਖ ਕੇ ਕਿਹਾ- ਇਹ ਪੈਸਾ ਆਪਾਂ ਕੀਹਦੇ ਵਾਸਤੇ ਬਚਾਉਣੈ।
ਵਿਆਹ ਤੋਂ ਸਾਲ ਕੁ ਬਾਅਦ ਮੈਨੂੰ ਸਿਜੇਰੀਅਨ ਆਪਰੇਸ਼ਨ ਨਾਲ ਬੱਚੀ ਹੋਈ ਸੀ, ਪਰ ਮੈਂ ਉਹਨੂੰ ਛੇ ਮਹੀਨੇ ਵੀ ਦੁੱਧ ਨਾ ਚੁੰਘਾ ਸਕੀ। ਜੀਹਦੀ ਦਾਤ ਸੀ, ਉਹ ਲੈ ਗਿਆ। ਤਦੇ ਮੈਂ ਸਰਵਿਸ ਛੱਡ ਦਿੱਤੀ। ਕੀਹਦੇ ਵਾਸਤੇ ਏਨਾ ਧਨ ’ਕੱਠਾ ਕਰਨਾ ਸੀ। ਆਨੰਦ ਸਾਹਿਬ ਨੂੰ ਬੈਂਕ ਤੋਂ ਬਥੇਰਾ ਪੈਸਾ ਮਿਲਦਾ ਹੈ। ਨਾਲੇ ਸੱਤੀ ਹਾਲੇ ਛੋਟਾ ਸੀ, ਉਹ ਆਪਣੇ ਕੱਪੜੇ, ਕਿਤਾਬਾਂ ਵੀ ਨਹੀਂ ਸਾਂਭਦਾ। ਨਾਲੇ ਪਿਤਾ ਜੀ ਨੂੰ ਕੌਣ ਸਾਂਭਦਾ। ਉਹ ਸਿਰਫ਼ ਏਨਾ ਹੀ ਕਰ ਸਕਦੇ ਨੇ ਕਿ ਮੰਜੇ ਤੋਂ ਉਤਰ ਕੇ ਲੈਟਰੀਨ ਤੱਕ ਚਲੇ ਜਾਂਦੇ ਨੇ ਘਿਸਰਦੇ ਹੋਏ ਤੇ ਉਵੇਂ ਹੀ ਮੁੜ ਕੇ ਮੰਜੇ ’ਤੇ ਬਹਿ ਜਾਂਦੇ ਨੇ। ਕਮੀਜ਼ ਬਦਲਣ ਵਾਸਤੇ ਵੀ ਉਨ੍ਹਾਂ ਨੂੰ ਦੂਜੇ ਦੀ ਲੋੜ ਪੈਂਦੀ ਹੈ। ਉਹ ਤਾਂ ਬੋਲ ਵੀ ਨਹੀਂ ਸਕਦੇ। ਬੁੱਲ੍ਹਾਂ ’ਚ ਫੁਸਫਸਾਉਂਦੇ ਨੇ। ਉਨ੍ਹਾਂ ਦੀ ਗੱਲ ਮੈਥੋਂ ਪਹਿਲਾਂ ਮੇਰੀ ਸੱਸ ਸਮਝਦੀ ਸੀ ਤੇ ਬਾਅਦ ’ਚ ਮੇਰਾ ਧਰਮ ਹੋ ਗਿਆ ਸੀ।
ਸੱਤੀ ਦੀ ਰਿਪੋਰਟ ਲਿਆ ਕੇ ਅਸੀਂ ਪਿਤਾ ਜੀ ਦੇ ਦਰਵਾਜ਼ੇ ’ਤੇ ਖੜ੍ਹ ਗਏ, ਹੱਥ ’ਚ ਕਾਗਜ਼ ਫੜ ਕੇ। ਉਹ ਸਾਨੂੰ ਏਸ ਤਰ੍ਹਾਂ ਦੇਖ ਰਹੇ ਸੀ ਜਿਵੇਂ ਅਸੀਂ ਸ਼ਾਪਿੰਗ ਕਰਕੇ ਆਏ ਹੋਈਏ ਤੇ ਉਨ੍ਹਾਂ ਵਾਸਤੇ ਫ਼ਲ ਲਿਆਏ ਹੋਈਏ। ਅਸੀਂ ਉਨ੍ਹਾਂ ਦੀ ਝਾਕਣੀ ਨਾ ਦੇਖ ਸਕੇ। ਤੇਜ਼ੀ ਨਾਲ ਆਪਣੇ ਕਮਰੇ ’ਚ ਚਲੇ ਗਏ।
ਸੱਤੀ ਹਾਲੇ ਦਫ਼ਤਰ ਤੋਂ ਆਇਆ ਨਹੀਂ ਸੀ- ਉਹਨੂੰ ਕਿਵੇਂ ਦੱਸਾਂਗੇ? ਇਹ ਸਵਾਲ ਆਨੰਦ ਸਾਹਿਬ ਨੇ ਮੈਨੂੰ ਕੀਤਾ ਤੇ ਫੇਰ ਆਪ ਹੀ ਅੱਖਾਂ ’ਤੇ ਹੱਥ ਰੱਖ ਕੇ ਰੋ ਪਏ। ਮੇਰੇ ਵੀ ਹੰਝੂ ਨਿਕਲ ਗਏ। ਪਰ ਮੈਂ ਛੇਤੀ ਦੇਣੀ ਅੱਖਾਂ ਪੂੰਝ ਕੇ ਪਤੀ ਨੂੰ ਦਿਲਾਸਾ ਦਿੱਤਾ ਕਿ ਇਹ ਕੰਮ ਮੈਂ ਕਰਾਂਗੀ। ਮੈਨੂੰ ਲੱਗਾ ਬਈ ਸੱਸ ਤੋਂ ਬਾਅਦ ਇਹ ਜ਼ਿੰਮੇਵਾਰੀ ਵੀ ਮੇਰੀ ਹੀ ਹੈ। ਮੈਂ ਏਸ ਘਰ ਦੀ ਮਾਂ ਹਾਂ। ਸੋਚਿਆ, ਜੇ ਮੈਂ ਵੀ ਰੋ ਪਈ ਤਾਂ ਫੇਰ ਸੱਤੀ ਰੋਵੇਗਾ, ਪਿਤਾ ਜੀ ਰੋਣਗੇ। ਇਹ ਘਰ ਕਿਵੇਂ ਚੱਲੂ?
ਰਾਤ ਨੂੰ ਆਨੰਦ ਸਾਹਿਬ ਸੈਰ ਕਰਨ ਨੂੰ ਚਲੇ ਗਏ। ਪਿਤਾ ਜੀ ਖਾ ਪੀ ਕੇ ਸੌਂ ਗਏ ਤਾਂ ਮੈਂ ਸੱਤੀ ਨਾਲ ਕੈਂਸਰ ਦੀਆਂ ਗੱਲਾਂ ਕਰਨ ਲੱਗੀ। ਅਸੀਂ ਰੋਗੀਆਂ ਦੀਆਂ ਬਾਤਾਂ ਜਿਹੀਆਂ ਪਾਉਂਦੇ ਰਹੇ। ਅਖ਼ੀਰ ਅਸੀਂ ਉਸ ਥਾਂ ਪਹੁੰਚ ਗਏ ਜਿੱਥੇ ਰੋਗੀ ਬਚੇ ਹੋਏ ਜੀਵਨ ਨੂੰ ਸੁਖੀ ਬਣਾਉਣ ਲਈ ਸੰਘਰਸ਼ ਕਰਦੇ ਨੇ ਤੇ ਬਿਨਾਂ ਦੁੱਖ ਦੇ ਮੌਤ ਕਬੂਲ ਕਰ ਲੈਂਦੇ ਨੇ। ਤੇ ਫੇਰ ਮੈਂ ਡਾਕਟਰ ਪੁਰੀ ਦਾ ਫ਼ੈਸਲਾ ਸ਼ੰਕਾ ਬਣਾ ਕੇ ਦੱਸ ਦਿੱਤਾ।
ਸੁਣ ਕੇ ਉਹ ਡਰਿਆ ਨਹੀਂ, ਪਰ ਉਹਦੇ ਚਿਹਰੇ ’ਤੇ ਮੁਸਕਰਾਹਟ ਨਾ ਰਹੀ। ਕਹਿੰਦਾ, ਮੈਂ ਡਾਕਟਰ ਪੁਰੀ ਨੂੰ ਆਪ ਪੁੱਛ ਕੇ ਆਵਾਂਗਾ। ਮੈਂ ਰਿਪੋਰਟ ਉਹਦੇ ਅੱਗੇ ਧਰ ਦਿੱਤੀ। ਉਸ ’ਤੇ ਕੈਂਸਰ ਨਹੀਂ ਸੀ ਲਿਖਿਆ ਹੋਇਆ। ਡਾਕਟਰਾਂ ਦੀ ਭਾਸ਼ਾ ’ਚ ਕੁਝ ਹੋਰ ਹੀ ਸੀ। ਉਹਨੇ ਇੱਕ ਵਾਰ ਦੇਖ ਕੇ ਰਿਪੋਰਟ ਉਸੇ ਤਰ੍ਹਾਂ ਤਹਿ ਕਰਕੇ ਰੱਖ ਦਿੱਤੀ। ਇੱਕ ਵਾਰੀ ਖੰਘਿਆ ਤੇ ਉੱਠ ਕੇ ਆਪਣੇ ਕਮਰੇ ’ਚ ਚਲਿਆ ਗਿਆ।
ਮੈਂ ਖੜ੍ਹੀ ਦੇਖਦੀ ਰਹੀ। ਉਹ ਦੋ-ਤਿੰਨ ਮਿੰਟ ਆਪਣੇ ਮੇਜ਼ ਦੀਆਂ ਚੀਜ਼ਾਂ ਇੱਧਰ ਉੱਧਰ ਕਰਦਾ ਰਿਹਾ ਤੇ ਫੇਰ ਬਾਹਰ ਨਿਕਲ ਕੇ ਵਰਾਂਡੇ ’ਚ ਖੜ੍ਹ ਗਿਆ। ਸਾਹਮਣੇ ਗੇਟ ਦੇ ਨੇੜੇ ਬਣੀ ਕਿਆਰੀ ’ਚ ਲੱਗੇ ਫੁੱਲਾਂ ਵੱਲ ਦੇਖਦਾ ਰਿਹਾ। ਮੈਨੂੰ ਲੱਗਿਆ- ਲਓ ਮੌਤ ਦਾ ਚੱਕਰ ਸ਼ੁਰੂ ਹੋ ਗਿਆ। ਰਾਤ ਨੂੰ ਆਨੰਦ ਸਾਹਿਬ ਆਏ ਤਾਂ ਪਲੰਘ ’ਤੇ ਲੇਟ ਕੇ ਸਿਗਰਟ ਸੁਲਗ਼ਾ ਕੇ ਕਹਿੰਦੇ, ‘‘ਆਪਾਂ ਇਲਾਜ ਕਰਾਵਾਂਗੇ। ਕਈ ਮਰੀਜ਼ ਦਸ-ਦਸ ਸਾਲ ਕੱਢ ਜਾਂਦੇ ਨੇ।’’ ਉਹ ਆਪਣੇ ਦੋਸਤਾਂ ਨਾਲ ਮਸ਼ਵਰਾ ਕਰਕੇ ਆਏ ਸੀ।
‘‘ਹਾਂ ਕੀ ਹਰਜ਼ ਹੈ।’’ ਮੈਨੂੰ ਵੀ ਖ਼ਿਆਲ ਆਇਆ ਕਿ ਕਈ ਦੀਰਘ ਰੋਗ ਸਾਧਾਂ ਦੀ ਚੁਟਕੀ ਨਾਲ ਈ ਟੁੱਟ ਜਾਂਦੇ ਨੇ।
ਮੈਂ ਦੋ ਹਜ਼ਾਰ ਦੇ ਨੋਟ ਕੱਢ ਕੇ ਉਨ੍ਹਾਂ ਦੇ ਅੱਗੇ ਰੱਖ ਦਿੱਤੇ। ਉਹ ਦੇਖ ਕੇ ਖਿਝ ਗਏ। ਗੁੱਸੇ ਨਾਲ ਬੋਲੇ ਤਾਂ ਮੈਨੂੰ ਧਿਆਨ ਆਇਆ ਕਿ ਖ਼ਰਚ ਤਾਂ ਮੈਂ ਹੀ ਕਰਨਾ ਹੈ। ਇਲਾਜ ਵੀ ਮੈਂ ਹੀ ਕਰਾਉਣਾ ਹੈ। ਪਤੀ ਤੋਂ ਮਾਫ਼ੀ ਮੰਗ ਕੇ ਸੱਤੀ ਦੇ ਕਮਰੇ ’ਚ ਗਈ ਤਾਂ ਉਹ ਸੁੱਤਾ ਪਿਆ ਸੀ। ਸਵੇਰੇ ਸੱਤੀ ਦੀ ਚਾਹ ਲੈ ਕੇ ਗਈ ਤਾਂ ਉਹ ਹਾਲੇ ਜਾਗਿਆ ਨਹੀਂ ਸੀ। ਉਹਦੇ ਲੰਮੇ ਘੁੰਗਰਾਲੇ ਵਾਲ ਉਹਦੇ ਸੁਨਹਿਰੇ ਮੱਥੇ ’ਤੇ ਆਏ ਹੋਏ ਸਨ। ਚੌੜਾ ਮੱਥਾ, ਘਣੇ ਪਰ ਛੋਟੇ ਵਾਲਾਂ ਵਾਲੇ ਭਰਵੱਟੇ ਤੇ ਉਨ੍ਹਾਂ ਵਿਚਕਾਰ ਬਾਰੀਕ ਲੂੰਈਂ ਜਿਹੀ- ਮੈਨੂੰ ਸ਼ੁਰੂ ਤੋਂ ਹੀ ਪਿਆਰੀ ਲੱਗਦੀ ਰਹੀ ਹੈ। ਕਹਿੰਦੇ ਨੇ ਪਰਮਾਤਮਾ ਜੀਹਨੂੰ ਬਹੁਤਾ ਰੂਪ ਦਿੰਦਾ ਹੈ, ਉਹਨੂੰ ਛੇਤੀ ਚੱਕ ਲੈਂਦਾ ਹੈ। ਦਿਲ ਕੀਤਾ ਵਾਲ ਪਰ੍ਹੇ ਹਟਾ ਕੇ ਉਹਦਾ ਮੱਥਾ ਚੁੰਮ ਲਾਂ।
ਜਦ ਮੈਂ ਏਸ ਘਰ ’ਚ ਵਿਆਹੀ ਆਈ ਸੀ ਤਾਂ ਉਹ ਗੇਂਦ ਖੇਲ੍ਹਣਾ ਮੁੰਡਾ ਸੀ। ਅੰਬਾਲੇ ਵਾਲੀ ਮਾਸੀ ਨੇ ਇਹਨੂੰ ਫੜ ਕੇ ਮੇਰੀ ਗੋਦੀ ’ਚ ਬਿਠਾ ਦਿੱਤਾ ਸੀ। ਇਹ ਕੋਈ ਰੀਤ ਸੀ ਜਾਂ ਪ੍ਰਾਰਥਨਾ ਕਿ ਪਰਮਾਤਮਾ ਏਸ ਗੋਦੀ ’ਚ ਮੁੰਡੇ ਬਿਠਾਵੇ। ਪਰ ਮੈਨੂੰ ਲੱਗਿਆ ਸੀ ਕਿ ਮੈਨੂੰ ਯਾਦ ਕਰਾਇਆ ਗਿਆ ਹੈ ਕਿ ਤੂੰ ਇਹਦੀ ਮਾਂ ਵੀ ਹੈ।
ਆਪਣੇ ਘਰ ’ਚ ਮੈਂ ਆਪਣੇ ਨਿੱਕੇ ਭਰਾ ਸੁਭਾਸ਼ ਨੂੰ ਸਕੂਲ ਜਾਣ ਵਾਸਤੇ ਤਿਆਰ ਕਰਦੀ ਹੁੰਦੀ ਸੀ, ਇੱਥੇ ਸੱਤੀ ਨੂੰ ਕਰਨ ਲੱਗ ਗਈ ਸੀ।
ਸੱਤੀ ਜਾਗਿਆ। ਮੈਨੂੰ ਦੇਖ ਕੇ ਮੁਸਕਰਾਇਆ, ਪਰ ਜਦੋਂ ਉਦਾਸ ਹੋਇਆ ਤਾਂ ਸ਼ਾਇਦ ਉਹਨੂੰ ਮੇਰੇ ਮੁਸਕਰਾਉਂਦੇ ਚਿਹਰੇ ਹੇਠਾਂ ਲੁਕੀ ਉਦਾਸੀ ਦਿਸ ਗਈ ਸੀ। ਆਨੰਦ ਸਾਹਿਬ ਵੀ ਆ ਕੇ ਕੋਲ ਹੀ ਖੜ੍ਹੇ ਹੋ ਗਏ ਸੀ, ਪਰ ਖਿੜਕੀ ਵੱਲ ਮੂੰਹ ਕਰਕੇ ਕਹਿੰਦੇ, “ਸੱਤੀ ਤੂੰ ਫ਼ਿਕਰ ਨਾ ਕਰ, ਇਹਦਾ ਇਲਾਜ ਹੋ ਸਕਦੈ। ਆਪਾਂ ਅੱਜ ਕ੍ਰਿਸ਼ਚੀਅਨ ਹਸਪਤਾਲ ਜਾਵਾਂਗੇ।’’
ਹਸਪਤਾਲ ’ਚ ਡਾਕਟਰ ਜੋਜ਼ਫ ਦਾ ਇਹ ਕਹਿਣਾ- ਸ਼ਿਫ਼ਾ ਦੇਣਾ ਖ਼ੁਦਾ ਦਾ ਕੰਮ ਹੈ, ਇਲਾਜ ਕਰਨਾ ਬੰਦੇ ਦਾ, ਆਉ ਖ਼ੁਦਾ ਦੇ ਨਾਂ ਨਾਲ ਸ਼ੁਰੂ ਕਰੀਏ! ਸਾਨੂੰ ਕੋਈ ਤਸੱਲੀ ਨਹੀਂ ਦੇ ਸਕਿਆ- ਫੇਰ ਵੀ ਇਲਾਜ ਚੱਲਦਾ ਰਿਹਾ। ਨੋਟ ਕਾਗਜ਼ਾਂ ਦੇ ਪੁਜ਼ਿਆਂ ਵਾਂਗੂੰ ਉੱਡਦੇ ਰਹੇ। ਇੱਕ ਮਹੀਨੇ ਦੇ ਕੋਰਸ ਦੇ ਬਾਅਦ ਜਦ ਰੋਗ ਖਾਸਾ ਵਧ ਗਿਆ ਤਾਂ ਫ਼ਿਰੋਜ਼ਪੁਰ ਦੇ ਇੱਕ ਸਾਧੂ ਦਾ ਇਲਾਜ ਚੱਲਿਆ, ਫੇਰ ਇੱਕ ਇਸ਼ਤਿਹਾਰੀ ਹਕੀਮ ਦੀ ਹਲਦੀ ਨਾਲ ਬਣਾਈ ਦਵਾ ਚੱਲੀ। ਫੇਰ ਕੁਰੂਕਸ਼ੇਤਰ ਦੇ ਵੈਦ ਦੀ ਤੇ ਫੇਰ ਪੀ.ਜੀ.ਆਈ...।
ਮੈਂ ਹਮੇਸ਼ਾਂ ਕੋਸ਼ਿਸ਼ ਕਰਨੀ ਕਿ ਸੱਤੀ ’ਕੱਲਾ ਨਾ ਰਹੇ। ਅਸੀਂ ਤਾਸ਼, ਕੈਰਮ ਬੋਰਡ ਤੇ ਹੋਰ ਖੇਡਾ ਖੇਡਦੇ ਜਾਂ ਫਿਲਮ ਦੇਖਣ ਤੁਰ ਜਾਂਦੇ। ਤਾਸ਼ ਖੇਡਦਾ ਉਹ ਅੰਗੂਠੇ ਤੇ ਉਂਗਲੀ ਨੂੰ ਥੁੱਕ ਲਾ ਕੇ ਵੰਡਦਾ ਸੀ। ਰੋਟੀ ਖਾਂਦਾ ਉਹ ਮੇਰੀ ਕੌਲੀ ’ਚੋਂ ਬੁਰਕੀ ਲਾ ਲੈਂਦਾ ਸੀ। ਸ਼ਰਤ ਲਾਉਂਦਾ ਉਹ ਮੇਰੇ ਹੱਥ ’ਤੇ ਹੱਥ ਮਾਰਦਾ ਸੀ। ਮੈਂ ਡਰ ਜਾਂਦੀ ਸੀ।
ਇੱਕ ਦਿਨ ਅਸੀਂ ਇੱਕ ਅੰਗਰੇਜ਼ੀ ਫਿਲਮ ਦੇਖ ਕੇ ਆਏ। ਚੁਬਾਰੇ ਦੀ ਪੌੜੀ ਚੜ੍ਹਦਿਆਂ ਸੱਤੀ ਨੇ ਫਿਲਮੀ ਸਟਾਈਲ ’ਚ ਸਹਾਰੇ ਲਈ ਆਪਣਾ ਹੱਥ ਪੇਸ਼ ਕਰ ਦਿੱਤਾ। ਮੈਂ ਵੀ ਫਿਲਮੀ ਸਟਾਈਲ ’ਚ ਹੀ ਸਹਾਰਾ ਲੈ ਕੇ ਆਖ਼ਰੀ ਸਟੈੱਪ ’ਤੇ ਜਾ ਕੇ ਉਹਦਾ ਹੱਥ ਚੁੰਮ ਲਿਆ ਤਾਂ ਉਹ ਅਜੀਬ ਨਜ਼ਰਾਂ ਨਾਲ ਮੈਨੂੰ ਦੇਖਣ ਲੱਗਾ। ਮੈਂ ਬੇਪਰਵਾਹ ਜਿਹੀ ਕੁਰਸੀ ’ਤੇ ਬਹਿ ਕੇ ਅਲਮਾਰੀ ਦੇ ਸ਼ੀਸ਼ੇ ਵਿੱਚੋਂ ਉਹਦੇ ਚਿਹਰੇ ਦੇ ਬਦਲਦੇ ਰੰਗ ਦੇਖਦੀ ਰਹੀ। ਉਹ ਸੁਰਖ ਹੋ ਕੇ ਪੀਲਾ ਪੈਣ ਲੱਗ ਪਿਆ ਸੀ।
‘‘ਕੀ ਗੱਲ, ਉਦਾਸ ਕਿਉਂ ਐ?’’ ਮੈਂ ਉਹਦੇ ਮੋਢੇ ’ਤੇ ਹੱਥ ਰੱਖ ਕੇ ਪਿਆਰ ਨਾਲ ਪੁੱਛਿਆ ਤਾਂ ਉਹ ਮੇਰੀ ਗੋਦੀ ’ਚ ਸਿਰ ਦੇ ਕੇ ਰੋ ਪਿਆ। ਮੈਂ ਉਹਦੇ ਸਿਰ ’ਤੇ, ਉਹਦੀ ਪਿੱਠ ’ਤੇ ਹੱਥ ਫੇਰਦੀ ਨੇ ਉਹਨੂੰ ਦੋਹਾਂ ਬਾਹਾਂ ’ਚ ਘੁੱਟ ਕੇ ਕਿਹਾ, ‘‘ਤੂੰ ਤਾਂ ਮੇਰੀ ਜਾਨ ਏਂ, ਪਿਆਰੀ, ਪਿਆਰੀ।’’ ਉਹਨੇ ਹਉਕਾ ਲੈ ਕੇ ਅੰਗਰੇਜ਼ੀ ’ਚ ਕਿਹਾ, ‘‘ਮੈਂ ਜ਼ਿੰਦਗੀ ਗੁਆ ਬੈਠਾ ਹਾਂ।’’
ਉਹਦੀ ਏਨੀ ਗੱਲ ਨਾਲ ਮੇਰੀ ਜਾਨ ਸੂਤੀ ਗਈ। ਮੌਤ ਬਾਰੇ ਇਹ ਪਹਿਲੀ ਗੱਲ ਸੀ ਜਿਹੜੀ ਉਹਨੇ ਆਪਣੇ ਮੂੰਹੋਂ ਕਹੀ ਸੀ। ਮੈਂ ਉਹਦਾ ਮੱਥਾ ਚੁੰਮ ਕੇ ਅੰਗਰੇਜ਼ੀ ’ਚ ਹੀ ਕਿਹਾ, ‘‘ਮੇਰਾ ਸਭ ਕੁੱਝ ਤੈਨੂੰ ਅਰਪਨ ਹੈ। ਮੇਰੇ ਪਿਆਰੇ।’’
ਡਰ ਨਾਲ ਸੱਤੀ ਦੀ ਨੀਂਦ ਉੱਡ ਗਈ। ਉਹ ਕਿੰਨੀ-ਕਿੰਨੀ ਰਾਤ ਜਾਗਦਾ ਰਹਿੰਦਾ। ਇਹੀ ਗੱਲ ਸਾਡੀ ਨੀਂਦ ਉਡਾਉਣ ਲਈ ਕਾਫ਼ੀ ਸੀ।
ਇੱਕ ਰਾਤ ਡੇਢ ਕੁ ਵਜੇ ਆਵਾਜ਼ ਆਈ, ਜਿਵੇਂ ਸੱਤੀ ਨੇ ਪਾਣੀ ਮੰਗਿਆ ਹੋਵੇ। ਮੈਂ ਕਾਹਲ ਨਾਲ ਗਭਲਾ ਦਰਵਾਜ਼ਾ ਖੋਲ੍ਹ ਕੇ ਦੇਖਿਆ। ਸੱਤੀ ਸਰ੍ਹਾਣੇ ’ਚ ਮੂੰਹ ਖੁਭੋਈ ਮੂਧਾ ਪਿਆ ਸੀ। ਉਹਦੇ ਸਰੀਰ ਦਾ ਵੱਡਾ ਹਿੱਸਾ ਰਜਾਈ ਤੋਂ ਬਾਹਰ ਸੀ। ਏਨੀ ਠੰਢ ’ਚ ਵੀ ਪਿਆਸ ਲੱਗ ਸਕਦੀ ਹੈ- ਪਤਾ ਨਹੀਂ ਅੰਦਰ ਕੀ ਤੂਫ਼ਾਨ ਮੱਚਦਾ ਹੋਊਗਾ- ਸੋਚ ਕੇ ਮੈਂ ਉਹਦੇ ਕੋਲ ਗਈ। ਸਰ੍ਹਾਣੇ ਬੈਠ ਕੇ ਸਿਰ ’ਤੇ ਹੱਥ ਫੇਰਦੀ ਨੇ ਪੁੱਛਿਆ, ‘‘ਕੀ ਗੱਲ, ਨੀਂਦ ਨਹੀਂ ਆਉਂਦੀ?”
“ਨਹੀਂ- ਦੋ ਘੰਟੇ ਤੋਂ ਜਾਗ ਰਿਹਾਂ।’’
ਮੈਂ ਉਹਨੂੰ ਕਾਮਪੋਜ਼ ਦੀ ਗੋਲੀ ਦਿੱਤੀ। ਜਿਹੜੀ ਹੁਣ ਆਨੰਦ ਸਾਹਿਬ ਤੇ ਕਦੇ ਮੈਨੂੰ ਵੀ ਖਾਣ ਦੀ ਆਦਤ ਪੈ ਗਈ ਸੀ।
‘‘ਭਾਬੀ ਜੀ! ਮੇਰਾ ਸ਼ਰਾਬ ਪੀਣ ਨੂੰ ਦਿਲ ਕਰਦੈ।’’ ਉਹਨੇ ਨਜ਼ਰਾਂ ਚੁੱਕੇ ਬਿਨਾਂ ਹੀ ਹੌਲੀ ਦੇਣੀ ਕਿਹਾ ਕਿ ਵੀਰ ਜੀ ਨੂੰ ਨਾ ਸੁਣ ਜਾਵੇ।
“ਅੱਛਾ ਡਾਕਟਰ ਨੂੰ ਪੁੱਛਾਂਗੇ। ਹੁਣ ਤੂੰ ਸੌਂ ਜਾ।’’ ਆਖ ਕੇ ਮੈਂ ਉਸ ’ਤੇ ਰਜਾਈ ਦੇ ਕੇ ਆਪਣੇ ਬਿਸਤਰੇ ’ਤੇ ਪਾਸੇ ਮਾਰਨ ਲੱਗੀ।
ਸਵੇਰੇ ਕੰਮ ਤੋਂ ਵਿਹਲੀ ਹੋ ਕੇ ਡਾਕਟਰ ਪੁਰੀ ਦੇ ਗਈ। ਉਨ੍ਹਾਂ ਨੇ ਝੱਟ ਕਹਿ ਦਿੱਤਾ- ਉਹ ਜੋ ਕੁੱਝ ਮੰਗਦਾ ਹੈ, ਦਿਉ। ਉਹਦੀ ਆਤਮਾ ਤ੍ਰਿਪਤ ਰੱਖੋ ਤੇ ਸਮਝ, ਇਹ ਹੋਣੀ ਹੋ ਗਈ। ਚਿੰਤਾ ਤਾ ਕੀ ਕੀਜੀਏ...।’’
ਡਾਕਟਰ ਪੁਰੀ ਦਾ ਵਿਖਿਆਣ ਦੂਜਿਆਂ ਲਈ ਹੀ ਹੈ- ਸੋਚ ਕੇ ਮੈਂ ਤੇਜ਼ੀ ਨਾਲ ਕਲੀਨਿਕ ਤੋਂ ਬਾਹਰ ਆ ਗਈ। ਉਹ ਕੀ ਜਾਣਨ ਬਈ ਨੌਜਵਾਨ ਦੀ ਮੌਤ ਕਿਵੇਂ ਅੰਦਰ ਖੋਰਦੀ ਹੈ। ਕਿਵੇਂ ਮੌਤ ਦਾ ਡਰ ਸਾਡੇ ਘਰ ਦੀ ਇੱਟ-ਇੱਟ ’ਤੇ ਬਹਿ ਗਿਆ ਸੀ। ਹਰ ਚਿਹਰੇ ’ਤੇ ਮਾਤਮੀ ਹਾਸ਼ੀਆ ਲੱਗ ਪਿਆ ਸੀ... ਇੱਕ ਪਿਤਾ ਜੀ ਨਹੀਂ ਸੀ ਜਾਣਦੇ। ਪਰ ਸਾਡੇ ਚਿਹਰੇ ਦੇਖ ਕੇ ਉਹ ਵੀ ਡਰੇ ਰਹਿੰਦੇ ਸੀ। ਮੈਂ ਉਨ੍ਹਾਂ ਦੇ ਇਨ੍ਹਾਂ ਸਵਾਲਾਂ ਦਾ ਜਵਾਬ ਕਿਵੇਂ ਦਿੰਦੀ-ਤੂੰ ਉਦਾਸ ਕਿਉਂ ਰਹਿੰਦੀ ਐਂ? ਸੱਤੀ ਦਫ਼ਤਰ ਕਿਉਂ ਨਹੀਂ ਜਾਂਦਾ? ਤੁਸੀਂ ਉਹਨੂੰ ਲੈ ਕੇ ਕਿੱਥੇ ਜਾਂਦੇ ਹੁੰਦੇ ਹੋ?
ਇੱਕ ਦਿਨ ਦਿਲ ਕੀਤਾ ਕਿ ਦੱਸ ਦਿਆਂ ਕਿ ਪਿਤਾ ਜੀ ਤੁਹਾਡੇ ਲਾਡਲੇ ਦੇ ਮਰਨ ’ਚ ਹੁਣ ਥੋੜ੍ਹਾ ਚਿਰ ਬਾਕੀ ਹੈ। ਅਸੀਂ ਉਹਨੂੰ ਹਰ ਉਸ ਥਾਂ ਲੈ ਕੇ ਜਾਂਦੇ ਹਾਂ, ਜਿੱਥੇ ਕੈਂਸਰ ਦੇ ਇਲਾਜ ਦੀ ਗੱਲ ਸੁਣੀਦੀ ਹੈ।
ਇੱਕ ਸ਼ਾਮ ਸੱਤੀ ਪੀ ਕੇ ਆਇਆ। ਲੜਖੜਾਉਂਦੇ ਕਦਮਾਂ ਨਾਲ ਉਹ ਚੁੱਪ-ਚੁਪੀਤਾ ਆਪਣੇ ਕਮਰੇ ’ਚ ਵੜਦਾ ਹੋਇਆ ਦੇਹਲੀਆਂ ’ਚ ਡਿੱਗ ਪਿਆ। ਮੈਂ ਸਹਾਰਾ ਦੇ ਕੇ ਉਠਾਇਆ। ਉਹਨੇ ਮੇਰੇ ਗਲ ’ਚ ਬਾਂਹ ਪਾ ਲਈ ਤੇ ਬਿਸਤਰੇ ’ਤੇ ਡਿੱਗਦੇ ਨੇ ਮੇਰੀ ਚੁੰਨੀ ਖਿੱਚ ਕੇ ਆਪਣੇ ਮੂੰਹ ’ਤੇ ਲਪੇਟ ਲਈ। ਅੱਧੀ ਚੁੰਨੀ ਮੇਰੇ ਸਿਰ ’ਤੇ ਸੀ, ਅੱਧੀ ਉਹਦੇ ਮੂੰਹ ’ਤੇ। ਉਹ ਰੋ ਰਿਹਾ ਸੀ- ਮੌਤ ਦੇ ਡਰ ਤੋਂ ਸ਼ਾਇਦ!
ਮੌਤ ਤੋਂ ਉਰੇ ਬੰਦਾ ਆਪਣੀਆਂ ਅਸਫਲ ਕਾਮਨਾਵਾਂ ਬਾਰੇ ਕੀ ਸੋਚਦਾ ਹੈ- ਮੈਂ ਸੋਚ ਕੇ ਹੀ ਡਰ ਗਈ।
ਡੇਢ ਕੁ ਘੰਟੇ ਬਾਅਦ ਉਹਦਾ ਵੀਰ ਦੇਖਣ ਗਿਆ ਤਾਂ ਉਹ ਉਲਟੀਆਂ ਕਰ ਰਿਹਾ ਸੀ। ਉਹਦੇ ਵਿੱਚ ਖ਼ੂਨ ਦੇ ਧੱਬੇ ਸਨ। ਜਿਹੜੇ ਮੈਂ ਆਨੰਦ ਸਾਹਿਬ ਦੀ ਨਜ਼ਰ ਬਚਾ ਕੇ ਛੇਤੀ ਦੇਣੀ ਪੂੰਝ ਦਿੱਤੇ।
ਅਗਲੀ ਸਵੇਰ ਐਤਵਾਰ ਸੀ। ਅਸੀਂ ਹਮੇਸ਼ਾਂ ਵਾਂਗ ਹਵਨ ਕਰਨ ਲੱਗੇ ਤਾਂ ਸੱਤੀ ਦਾ ਦਿਲ ਨਹੀਂ ਸੀ ਜੰਮ ਰਿਹਾ। ਅੱਗੇ ਉਹ ਬੜੀ ਸ਼ਰਧਾ ਨਾਲ ਬੈਠਦਾ ਸੀ। ਸ਼ਾਮ ਨੂੰ ਸੰਧਿਆ ਵੀ ਕਰਦਾ ਸੀ। ਆਚਮਨ ਕਰਦਾ ਸੀ। ਉਹਦਾ ਵੀਰ ਤੇ ਮੈਂ ਬੜੇ ਦਿਲ ਨਾਲ ਮੰਤਰ ਬੋਲਦੇ ਸੀ- ‘ਜੀਵੇਮ ਸ਼ਰਧਾ ਸ਼ਤਮ’। ਪਿਤਾ ਜੀ ਪਿੱਲਰ ਦੇ ਸਹਾਰੇ ਬੈਠੇ ਸਿਰਫ਼ ਸੁਣਦੇ ਸੀ।
ਸੱਤੀ ਨੇ ਬੇਦਿਲੀ ਨਾਲ ਹਵਨ ਕੁੰਡ ’ਚ ਅਗਨੀ ਪ੍ਰਚੰਡ ਕੀਤੀ ਤੇ ਹਰ ਮੰਤਰ ਬਾਅਦ ਸੁਆਹਾ ਕਹਿ ਕੇ ਆਹੂਤੀ ਪਾਉਂਦਾ-ਪਾਉਂਦਾ ਰੁਕ ਗਿਆ। ਫੇਰ ਪਿਛਾਂਹ ਹਟ ਕੇ ਕੰਧ ਦਾ ਸਹਾਰਾ ਲੈ ਕੇ ਬਹਿ ਗਿਆ ਤੇ ਅੱਖਾਂ ਮੀਚ ਲਈਆਂ।
ਸ਼ਾਮ ਨੂੰ ਉਹ ਫਿਲਮ ਦੇਖ ਕੇ ਆਇਆ। ਜ਼ਰਾ ਕੁ ਬੈਠ ਕੇ ਦਵਾ ਖਾ ਕੇ ਬਾਹਰ ਜਾਣ ਲੱਗਾ। ਮੈਂ ਰੋਕ ਲਿਆ। ਅਲਮਾਰੀ ’ਚੋਂ ਅੰਗਰੇਜ਼ੀ ਸ਼ਰਾਬ ਦਾ ਕੁਆਰਟਰ ਕੱਢ ਕੇ ਮੇਜ਼ ’ਤੇ ਰੱਖ ਦਿੱਤਾ। ਉਹ ਮੁਸਕਰਾ ਪਿਆ। ਮੈਂ ਕਿਹਾ- ‘‘ਪੀ ਲੈ, ਘਰ ਬਹਿ ਕੇ। ਤਾਇਆ ਜੀ ਦੇ ਘਰ ਨਹੀਂ ਜਾਣਾ। ਪਤਾ ਨਹੀਂ ਕੀ ਸੁਆਹ ਖੇਹ ਖਾ ਆਉਂਦੈ।”
ਸੱਚ, ਮੈਨੂੰ ਚੰਗਾ ਨਹੀਂ ਸੀ ਲੱਗਦਾ ਕਿ ਉਹ ਸ਼ਰੀਕਾਂ ਦੇ ਘਰ ਖਾਵੇ ਪੀਵੇ। ਉਨ੍ਹਾਂ ਦੇ ਲਫੈਂਡ ਮੁੰਡਿਆਂ ਨਾਲ ਸ਼ਰਾਬ ਪੀਵੇ। ਬਾਅਦ ’ਚ ਮਿਹਣੇ ਮੈਨੂੰ ਸੁਣਨੇ ਪੈਣ। ਉਨ੍ਹਾਂ ਦੀ ਨੂੰਹ ਸੰਤੋਸ਼ ਦੀ ਜ਼ਬਾਨ ਗ਼ਜ਼ ਭਰ ਦੀ ਹੈ। ਨਾਲੇ ਉਂਜ ਵੀ ਉਹਦਾ ਚਾਲ ਚਲਨ ਠੀਕ ਨਹੀਂ। ਪਤਾ ਨਹੀਂ ਕੀਹਨੂੰ ਚੁਬਾਰੇ ’ਚ ਲਈ ਬੈਠੀ ਰਹਿੰਦੀ ਹੈ। ਮੈਂ ਰਸੋਈ ਦਾ ਕੰਮ ਮੁਕਾ ਕੇ ਆਈ ਤਾਂ ਉਹ ਸਾਰੀ ਖ਼ਤਮ ਕਰੀ ਬੈਠਾ ਸੀ। ਉਹਨੇ ਪੁੱਛਿਆ, ‘‘ਭਾਬੀ ਜੀ, ਵੀਰ ਜੀ ਕਿੰਨੇ ਵਜੇ ਆਉਣਗੇ?’’
‘‘ਸ਼ਾਇਦ ਸਵੇਰ ਨੂੰ ਆਉਣ। ਰਾਹ ’ਚ ਉਨ੍ਹਾਂ ਨੇ ਅੰਬਾਲੇ ਵੀ ਜਾਣਾ ਹੈ, ਮਾਸੀ ਜੀ ਕੋਲ।” ‘‘ਹੋਰ ਵੀ ਹੈਗੀ?” ਉਹਨੇ ਨਜ਼ਰ ਗਲਾਸ ਵੱਲ ਕਰਕੇ ਸੰਗਦਿਆਂ ਪੁੱਛਿਆ।
ਦਿਲ ਕੀਤਾ ਜਵਾਬ ਦੇ ਦਿਆਂ। ਬਹੁਤੀ ਨੁਕਸਾਨ ਹੀ ਕਰੇਗੀ। ਫੇਰ ਖ਼ਿਆਲ ਆਇਆ, ਹੁਣ ਢਾਈ ਮਹੀਨਿਆਂ ’ਚ ਕੀ ਹੋਣਾ ਹੈ।
‘‘ਹੈਗੀ, ਪਰ ਦੇਣੀ ਨਹੀਂ।’’ ਮੈਂ ਹੱਸਦਿਆਂ ਕਿਹਾ।
ਉਹ ਨਿਰਾਸ਼ ਜਿਹਾ ਹੋ ਗਿਆ ਤਾਂ ਮੈਨੂੰ ਇਕਦਮ ਉਸ ’ਤੇ ਪਿਆਰ ਆ ਗਿਆ। ਮਰਨ ਵਾਲੇ ਅੱਗੇ ਝੂਠ ਬੋਲਣਾ, ਧੋਖਾ ਦੇਣਾ ਮੈਨੂੰ ਪਾਪ ਜਿਹਾ ਲੱਗਿਆ। ਉਹਦੇ ਮੱਥੇ ਉੱਤੇ ਤੇ ਭਰਵੱਟਿਆਂ ਦੀ ਵਿਚਕਾਰਲੀ ਲੂੰਈਂ ਵਾਲੇ ਹਿੱਸੇ ’ਤੇ ਵੀ ਵਲ ਪੈ ਗਏ ਸਨ।
ਮੈਂ ਉੱਠ ਕੇ ਅਲਮਾਰੀ ਖੋਲ੍ਹ ਲਈ। ਉਹ ਮੇਰੇ ਨਾਲ ਆ ਖੜ੍ਹਾ ਹੋਇਆ। ਉਹਦਾ ਸਾਹ ਤੇਜ਼ ਚੱਲ ਰਿਹਾ ਸੀ। ਮੈਂ ਉਹਨੂੰ ਉਹ ਵੀ ਦੇ ਦਿੱਤੀ ਜਿਹੜੀ ਕੁਆਰਟਰ ’ਚੋਂ ਕੱਢ ਕੇ ਰੱਖੀ ਹੋਈ ਸੀ। ਉਹਨੇ ਸ਼ੀਸ਼ੀ ਫੜ ਕੇ ਮੇਰੇ ਮੋਢੇ ਨੂੰ ਚੁੰਮ ਕੇ ਰਸਮੀ ਜਿਹਾ ਧੰਨਵਾਦ ਕੀਤਾ। ਸ਼ਾਇਦ ਕੁੱਝ ਹੋਰ ਵੀ ਕਿਹਾ ਸੀ। ਪਰ ਮੈਨੂੰ ਉਹ ਸੁਣਿਆ ਨਹੀਂ, ਮੇਰੇ ਸਰੀਰ ’ਚੋਂ ਲਹਿਰ ਜਿਹੀ ਕੰਬਦੀ ਨਿਕਲ ਗਈ ਸੀ।
ਮੈਂ ਸਾਹਮਣੀ ਕੁਰਸੀ ’ਤੇ ਬੈਠ ਗਈ। ਉਹਨੂੰ ਦੇਖਦੀ ਰਹੀ। ਉਹਨੇ ਦੂਜਾ ਗਲਾਸ ਕੋਲ ਰੱਖ ਕੇ ਉਹਦੇ ਵਿੱਚ ਪਾ ਦਿੱਤੀ। ਪਤਾ ਨਹੀਂ ਉਹਨੂੰ ਮੇਰੇ ਦਿਲ ਦੀ ਗੱਲ ਦਾ ਪਤਾ ਕਿਵੇਂ ਲੱਗ ਗਿਆ। ਬੰਦਾ ਜਿਉਂ-ਜਿਉਂ ਮੌਤ ਦੇ ਨੇੜੇ ਜਾਂਦਾ ਹੈ, ਉਹਦੀ ਛੇਵੀਂ ਗਿਆਨ ਇੰਦਰੀ ਤੇਜ਼ ਹੋ ਜਾਂਦੀ ਹੈ ਸ਼ਾਇਦ।
ਮੇਰੇ ਨਾਂਹ-ਨਾਂਹ ਕਹਿੰਦਿਆਂ ਉਹਨੇ ਮੈਨੂੰ ਬਾਂਹ ’ਚ ਕੱਸ ਕੇ ਦਵਾ ਵਾਂਗੂੰ ਉਹ ਸਖ਼ਤ ਕੌੜੀ ਚੀਜ਼ ਪਿਲਾ ਦਿੱਤੀ। ਜ਼ਿੰਦਗੀ ’ਚ ਦੋ ਵਾਰ ਅੱਗੇ ਵੀ ਮੈਂ ਇਹ ਪੀਤੀ ਸੀ। ਇੱਕ ਵਾਰ ਕੁਆਰੀ ਹੁੰਦੀ ਨੇ, ਸਹੇਲੀ ਦੇ ਘਰ। ਉਦੋਂ ਤਾਂ ਕੁੱਝ ਪਤਾ ਹੀ ਨਹੀਂ ਸੀ ਲੱਗਾ ਤੇ ਦੂਜੀ ਵਾਰ ਆਨੰਦ ਸਾਹਿਬ ਦੇ ਨਾਲ ਮਿਲ ਕੇ ਕਾਫ਼ੀ ਪੀ ਲਈ ਸੀ। ਚੰਗੀ ਖਾਸੀ ਚੜ੍ਹ ਗਈ ਸੀ। ਬੜੇ ਕੌੜੇ ਮਿੱਠੇ ਤਜਰਬੇ ਹੋਏ ਸੀ, ਪਰ ਸਵੇਰੇ ਉੱਠ ਕੇ ਮੇਰੀ ਤਬੀਅਤ ਏਨੀ ਖ਼ਰਾਬ ਰਹੀ ਸੀ ਕਿ ਮੂੰਹ ਲਾਉਣ ਤੋਂ ਡਰਦੀ ਰਹੀ। ਪਰ ਉਸ ਦਿਨ ਪਿਆਰੇ ਸੱਤੀ ਦਾ ਕਹਿਣਾ ਨਾ ਮੋੜ ਹੋਇਆ। ਏਕਣ ਲੱਗਦਾ ਸੀ ਬਈ ਮੈਂ ਉਹਦੀ ਕੋਈ ਵੀ ਗੱਲ ਮੋੜਨ ਜੋਗੀ ਨਹੀਂ ਰਹੀ। ਉਹ ਕਹਿ ਕੇ ਤਾਂ ਦੇਖੇ।
ਮੈਂ ਰੋਟੀ ਪਾ ਕੇ ਲਿਆਈ ਤਾਂ ਉਹਦੇ ਹੱਥ ਬੁਰਕੀ ਤੋੜ ਕੇ ਮੂੰਹ ’ਚ ਪਾਉਂਦੇ ਗ਼ਲਤੀਆਂ ਕਰ ਰਹੇ ਸੀ। ਅਸਲ ’ਚ ਬੁਰਕੀ ਤੋੜਦਿਆਂ, ਸਬਜ਼ੀ ਲਾਉਂਦਿਆਂ ਉਹਦੀ ਨਜ਼ਰ ਮੇਰੇ ’ਤੇ ਰਹਿਣੀ ਸੀ। ਉਹਨੇ ਖਾਣਾ ਬੰਦ ਕਰ ਦਿੱਤਾ। ਚੀਕਵੀਂ ਆਵਾਜ਼ ’ਚ ‘‘ਭਾਬੀ ਜੀ’’ ਕਹਿ ਕੇ ਮੇਜ਼ ’ਤੇ ਬਾਹਾਂ ਉੱਤੇ ਮੂੰਹ ਰੱਖ ਕੇ ਬਹਿ ਗਿਆ।
ਮੈਂ ਉਹਦੇ ਸਿਰ ’ਤੇ ਹੱਥ ਫੇਰਦਿਆਂ ਪਿਆਰ ਨਾਲ ਕਿਹਾ, ‘‘ਉੱਠ, ਚੱਲ ਪੈ ਜਾ।’’ ਉਹਨੇ ਚਿਹਰਾ ਉਤਾਂਹ ਚੁੱਕਿਆ ਤਾਂ ਲਾਲ ਭਬੂਕਾ ਹੋਇਆ ਪਿਆ ਸੀ। ਅੱਖਾਂ ਵੀ ਸੁਰਖ਼ ਸਨ। ਮੈਂ ਸਮਝ ਗਈ ਕਿ ਉਹ ਕੀ ਚਾਹੁੰਦਾ ਸੀ। ਮੇਰਾ ਦਿਮਾਗ਼ ਸੁੰਨ ਹੁੰਦਾ ਜਾਂਦਾ ਸੀ। ਮੈਂ ਸੋਚ ਰਹੀ ਸੀ ਕਿ ਹਿੰਦੂ ਧਰਮ ਉਸ ਆਤਮਾ ਬਾਰੇ ਕੀ ਕਹਿੰਦਾ ਹੈ ਜਿਹੜੀ ਇਸਤਰੀ ... ਪ੍ਰੇਮ ਲਈ ਭਟਕਦੀ ਸਰੀਰ ਛੱਡ ਜਾਵੇ।
ਮੈਂ ਉਹਨੂੰ ਸਹਾਰਾ ਦੇ ਕੇ ਉਠਾ ਕੇ ਉਹਦੇ ਮੰਜੇ ਤੱਕ ਲੈ ਗਈ। ਮੈਨੂੰ ਲੱਗਾ, ਮੇਰੇ ਪੈਰ ਵੀ ਠੀਕ ਤਰ੍ਹਾਂ ਨਹੀਂ ਸੀ ਟਿਕ ਰਹੇ।
ਰਜਾਈ ਉੱਤੇ ਦੇ ਕੇ ਮੈਂ ਪਰ੍ਹੇ ਹੋਣ ਲੱਗੀ ਤਾਂ ਉਹਨੇ ਮੇਰੀ ਸਾੜ੍ਹੀ ਫੜ ਲਈ। ਕਹਿੰਦਾ, ‘‘ਭਾਬੀ ਜੀ, ਮੈਨੂੰ ਇੱਕ ਵਾਰ ਨਿਰਮਲ ਨਾਲ ਮਿਲਾ ਦਿਉ।’’
ਮੇਰੇ ਅੰਦਰੋਂ ਹੂਕ ਨਿਕਲ ਗਈ, ‘‘ਮੈਂ ਕਿੱਥੋਂ ਲਿਆਵਾਂ ਮੇਰੀ ਜਾਨ ਤੈਨੂੰ ਨਿਰਮਲ। ਉਹ ਤਾਂ ਇੱਕ ਵਾਰ ਤੈਨੂੰ ਦੇਖਣ ਵੀ ਨਹੀਂ ਆਈ।”
ਬੇਵੱਸ, ਦਿਲ ’ਤੇ ਬੋਝ ਲੈ ਕੇ ਮੈਂ ਉਹਦੇ ਮੰਜੇ ’ਤੇ ਹੀ ਬਹਿ ਗਈ। ਉਹਨੂੰ ਚੁੰਮਿਆ ਤੇ ਪਿਆਰ ਨਾਲ ਉਹਦਾ ਸਿਰ ਚੁੱਕ ਕੇ ਆਪਣੀ ਗੋਦੀ ’ਚ ਰੱਖ ਲਿਆ। ਉਹਨੇ ਬੇਵੱਸੀ ’ਚ ਬਾਹਾਂ ਉਲਾਰੀਆਂ ਤੇ ਮੈਨੂੰ ਬਾਹਾਂ ਦੀ ਸਖ਼ਤ ਪਕੜ ’ਚ ਲੈ ਲਿਆ। ਜਿਵੇਂ ਡਰਿਆ ਬੱਚਾ ਆਪਣੀ ਮਾਂ ਨੂੰ ਚੰਬੜ ਜਾਂਦਾ ਹੈ।
ਮੈਂ ਇੱਕ ਵਾਰ ਤਾਂ ਜੜ ਹੋ ਗਈ। ਫੇਰ ਨਾ ਉਹਨੂੰ ਪਤਾ ਰਿਹਾ ਨਾ ਮੈਨੂੰ ਕਿ ਅਸੀਂ ਕੌਣ ਸੀ। ਮੈਂ ਉਹਦੀ ਭਾਬੀ ਸੀ, ਭੈਣ ਸੀ, ਮਾਂ ਸੀ ਜਾਂ ਪਤਨੀ।
ਮੇਰੇ ਸਾਹਮਣੇ ਉਹਦਾ ਦਮਕਦੇ ਮੱਥੇ, ਘਣੇ ਭਰਵੱਟਿਆਂ ਤੇ ਪਤਲੇ ਬੁੱਲ੍ਹਾਂ ਵਾਲਾ ਚਿਹਰਾ ਸੀ। ਜਾਂ ਚਿਹਰਾ ਵੀ ਨਹੀਂ, ਕੇਵਲ ਸਰੀਰ ਸੀ- ਅਗਨੀ ’ਚ ਤਪੇ ਲਾਲ ਲੋਹੇ ਵਰਗਾ। ਜਾਂ ਕੇਵਲ ਆਤਮਾ ਸੀ- ਨਿਰਮਲ, ਨਿਰਵਿਕਾਰ ਤੇ ਹੋਰ ਪਤਾ ਨਹੀਂ ਕੀ ਨਿਰ-ਨਿਰ। ਜਿਸ ’ਤੇ ਕੋਈ ਭੇਸ ਨਹੀਂ ਸੀ, ਆਵਰਨ ਨਹੀਂ ਸੀ। ਆਤਮਾਵਾਂ ਨਗਰ ਸਨ, ਕੱਪੜੇ ਤਾਂ ਸਰੀਰ ’ਤੇ ਸੀ। ... ਬਸ ਹਵਨ ਹੋ ਰਿਹਾ ਸੀ। ਆਹੂਤੀ ਪੈ ਰਹੀ ਸੀ। ਹਰ ਆਹੂਤੀ ’ਤੇ ਅਗਨੀ ਪ੍ਰਚੰਡ ਹੁੰਦੀ ਸੀ। ਸੁਆਹਾ ਸੁਆਹਾ ਦੀ ਧੁਨੀ ਉੱਠ ਰਹੀ ਸੀ।
ਸ਼ਾਂਤੀ ਪਾਠ ਹੋਇਆ ਤਾਂ ਉਹ ਥੱਕਿਆ ਚੂਰ ਜਿਹਾ ਸੌਣ ਲੱਗਾ। ਮੈਂ ਉਹਦੇ ਨਾਲ ਪਈ ਉਹਦੇ ਮਾਸੂਮ ਚਿਹਰੇ ਵੱਲ ਦੇਖਦੀ ਰਹੀ। ਮੈਨੂੰ ਤਦ ਯਾਦ ਆਇਆ, ਉਹਦੇ ਨਕਸ਼ ਉਸ ਮੁੰਡੇ ਨਾਲ ਰਲਦੇ ਮਿਲਦੇ ਸੀ ਜੀਹਨੂੰ ਮੈਂ ਇੱਕ ਵਾਰ ਦੇਖਣ ਲਈ ਕਿੰਨਾ-ਕਿੰਨਾ ਚਿਰ ਕੋਠੇ ’ਤੇ ਖੜ੍ਹੀ ਰਹਿੰਦੀ ਸੀ। ਮੈਂ ਉੱਠ ਕੇ ਉਹਨੂੰ ਭਰਵੱਟਿਆਂ ਦੇ ਵਿਚਕਾਰ ਚੁੰਮਿਆ ਤੇ ਰਜਾਈ ਦੇ ਕੇ ਆਪਣੇ ਪਲੰਘ ’ਤੇ ਆ ਪਈ। ... ਸੋਚਦੀ ਰਹੀ, ਅਸੀਂ ਕੀ ਕੀਤਾ ਹੈ? ਕੀ ਅਸੀਂ ਧਰਮ ਦੀ ਨਜ਼ਰ ’ਚ ਪੱਥ-ਭ੍ਰਸ਼ਟ ਹੋ ਗਏ ਹਾਂ? ਨਰਕ ਦੇ ਭਾਗੀ ਬਣ ਗਏ ਹਾਂ? ਮੈਨੂੰ ਲੱਗਿਆ ਕਿ ਸੱਚ ਉਹ ਹੈ ਜੋ ਪਰਿਸਥਿਤੀਆਂ ਸਾਨੂੰ ਦਿੰਦੀਆਂ ਹਨ।
ਸਵੇਰੇ ਐਤਵਾਰ ਸੀ। ਆਨੰਦ ਸਾਹਿਬ ਸੱਤ ਵਜੇ ਹੀ ਆ ਗਏ। ਸ਼ਾਇਦ ਉਹ ਹਰ ਐਤਵਾਰ ਨੂੰ ਹਵਨ ਕਰਨ ਦੇ ਨਿਯਮ ਨੂੰ ਤੋੜਨਾ ਨਹੀਂ ਸੀ ਚਾਹੁੰਦੇ। ਇਹਦੇ ਨਾਲ ਉਨ੍ਹਾਂ ਦਾ ਕੋਈ ਵਹਿਮ ਜੁੜਿਆ ਹੋਵੇਗਾ। ਮੈਂ ਸੱਤੀ ਨੂੰ ਜਗਾਇਆ ਕਿ ਨ੍ਹਾ ਲਵੇ।
ਹਵਨ ਕੁੰਡ ਦੁਆਲੇ ਆਨੰਦ ਸਾਹਿਬ ਮੇਰੇ ਸੱਜੇ ਹੱਥ ਬੈਠੇ ਸਨ ਤੇ ਸੱਤੀ ਖੱਬੇ। ਸਾਹਮਣੇ ਪਿਤਾ ਜੀ ਬੈਠੇ ਸਨ- ਪਿੱਲਰ ਦਾ ਸਹਾਰਾ ਲੈ ਕੇ। ਹਵਨ ਕੁੰਡ ਦੇ ਦੁਆਲੇ ਚਾਰੇ ਦਿਸ਼ਾਵਾਂ ’ਚ ਪਾਣੀ ਪਾਇਆ ਗਿਆ ਤੇ ਚੂਲੀ ’ਚ ਪਾਣੀ ਲੈ ਕੇ ਸਰੀਰ ਦੇ ਸਾਰੇ ਅੰਗਾਂ ਲਈ ਬਲ ਦੀ ਪ੍ਰਾਰਥਨਾ ਕੀਤੀ। ਮੈਂ ਪਾਣੀ ਦੇ ਕੁੱਝ ਕਤਰੇ ਆਪਣੇ ਉੱਤੇ ਸੁੱਟਣ ਦੇ ਨਾਲ ਸੱਤੀ ਉੱਤੇ ਵੀ ਸੁੱਟ ਦਿੱਤੇ। ਤਦੇ ਮੈਨੂੰ ਲੱਗਿਆ- ਅਸੀਂ ਕਿੰਨੀਆਂ ਆਸਾਂ ਲਾਉਂਦੇ ਹਾਂ ਅੰਗਾਂ ਦੇ ਬਲਵਾਨ ਹੋਣ ਦੀਆਂ, ਸੌ ਵਰ੍ਹੇ ਜਿਊਣ ਦੀਆਂ। ਸੱਤੀ ਦੇ ਤਾਂ ਹੁਣ ਤੀਹ ਦਿਨ ਵੀ ਬਾਕੀ ਨਹੀਂ ਰਹੇ।
ਦੂਜੇ ਕਮਰੇ ’ਚ ਜਾ ਕੇ ਮੈਂ ਆਨੰਦ ਸਾਹਿਬ ਨੂੰ ਪੁੱਛਿਆ, ‘‘ਕੁਰੂਕਸ਼ੇਤਰ ਵਾਲੇ ਵੈਦ ਨੇ ਕੀ ਕਿਹਾ?”
‘‘ਕੀ ਕਹਿਣਾ ਸੀ। ਕਹਿੰਦਾ ਬਿਮਾਰੀ ਪੱਕ ਚੁੱਕੀ ਹੈ। ਦਵਾਈ ਲਿਜਾਣੀ ਹੈ ਤਾਂ ਲੈ ਜੋ, ਨਹੀਂ ਨਾ ਸਹੀ। ... ਮੈਂ ਪੰਦਰਾਂ ਦਿਨਾਂ ਦੀ ਲੈ ਆਇਆ ਹਾਂ।’’
ਵਰਾਂਡੇ ’ਚ ਹਵਨ ਕੁੰਡ ’ਚੋਂ ਲਾਟਾਂ ਉੱਠ ਰਹੀਆਂ ਸਨ। ਪਿਤਾ ਜੀ ਪਿੱਲਰ ਦੇ ਸਹਾਰੇ ਬੈਠੇ ਸੀ। ਉਨ੍ਹਾਂ ਦੀ ਨਜ਼ਰ ਕਦੇ ਸੱਤੀ ਵੱਲ ਜਾਂਦੀ, ਕਦੇ ਅਗਨੀ ਵੱਲ ਤੇ ਕਦੇ ਆਸਮਾਨ ਵੱਲ। ਮੇਰਾ ਔਖਾ ਜਿਹਾ ਸਾਹ ਨਿਕਲਿਆ ਤਾਂ ਆਨੰਦ ਸਾਹਿਬ ਨੇ ਪੁੱਛਿਆ, ‘‘ਕਿਉਂ ਨਾ ਪੀ.ਜੀ.ਆਈ. ਚੰਡੀਗੜ੍ਹ ਲੈ ਚੱਲੀਏ। ਇੱਕ ਨਵਾਂ ਇਲਾਜ ਹੋਣ ਲੱਗਿਆ ਹੈ ਉੱਥੇ। ਪੱਟ ’ਤੇ ਝਰੀਟਾਂ ਪਾ ਕੇ ਦਵਾਈ ਪੇਂਟ ਕਰ ਦਿੰਦੇ ਨੇ। ਇੱਕ ਹਫ਼ਤਾ ਉਹਦਾ ਅਸਰ ਦੇਖਦੇ ਨੇ। ਨਾਲੇ ਬਿਜਲੀ ਵੀ ਲਾਉਂਦੇ ਨੇ। ਕਿੰਨੇ ਕੁ ਰੁਪਏ ਬਚੇ ਨੇ?’’
‘‘ਬਥੇਰੇ ਨੇ, ਜਿਵੇਂ ਤੁਹਾਡੀ ਮਰਜ਼ੀ।’’ ਕਹਿ ਕੇ ਮੈਂ ਰਸੋਈ ’ਚ ਚਲੀ ਗਈ। ਸੋਚਦੀ ਰਹੀ- ਪਤਾ ਨਹੀਂ ਇਹਨੇ ਕਿੱਥੇ-ਕਿੱਥੇ ਦੀ ਦਵਾਈ ਖਾ ਕੇ, ਕਿੱਥੇ, ਕਿਹੜੇ ਬਿਸਤਰੇ ’ਤੇ ਮਰਨਾ ਹੈ? ਚੰਡੀਗੜ੍ਹ ਕੀ ਬਣਨਾ ਹੈ? ਚੱਲੋ ਕੀ ਹਰਜ਼ ਹੈ।
ਸ਼ਾਮ ਨੂੰ ਸੱਤੀ ਦਿਨ ਭਰ ਘੁੰਮ ਫਿਰ ਕੇ ਆਇਆ ਤਾਂ ਉਹਦਾ ਦਿਲ ਟਿਕਦਾ ਨਹੀਂ ਸੀ। ਉਹ ਮੈਨੂੰ ਸੈਨਤ ਨਾਲ ਚੁਬਾਰੇ ’ਚ ਲੈ ਗਿਆ। ਹੇਰ ਫੇਰ ਪਾ ਕੇ ਗੱਲ ਕਰਨ ਲੱਗਾ। ਮੈਂ ਸਮਝ ਗਈ, ਉਹਦਾ ਦਿਲ ਪੀਣ ਨੂੰ ਕਰਦਾ ਸੀ, ਪਰ ਵੀਰ ਜੀ ਦਾ ਡਰ ਸੀ। ਮੈਂ ਉਹਨੂੰ ਉੱਥੇ ਹੀ ਸਭ ਕੁੱਝ ਫੜਾ ਆਈ।
ਆਨੰਦ ਸਾਹਿਬ ਸਾਬੂਦਾਣਾ ਲੈਣ ਮਾਰਕੀਟ ਤੱਕ ਗਏ ਤਾਂ ਸੱਤੀ ਝੱਟ ਦੇਣੀ ਹੇਠਾਂ ਉਤਰ ਆਇਆ। ਰਸੋਈ ’ਚ ਮੇਰੇ ਪਿਛਾਂਹ ਖੜ੍ਹਾ ਹੋ ਗਿਆ। ਉਹਦਾ ਸਾਹ ਬਹੁਤ ਤੇਜ਼ ਚੱਲ ਰਿਹਾ ਸੀ। ਮੈਂ ਮੁੜ ਕੇ ਦੇਖਿਆ, ਉਹਦੀਆਂ ਅੱਖਾਂ ਸੁਰਖ਼ ਸਨ ਅਤੇ ਮੱਥਾ ਚਮਕਦਾ ਸੀ। ਉਹਨੇ ਅੰਗਰੇਜ਼ੀ ’ਚ ਕਿਹਾ, ‘‘ਪਲੀਜ਼ ਕਿਸ ਮੀ।”
ਮੈਂ ਉਹਦੇ ਮੱਥੇ ਦੇ ਵਾਲ ਹਟਾਏ ਤੇ ਜੱਫੀ ’ਚ ਲੈ ਕੇ ਚੁੰਮ ਲਿਆ। ਤੇ ਕੁਝ ਚਿਰ ਉਹਨੂੰ ਉਸੇ ਤਰ੍ਹਾਂ ਗਲ ਲਾਈ ਖੜ੍ਹੀ ਰਹੀ। ਤਦੇ ਮੈਨੂੰ ਮਹਿਸੂਸ ਹੋਇਆ ਕਿ ਇੱਥੋਂ ਪਾਪ ਸ਼ੁਰੂ ਹੁੰਦਾ ਹੈ, ਜਦੋਂ ਮਨੁੱਖ ਆਪਣੇ ਸੁਆਰਥ ਵਾਸਤੇ ਕੁੱਝ ਕਰਦਾ ਹੈ। ਮੈਂ ਇਕਦਮ ਪਿਛਾਂਹ ਹਟ ਗਈ। ਪਰ ਉਹ ਨਾਲੋਂ ਨਹੀਂ ਸੀ ਟੁੱਟ ਰਿਹਾ। ਮੈਂ ਉਹਨੂੰ ਸਮਝਾਇਆ, ਆਨੰਦ ਸਾਹਿਬ ਦਾ ਡਰ ਦਿੱਤਾ ਤੇ ਲਾਰਾ ਲਾਇਆ ਤਾਂ ਉਹ ਵਰਾਂਡੇ ’ਚ ਜਾ ਕੇ ਬਹਿ ਗਿਆ। ਇਸੇ ਗੱਲੋਂ ਮੈਂ ਸਫ਼ਾਈਆਂ ਤੇ ਭਾਂਡਿਆਂ ਵਾਸਤੇ ਲਾਈ ਕੁੜੀ ਹਟਾ ਦਿੱਤੀ ਸੀ। ਇਸੇ ਡਰੋਂ ਮੈਂ ਉਹਨੂੰ ਤਾਇਆ ਜੀ ਦੀ ਨੂੰਹ ਕੋਲ ਨਹੀਂ ਸੀ ਜਾਣ ਦੇਂਦੀ।
ਖਾਣਾ ਖਾਣ ਬਾਅਦ ਆਨੰਦ ਸਾਹਿਬ ਸੈਰ ਕਰਨ ਗਏ ਤਾਂ ਸੱਤੀ ਫੇਰ ਬੱਚਿਆਂ ਵਾਂਗ ਜ਼ਿੱਦ ਕਰਨ ਲੱਗ ਪਿਆ। ਮੇਰੇ ਰੋਕਦਿਆਂ-ਰੋਕਦਿਆਂ ਉਸ ਨੇ ਬੈੱਡਰੂਮ ਦੀ ਬੱਤੀ ਬੁਝਾ ਦਿੱਤੀ।
ਉਹ ਸ਼ਾਂਤ ਹੋ ਕੇ ਉਂਘਲਾਉਣ ਲੱਗਾ ਤਾਂ ਮੈਨੂੰ ਲੱਗਿਆ- ਮੇਰਾ ਮਰਨ ਵਾਲਾ ਬੱਚਾ ਮੇਰੇ ਨਾਲ ਪਿਆ ਹੈ। ਮੈਨੂੰ ਹੋਸ਼ ਆਈ ਤਾਂ ਮੈਂ ਸੱਤੀ ਨੂੰ ਉਸੇ ਤਰ੍ਹਾਂ ਲਈ ਪਈ ਸੀ, ਜਿਵੇਂ ਮਾਂ ਆਪਣੇ ਨਾਲ ਲੇਟੇ ਬੱਚੇ ਨੂੰ ਦੁੱਧ ਚੁੰਘਾਉਂਦੀ ਸੌਂ ਚੱਲੀ ਹੋਵੇ ਤੇ ਫਿਰ ਬੱਚਾ ਵੀ।
ਉੱਠ ਕੇ ਮੈਂ ਤੇਜ਼ੀ ਨਾਲ ਬਾਥਰੂਮ ’ਚ ਗਈ। ਬਰੱਸ਼ ਕੀਤਾ, ਕੁਰਲੀਆਂ ਕੀਤੀਆਂ। ਮੇਰੇ ਅੰਦਰ ਡਰ ਬੈਠ ਗਿਆ। ਪਹਿਲਾਂ-ਪਹਿਲਾਂ ਮੈਂ ਆਪਣੇ ਬੁੱਲ੍ਹ ਬਚਾਉਣ ਲਈ ਮੂੰਹ ’ਤੇ ਕੱਪੜਾ ਰੱਖਦੀ ਸੀ, ਪਰ ਕੁੱਝ ਉਹਦੇ ਜ਼ੋਰ ਪਾਉਣ ਤੇ ਕੁੱਝ ਆਪਣੀ ਬੇਵੱਸੀ ’ਚ ਭੁੱਲ ਗਈ ਕਿ ਉਹ ਕੈਂਸਰ ਦਾ ਰੋਗੀ ਸੀ।
ਦੁਪਹਿਰੇ ਮੈਂ ਕਾਹਲੀ ਨਾਲ ਡਾਕਟਰ ਪੁਰੀ ਕੋਲ ਗਈ। ਉਨ੍ਹਾਂ ਨੂੰ ਨਵੀਂ ਰੱਖੀ ਨੌਕਰਾਣੀ ਨਾਲ ਸੱਤੀ ਦੀ ਗੱਲ ਜੋੜ ਕੇ ਦੱਸੀ ਤਾਂ ਉਹ ਕਹਿੰਦੇ, ‘‘ਗੱਲ ਕੋਈ ਨਹੀਂ। ਨੋ ਇਨਫੈਕਸ਼ਨ।’’ ਪਰ ਮੇਰਾ ਵਹਿਮ ਪੂਰਾ ਨਾ ਗਿਆ।
ਚੰਡੀਗੜ੍ਹ ਸਾਡੇ ਕਈ ਰਿਸ਼ਤਦਾਰ ਨੇ, ਪਰ ਅਸੀਂ ਕਿਸੇ ਦੇ ਨਹੀਂ ਗਏ। ਰੋਗੀ ਨੂੰ ਲੈ ਕੇ ਜਾਣਾ ਕੀ ਚੰਗਾ ਲੱਗੇ। ਹਸਪਤਾਲ ਨੇੜੇ ਪੰਦਰਾਂ ਸੈਕਟਰ ’ਚ ਕਮਰਾ ਰਸੋਈ ਲੈ ਕੇ ਰਹਿਣ ਲੱਗੇ। ਹਸਪਤਾਲ ਤੋਂ ਵਿਹਲੇ ਹੋ ਕੇ ਅਸੀਂ ਦਿਉਰ ਭਰਜਾਈ ਪਕਾਉਂਦੇ ਖਾਂਦੇ, ਤਾਸ਼ ਖੇਡਦੇ, ਸ਼ਾਮ ਨੂੰ ਸੈਰ ਨੂੰ ਨਿਕਲ ਜਾਂਦੇ ਜਾਂ ਸ਼ਾਪਿੰਗ ਸੈਂਟਰਾਂ ਨੂੰ। ਲੋਕਾਂ ਦੀ ਭੀੜ ’ਚ ਸੱਤੀ ਦਾ ਦਿਲ ਲੱਗਦਾ ਸੀ। ਉਹ ਜੋ ਕੁੱਝ ਪਸੰਦ ਕਰਦਾ, ਮੈਂ ਖ਼ਰੀਦ ਲੈਂਦੀ। ਕਈ ਕਾਸਮੈਟਿਕਸ ਉਹ ਮੇਰੇ ਵਾਸਤੇ ਵੀ ਪਸੰਦ ਕਰਦਾ, ਮੈਂ ਖ਼ਰੀਦ ਲੈਂਦੀ। ਇੱਕ ਦਿਨ ਉਹਨੂੰ ਇੱਕ ਸਕਾਰਫ ਭਾ ਗਿਆ। ਏਨੇ ਗੂੜ੍ਹੇ ਲਾਲ, ਨੀਲੇ, ਪੀਲੇ ਰੰਗਾਂ ਦਾ ਉਹ ਸਕਾਰਫ ਮੈਨੂੰ ਕੀ ਚੰਗਾ ਲੱਗਣਾ ਸੀ, ਪਰ ਸੱਤੀ ਦੀ ਖ਼ਾਹਿਸ਼ ਸੀ ਜਾਂ ਜ਼ਿੱਦ। ਮੈਨੂੰ ਦੁਕਾਨ ਤੋਂ ਬੰਨ੍ਹ ਕੇ ਉਹਦੇ ਨਾਲ ਤੁਰ ਕੇ ਘਰ ਤੱਕ ਆਉਣਾ ਪਿਆ। ਬੰਨ੍ਹ ਕੇ ਹੀ ਬਿਸਤਰੇ ’ਤੇ ਪੈਣਾ ਪਿਆ।
ਠੰਢ ਨਹੀਂ ਸੀ ਰਹੀ। ਉਹ ਤਾਂ ਵੀ ਚਾਹੁੰਦਾ ਸੀ ਕਿ ਰਾਤ ਨੂੰ ਬੂਹੇ ਬਾਰੀਆਂ ਬੰਦ ਹੋਣ। ਇਸਤਰੀ ਨੂੰ ਦੇਖਣ ਦੀ ਉਹਦੀ ਭੁੱਖ ਮਿਟਦੀ ਨਹੀਂ ਸੀ। ਕਦੇ-ਕਦੇ ਉਹ ਮੈਨੂੰ ਦੇਖਦਾ-ਦੇਖਦਾ, ਸੋਚਦਾ-ਸੋਚਦਾ ਮੇਰੇ ਸੀਨੇ ਲੱਗ ਕੇ ਰੋਣ ਲੱਗ ਪੈਂਦਾ।
ਹਸਪਤਾਲ ’ਚ ਕੋਈ ਮੈਨੂੰ ਪੁੱਛਦਾ- ਕਿਉਂ ਬੀਬੀ, ਇਹ ਤੇਰਾ ਭਾਈ ਐ - ਮੈਂ ਹਾਂ ਕਹਿ ਦੇਂਦੀ। ਜੇ ਕੋਈ ਪੁੱਛਦੀ- ਤੇਰਾ ਪੁੱਤ ਐ- ਮੈਂ ਤਾਂ ਵੀ ਹਾਂ ਹੀ ਕਹਿੰਦੀ। ਜੇ ਕੋਈ ਪੁੱਛਦੀ- ਤੇਰਾ ਕੀ ਲੱਗਦੈ- ਮੈਂ ਚੁੱਪ ਹੀ ਰਹਿੰਦੀ। ਕੀ ਦੱਸਦੀ... ਚੰਡੀਗੜ੍ਹ ’ਚ ਉਹ ਮੇਰਾ ਪਤੀ ਬਣ ਕੇ ਰਹਿ ਰਿਹਾ ਸੀ... ਮੇਰੇ ਸਰੀਰ ਦਾ ਸੁਆਮੀ।
ਹੁਣ ਔਰਤ ਉਹਦੇ ਵਾਸਤੇ ਕੋਈ ਭੇਤ ਨਹੀਂ, ਰੁਟੀਨ ਬਣ ਗਈ ਸੀ। ਉਹਦਾ ਆਪਣਾ ਸਰੀਰ ਦਿਨੋਂ ਦਿਨ ਕਮਜ਼ੋਰ ਹੋਣ ਲੱਗ ਪਿਆ ਸੀ। ਬਿਜਲੀ ਦੇ ਇਲਾਜ ਕਰਕੇ ਜਾਂ ਉਸ ਦੀ ਮਾਨਸਿਕ ਹਾਲਤ ਕਰਕੇ, ਕੁੱਝ ਕਿਹਾ ਨਹੀਂ ਸੀ ਜਾ ਸਕਦਾ। ਉਹਦੀ ਜ਼ਿੱਦ ਤੇ ਮੰਗ ਵੀ ਘਟਣ ਲੱਗ ਪਈ ਸੀ ਤੇ ਖਾਣ ਪਹਿਨਣ ਤੋਂ ਵੀ ਦਿਲ ਉਚਾਟ ਹੋਣ ਲੱਗ ਪਿਆ ਸੀ। ਉਹ ਕਦੇ ਸ਼ਰਾਬ ਪੀਂਦਾ, ਕਦੇ ਸਮਾਧੀਆਂ ਲਾਉਂਦਾ ਤੇ ਕਦੇ ਗੀਤਾ ਦੇ ਸ਼ਲੋਕ ਉੱਚੀ ਆਵਾਜ਼ ’ਚ ਪੜ੍ਹਦਾ ਰਹਿੰਦਾ। ਮੈਂ ਸੋਚਦੀ ਕਿ ਉਹਦਾ ਵਾਰ-ਵਾਰ ਇਹ ਸ਼ਲੋਕ ਪੜ੍ਹਨਾ... ‘ਨੈਨਮ ਛਿੰਦਿਅੰਤੀ ਸ਼ਸਤ੍ਰਾਣੀ...’ ਕਿਸੇ ਨੂੰ ਸਹਾਰਾ ਕਿਵੇਂ ਦੇ ਸਕਦਾ ਹੈ। ਬੰਦਾ ਰੋਂਦਾ ਤਾਂ ਸਰੀਰ ਨੂੰ ਹੈ। ਆਤਮਾ ਦੇ ਅਮਰ ਅਜਰ ਹੋਣ ਨਾਲ ਉਹਨੂੰ ਕੀ ਫ਼ਰਕ ਪੈਂਦਾ ਹੈ।
ਪੀ.ਜੀ.ਆਈ. ਦਾ ਕੋਰਸ ਪੂਰਾ ਕਰਕੇ ਅਸੀਂ ਘਰ ਆਏ ਤਾਂ ਉਹਨੂੰ ਦਲੀਆ ਖਾਣਾ ਵੀ ਔਖਾ ਹੋ ਗਿਆ ਸੀ। ਕਦੇ-ਕਦੇ ਹਾਲਤ ਇਕਦਮ ਵਿਗੜ ਜਾਂਦੀ। ਸਾਹ ਲੈਣਾ ਮੁਸ਼ਕਿਲ ਹੋ ਜਾਂਦਾ। ਉਹ ਸਵੇਰ ਤੋਂ ਸ਼ਾਮ ਤੱਕ ਵਰਾਂਡੇ ’ਚ ਆਪਣੇ ਮੰਜੇ ’ਤੇ ਲੇਟਿਆ ਗੇਟ ਵੱਲ ਦੇਖਦਾ ਰਹਿੰਦਾ। ਕਦੇ-ਕਦੇ ਅਚਾਨਕ ਡਰ ਜਾਂਦਾ। ਉਹਦੀ ਬਾਂਹ, ਲੱਤ ਜਾਂ ਸਾਰਾ ਸਰੀਰ ਕੰਬ ਜਾਂਦਾ, ਪਰ ਗੇਟ ਵੱਲ ਦੇਖਣ ਦਾ ਉਹਦਾ ਅਮਲ ਨਾ ਮੁੱਕਦਾ।
ਇੱਕ ਦਿਨ ਪਿਤਾ ਜੀ ਨੇ ਪੁੱਛ ਲਿਆ, ‘‘ਸੱਤੀ ਦਾ ਕੀ ਹਾਲ ਐ? ਪੀ.ਜੀ.ਆਈ. ਦਾ ਡਾਕਟਰ ਕੀ ਕਹਿੰਦੈ?’’
ਮੈਂ ਸਮਝ ਗਈ। ਮੇਰੇ ਪਿੱਛੋਂ ਤਾਈ ਆਈ ਹੋਵੇਗੀ। ਸਭ ਕੁੱਝ ਦੱਸ ਗਈ। ਮੈਂ ਕੋਈ ਜਵਾਬ ਨਾ ਦੇ ਸਕੀ ਤਾਂ ਪਿਤਾ ਜੀ ਖਿਝ ਗਏ। ਉਨ੍ਹਾਂ ਦੇ ਬੁੱਲ੍ਹ ਫੜਕਣ ਲੱਗ ਪਏ। ਇਹ ਨਿਸ਼ਾਨੀ ਹੈ ਸਾਰੇ ਆਨੰਦ ਖਾਨਦਾਨ ਦੇ ਗੁੱਸੇ ਜਾਂ ਦੁਖੀ ਹੋਣ ਦੀ। ਮੈਂ ਡਰ ਗਈ। ਦੱਸ ਦਿੱਤਾ ਕਿ ਸੱਤੀ ਹੁਣ ਬਹੁਤਾ ਚਿਰ ਨਹੀਂ ਰਹਿਣਾ। ਆਖ ਕੇ ਮੈਂ ਭਾਂਡੇ ਚੁੱਕ ਕੇ ਛੇਤੀ ਦੇਣੀ ਰਸੋਈ ’ਚ ਚਲੀ ਗਈ। ਮੈਂ ਨਹੀਂ ਸੀ ਚਾਹੁੰਦੀ ਕਿ ਪਿਤਾ ਜੀ ਮੇਰੇ ਹੰਝੂ ਦੇਖਣ ਜਾਂ ਮੈਨੂੰ ਉਨ੍ਹਾਂ ਦੇ ਹੰਝੂ ਦੇਖਣੇ ਪੈਣ। ਉਨ੍ਹਾਂ ਦੀ ਏਨੀ ਗੱਲ ਫੁਸਕਦੀ ਮੇਰੇ ਪਿੱਛੇ ਆਈ ਸੀ ... ‘‘ਪਿੰਡ ਦੀ ਜ਼ਮੀਨ ਵੇਚ ਦਿਉ।’’
ਸ਼ਾਮ ਨੂੰ ਚਾਹ ਵੇਲੇ ਪਿਤਾ ਜੀ ਨੇ ਸੱਤੀ ਨੂੰ ਬੁਲਾਇਆ। ਉਹ ਸਾਹਮਣੀ ਕੁਰਸੀ ’ਤੇ ਆ ਬੈਠਾ। ਪਿਤਾ ਜੀ ਦੇਖਦੇ ਰਹੇ। ਫੇਰ ਕੁੱਝ ਫੁਸਫੁਸਾ ਕੇ ਹੱਥ ਜੋੜ ਕੇ ਅੱਖਾਂ ਮੀਚ ਲਈਆਂ। ਮੈਂ ਸੱਤੀ ਨੂੰ ਇਸ਼ਾਰੇ ਨਾਲ ਉਠਾ ਦਿੱਤਾ।
ਇੱਕ ਦਿਨ ਵਰਾਂਡੇ ’ਚ ਸੱਤੀ ਨੂੰ ਸਿਗਰਟ ਪੀਂਦੇ ਛੱਡ ਕੇ ਰਸੋਈ ’ਚ ਗਈ ਤਾਂ ਚੀਕ ਸੁਣਾਈ ਦਿੱਤੀ। ਮੈਂ ਭੱਜ ਕੇ ਆਈ। ਉਹ ਆਰਾਮ ਕੁਰਸੀ ਤੋਂ ਡਿੱਗਿਆ ਪਿਆ ਸੀ ਤੇ ਸਿਗਰਟ ਫਰਸ਼ ’ਤੇ ਪਿਆ ਸੁਲਗ਼ ਰਿਹਾ ਸੀ। ਜ਼ਰਾ ਸਹਾਰੇ ਨਾਲ ਉਹ ਉੱਠ ਬੈਠਾ।
ਕਹਿੰਦਾ... ਭਾਬੀ ਜੀ, ਮੇਰਾ ਸਾਹ ਰੁਕਣ ਲੱਗਾ ਸੀ।
ਮੈਂ ਦੇਸੀ ਘੀ ਉਹਦੇ ਗਲ ਨੂੰ ਮਲਦੀ ਰਹੀ।
ਆਖ਼ਰ ਡੈੱਡ ਲਾਈਨ ਵੀ ਆ ਗਈ। ਉਹ ਆਖ਼ਰੀ ਰਾਤ ਸੀ। ਮੈਨੂੰ ਨੀਂਦ ਨਹੀਂ ਸੀ ਆ ਰਹੀ। ਆਨੰਦ ਸਾਹਿਬ ਗਾਇਤ੍ਰੀ ਦਾ ਪਾਠ ਕਰ ਰਹੇ ਸਨ, ਪਰ ਸੱਤੀ ਸੁੱਤਾ ਪਿਆ ਸੀ। ਮੈਂ ਵਿੱਚ ਨੂੰ ਦੋ ਵਾਰ ਉਹਨੂੰ ਦੇਖ ਆਈ ਸੀ।
ਅਚਾਨਕ ਉਹਦੇ ਔਖੇ ਸਾਹਾਂ ਦੀ ਆਵਾਜ਼ ਰੁਕ ਗਈ। ਕੁੱਝ ਪਲ ਮੈਂ ਸਾਹ ਰੋਕੀ ਪਈ ਰਹੀ। ਫੇਰ ਉੱਠ ਕੇ ਉਹਦੇ ਕਮਰੇ ’ਚ ਗਈ। ਪੋਲੇ ਜਿਹੇ ਖੇਸੀ ਦਾ ਲੜ ਚੁੱਕ ਕੇ ਦੇਖਿਆ... ਉਹਦਾ ਸਾਹ ਚੱਲ ਰਿਹਾ ਸੀ, ਪਰ ਉਹਦਾ ਚਿਹਰਾ ਪੀਲਾ ਹੋ ਗਿਆ ਸੀ। ਝੁਕੀ ਹੋਈ ਮੈਂ ਉਸ ਚਿਹਰੇ ਨੂੰ ਨਿਹਾਰਦੀ ਰਹੀ, ਜਿਹੜਾ ਕਦੇ ਲਾਲ ਗੁਲਾਬ ਸੀ।
ਆਪਣੇ ਕਮਰੇ ’ਚ ਆ ਕੇ ਮੈਂ ਟਾਈਮ ਦੇਖਿਆ। ਪੌਣੇ ਬਾਰਾਂ ਵੱਜ ਚੁੱਕੇ ਸਨ। ਮੈਂ ਆਨੰਦ ਸਾਹਿਬ ਨੂੰ ਨੀਂਦ ਵਾਲੀ ਗੋਲੀ ਦਿੱਤੀ ਤਾਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ।
ਉਹ ਰਾਤ ਨਿਕਲ ਗਈ ਡਾਕਟਰ ਪੁਰੀ ਦੀ ਡੈੱਡ ਲਾਈਨ।
ਸਵੇਰੇ ਉੱਠ ਕੇ ਆਨੰਦ ਸਾਹਿਬ ਨੇ ਫੇਰ ਹਵਨ ਕੀਤਾ। ਪਿਤਾ ਜੀ ਦੇ ਹੁਕਮ ਅਨੁਸਾਰ ਕਿੰਨਾ ਸਾਰਾ ਅਨਾਜ ਤੇ ਵਸਤਰ ਸੱਤੀ ਦੇ ਹੱਥੋਂ ਮਣਸਾਇਆ ਗਿਆ।
ਤੀਜੇ ਕੁ ਪਹਿਰ ਸੱਤੀ ਆਰਾਮ ਕੁਰਸੀ ’ਤੇ ਬੈਠਾ ਡਿੱਗ ਪਿਆ। ਆਨੰਦ ਸਾਹਿਬ ਘਰੇ ਸਨ। ਅਸੀਂ ਕਾਹਲ ਨਾਲ ਚੁੱਕ ਕੇ ਡਾਕਟਰ ਪੁਰੀ ਦੇ ਕਲੀਨਿਕ ਲੈ ਗਏ। ਉਨ੍ਹਾਂ ਨੇ ਪਤਾ ਨਹੀਂ ਕਿਵੇਂ ਕੀ ਕੀਤਾ ਕਿ ਸਾਹ ਠੀਕ ਹੋ ਗਿਆ। ਫੇਰ ਦਸਾਂ ਦਿਨਾਂ ’ਚ ਪੂਰਾ ਸਿਹਤਮੰਦ ਹੋ ਕੇ ਉਹਨੇ ਪੁਰੀ ਨੂੰ ਵੀ ਹੈਰਾਨ ਕਰ ਦਿੱਤਾ।
ਉਹ ਮੁੜ ਕੇ ਘੋੜੇ ਵਰਗਾ ਹੋ ਗਿਆ। ਸਭ ਕੁੱਝ ਖਾਂਦਾ ਪੀਂਦਾ ਤੇ ਅਵਾਰਾਗਰਦੀ ਕਰਦਾ। ਫੇਰ ਉਹ ਉਹੋ ਸਾਰੇ ਕੰਮ ਕਰਨ ਲੱਗ ਪਿਆ, ਜਿਹੜੇ ਮੈਨੂੰ ਚੰਗੇ ਨਹੀਂ ਲੱਗਦੇ। ਜਿਨ੍ਹਾਂ ਕਰਕੇ ਮੈਨੂੰ ਉਸ ’ਤੇ ਅਤੇ ਆਪਣੇ ਆਪ ’ਤੇ ਸ਼ਰਮ ਆਉਂਦੀ। ਉਹ ਅਕਸਰ ਸੰਤੋਸ਼ ਕੋਲ ਚੁਬਾਰੇ ’ਚ ਬੈਠਾ ਰਹਿੰਦਾ। ਤਾਇਆ ਜੀ ਦੇ ਲਫੈਂਡ ਮੁੰਡਿਆਂ ਨਾਲ ਪੀਂਦਾ ਤੇ ਲੱਚਰ ਜਿਹੀਆਂ ਹਰਕਤਾਂ ਕਰਦਾ। ਧੱਕੇ ਨਾਲ ਹੀ ਮੇਰੇ ਪਰਸ ’ਚੋਂ ਪੈਸੇ ਕੱਢ ਲੈ ਜਾਂਦਾ। ਇੱਥੋਂ ਤੱਕ ਕਿ ਮੈਂ ਉਹਨੂੰ ਕਦੇ ਪਿਆਰ ਕਰਦੀ ਤਾਂ ਉਹਦੀ ਨਜ਼ਰ ’ਚ ਉਹ ਪਿਆਰ ਹੀ ਨਾ ਦਿਸਦਾ। ਲੱਗਦਾ, ਜਿਵੇਂ ਕੋਈ ਬਦਮਾਸ਼ ਦੇਖਦਾ ਹੈ। ਜਿਵੇਂ ਮੈਨੂੰ ਫੜਨਾ ਉਹਦਾ ਅਧਿਕਾਰ ਹੁੰਦਾ ਹੈ। ਜਿਵੇਂ ਕਿਸੇ ਤੋਂ ਵੀ ਕੋਈ ਚੀਜ਼ ਉਧਾਰ ਜਾਂ ਮੰਗਵੀਂ ਲੈਣੀ ਉਹਦਾ ਹੱਕ ਬਣ ਗਿਆ...
ਜੀਹਦੀ ਬਦਮਾਸ਼ੀ ਦਾ ਕਾਰਨ ਸ਼ਕਤੀ ਨਹੀਂ, ਕੈਂਸਰ ਸੀ। ਕੈਂਸਰ ਉਸ ਨੂੰ ਮਾਰ ਰਿਹਾ ਸੀ ਤੇ ਕੈਂਸਰ ਨਾਲ ਉਹ ਸਾਨੂੰ ਮਾਰ ਰਿਹਾ ਸੀ।
ਡੇਢ ਕੁ ਮਹੀਨੇ ਬਾਅਦ ਉਹਦੀ ਤਬੀਅਤ ਫੇਰ ਵਿਗੜਨ ਲੱਗ ਪਈ। ਥੁੱਕ ’ਚ ਖ਼ੂਨ ਵਰਗਾ ਕੁੱਝ ਆਉਂਦਾ ਤਾਂ ਉਹ ਹੌਲ ਜਾਂਦਾ। ਆਨੰਦ ਸਾਹਿਬ ਘਬਰਾ ਜਾਂਦੇ। ਮੈਂ ਫੇਰ ਦਵਾਈਆਂ ਦਾ ਜ਼ੋਰ ਪਾ ਦਿੱਤਾ।
ਇੱਕ ਰਾਤ ਥੱਕੇ ਹਾਰੇ ਆਨੰਦ ਸਾਹਿਬ ਬੈਠੇ ਸੋਚਦੇ ਬੋਲੇ, ‘‘ਪਤਾ ਨਹੀਂ ਹੋਰ ਕਿੰਨਾ ਚਿਰ ਇਹ... ਨਰਕ?’’
‘‘ਪਰਮਾਤਮਾ ਦਾ ਨਾਉਂ ਲਉ, ਸਭ ਦੁੱਖ ਕੱਟ ਜਾਣਗੇ।” ਉਨ੍ਹਾਂ ਦੀ ਗੱਲ ਦਾ ਜਵਾਬ ਮੈਂ ਦੇ ਤਾਂ ਦਿੱਤਾ, ਪਰ ਮੈਨੂੰ ਇਹ ਸਮਝ ਨਹੀਂ ਸੀ ਆ ਰਹੀ ਕਿ ਉਹ ਕੀਹਦੇ ਨਰਕ ਦੀ ਗੱਲ ਕਰਦੇ ਸੀ... ਸੱਤੀ ਦੇ, ਪਿਤਾ ਜੀ ਦੇ ਜਾਂ ਆਪਣੇ। ਦਿਲ ’ਚ ਆਇਆ ਕਹਿ ਦਿਆਂ ਪਈ ਜੋ ਕੁਝ ਤੁਸੀਂ ਭੋਗ ਰਹੇ ਹੋ, ਜੇ ਉਹ ਨਰਕ ਹੈ ਤਾਂ ਉਹ ਕੀ ਹੈ ਜੋ ਮੈਂ ਭੋਗ ਰਹੀ ਹਾਂ?
ਸੱਤੀ ਦਿਨੇ ਪਤਾ ਨਹੀਂ ਕਿੱਥੇ ਫਿਰਦਾ, ਪਰ ਹਨੇਰਾ ਪੈਂਦੇ ਸਾਰ ਘਰ ਆ ਜਾਂਦਾ। ਉਹ ਡਰਿਆ ਜਿਹਾ ਹੁੰਦਾ। ਤੇ ਰਾਤ ਨੂੰ ਮੰਜੇ ’ਤੇ ਪਿਆ ਧਰਮ-ਗ੍ਰੰਥ ਪੜ੍ਹਦਾ ਰਹਿੰਦਾ। ਉਹਦਾ ਮੂੰਹ ਹਮੇਸ਼ਾਂ ਗੇਟ ਵੱਲ ਹੁੰਦਾ। ਦਿਨੇ ਤਾਂ ਉਹ ਬੈਠਦਾ ਹੀ ਵਰਾਂਡੇ ’ਚ ਗੇਟ ਵੱਲ ਮੂੰਹ ਕਰਕੇ ਸੀ।
ਕਦੇ-ਕਦੇ ਉਹਦੇ ਚਿਹਰੇ ’ਤੇ ਏਨੀ ਸ਼ਾਂਤੀ ਹੁੰਦੀ ਕਿ ਭਗਤਾਂ ’ਤੇ ਕੀ ਹੋਣੀ ਹੈ, ਪਰ ਕਦੇ-ਕਦੇ ਏਨੀ ਵਿਆਕੁਲਤਾ ਹੁੰਦੀ ਕਿ ਲੱਗਦਾ, ਉਹਨੂੰ ਕਾਹਲ ਪਈ ਹੋਈ ਹੈ। ਉਹ ਕਿਸੇ ਦੀ ਉਡੀਕ ’ਚ ਹੈ। ਜਿਵੇਂ ਕੋਈ ਪਲੈਟਫਾਰਮ ’ਤੇ ਬੈਠਾ ਗੱਡੀ ਦੀ ਉਡੀਕ ਕਰ ਰਿਹਾ ਹੋਵੇ। ਜਾਂ ਜਿਵੇਂ ਗੱਡੀ ਲੰਘ ਗਈ ਹੋਵੇ ਤੇ ਪਲੈਟਫਾਰਮ ਸੁੰਨਾ ਹੋ ਗਿਆ ਹੋਵੇ।
ਇੱਕ ਦਿਨ ਚੌਂਕੜੀ ਮਾਰੀ, ਅੱਖਾਂ ਮੀਚੀ ਬੈਠਾ ਸੀ। ਮੈਂ ਸਾਹਮਣੇ ਜਾ ਖੜ੍ਹੀ। ਉਹਨੇ ਅੱਖਾਂ ਖੋਲ੍ਹੀਆਂ, ਫੇਰ ਬੰਦ ਕਰਕੇ ਹੱਥ ਜੋੜੇ ਤੇ ਸਿਰ ਝੁਕਾ ਦਿੱਤਾ।
ਮਰਨ ਤੋਂ ਇੱਕ ਰਾਤ ਪਹਿਲਾਂ ਪਤਾ ਨਹੀਂ ਉਹਨੂੰ ਕਿਵੇਂ ਪਤਾ ਲੱਗ ਗਿਆ ਸੀ। ਉਹਨੇ ਇਸ਼ਾਰੇ ਨਾਲ ਮੈਨੂੰ ਆਪਣੇ ਮੰਜੇ ’ਤੇ ਬੁਲਾਇਆ। ਮੈਂ ਵਿਚਕਾਰਲੇ ਦਰਵਾਜ਼ੇ ਦੀ ਬੋਲਟ ਲਾ ਕੇ ਉਹਦੇ ਕੋਲ ਬਹਿ ਗਈ। ਫੇਰ ਉਹਦੇ ਕਹਿਣ ’ਤੇ ਨਾਲ ਲੇਟ ਗਈ। ਉਹ ਮੇਰੇ ਵੱਲ ਦੇਖਦਾ ਰਿਹਾ, ਦੇਖਦਾ ਰਿਹਾ। ਫੇਰ ਉਹਦੀਆਂ ਬੁਝੀਆਂ ਜਿਹੀਆਂ ਅੱਖਾਂ ’ਚ ਹੰਝੂ ਆ ਗਏ। ਇਕਦਮ ਮੈਂ ਉਹਦਾ ਚਿਹਰਾ ਆਪਣੀ ਛਾਤੀ ਨਾਲ ਘੁੱਟ ਲਿਆ। ‘‘ਕੀ ਗੱਲ ਮੇਰੇ ਬੱਚੇ?’’ ਮੇਰੇ ਮੂੰਹੋਂ ਆਪਣੇ ਆਪ ਨਿਕਲ ਗਿਆ।
ਉਹਨੇ ਅੱਖਾਂ ਮੀਚ ਲਈਆਂ ਜਿਵੇਂ ਧਿਆਨ ’ਚ ਚਲਿਆ ਗਿਆ ਹੋਵੇ।
ਅਗਲੀ ਸਵੇਰ ਉਹਨੇ ਬੈੱਡ ਟੀ ਨਹੀਂ ਪੀਤੀ। ਨਹਾ ਕੇ ਧੂਫ਼ ਲਾ ਕੇ ਪਾਠ ਕਰਨ ਲੱਗ ਪਿਆ। ਹਾਲੇ ਪਹਿਲੇ ਮੰਤਰ ਹੀ ਪੜ੍ਹੇ ਹੋਣਗੇ ਕਿ ਉਹਦੇ ਹੱਥੋਂ ਕਿਤਾਬ ਡਿੱਗ ਪਈ ਤੇ ਉਹ ਫਰਸ਼ ’ਤੇ ਟੇਢਾ ਹੋ ਗਿਆ।
ਮੈਂ ਰਸੋਈ ’ਚੋਂ ਭੱਜ ਕੇ ਜਾ ਕੇ ਉਹਨੂੰ ਚੁੱਕਿਆ ਤਾਂ ਮੇਰੀ ਚੀਕ ਨਿਕਲ ਗਈ। ਆਨੰਦ ਸਾਹਿਬ ਕੰਬਦੇ ਭੱਜੇ ਆਏ, ਪਰ ਉਹ ਕੁੱਝ ਹੋ ਚੁੱਕਿਆ ਸੀ ਜੀਹਦੀ ਉਡੀਕ ਸੱਤੀ ਨੂੰ ਸੀ, ਆਨੰਦ ਸਾਹਿਬ ਨੂੰ ਤੇ ਮੈਨੂੰ ਵੀ।
ਅੱਜ ਏਸ ਹੋਣੀ ਨੂੰ ਹੋਈ ਨੂੰ ਸਾਲ ਬੀਤ ਗਿਆ, ਪਰ ਅੱਜ ਵੀ ਮੈਨੂੰ ਏਸ ਸਵਾਲ ਦਾ ਜਵਾਬ ਨਹੀਂ ਮਿਲ ਰਿਹਾ ਕਿ ਉਹ ਮੇਰਾ ਕੀ ਸੀ?

Advertisement

Advertisement