ਡੇਰਾਬੱਸੀ ਦੇ ਲੋਕ ਆਵਾਰਾ ਕੁੱਤਿਆਂ ਤੋਂ ਪ੍ਰੇਸ਼ਾਨ
ਹਰਜੀਤ ਸਿੰਘ
ਡੇਰਾਬੱਸੀ, 18 ਮਈ
ਸ਼ਹਿਰ ਵਿੱਚ ਆਵਾਰਾ ਕੁੱਤਿਆਂ ਕਾਰਨ ਦਹਿਸ਼ਤ ਦਾ ਮਾਹੌਲ ਹੈ। ਇੱਥੋਂ ਦੀ ਬਰਵਾਲਾ ਰੋਡ ’ਤੇ ਸਥਿਤ ਭਗਤ ਸਿੰਘ ਨਗਰ ਕਲੋਨੀ ਵਿੱਚ ਲੰਘੇ ਕੁਝ ਦਿਨਾਂ ਵਿੱਚ ਆਵਾਰਾ ਕੁੱਤਿਆਂ ਨੇ ਦਰਜਨਾਂ ਲੋਕਾਂ ਨੂੰ ਵੱਢਿਆ ਹੈ। ਸ਼ਹਿਰ ਵਾਸੀਆਂ ਨੇ ਦੋਸ਼ ਲਾਇਆ ਕਿ ਵਾਰ-ਵਾਰ ਸ਼ਿਕਾਇਤਾਂ ਦੇਣ ਦੇ ਬਾਵਜੂਦ ਨਗਰ ਕੌਂਸਲ ਆਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਵੱਲ ਧਿਆਨ ਨਹੀਂ ਦੇ ਰਹੀ ਹੈ।
ਭਗਤ ਸਿੰਘ ਨਗਰ ਕਲੋਨੀ ਵਾਸੀਆਂ ਨੇ ਦੱਸਿਆ ਕਿ ਕਲੋਨੀ ਵਿੱਚ ਹਰ ਵੇਲੇ ਆਵਾਰਾ ਕੁੱਤੇ ਘੁੰਮਦੇ ਰਹਿੰਦੇ ਹਨ। ਕਲੋਨੀ ਦੀ ਗਲੀ ਨੰਬਰ ਚਾਰ ਵਿੱਚ ਕੁੱਤਿਆਂ ਦੀ ਭਰਮਾਰ ਹੈ। ਇੱਥੇ ਘੁੰਮਣ ਵਾਲੇ ਕੁੱਤੇ ਰਾਹਗੀਰਾਂ ਅਤੇ ਕਲੋਨੀ ਵਾਸੀਆਂ ਨੂੰ ਵੱਢਦੇ ਹਨ। ਕੁੱਤਿਆਂ ਨੇ ਲੰਘੀ ਚਾਰ ਮਈ ਨੂੰ ਗਲੀ ਵਿੱਚ ਰਹਿੰਦੇ ਸਾਹਿਲ ਨਾਂਅ ਦੇ ਨੌਜਵਾਨ ਨੂੰ ਵੱਢਿਆ, ਪੰਜ ਮਈ ਨੂੰ ਇਕ ਛੋਟੀ ਬੱਚੀ ਅਤੇ 17 ਮਈ ਨੂੰ ਗਲੀ ਵਿੱਚੋਂ ਲੰਘਦੇ ਗੁਰਪ੍ਰੀਤ ਸਿੰਘ ਉਰਫ਼ ਰਿੰਕੂ ਨੂੰ ਵੱਢ ਲਿਆ। ਲੋਕਾਂ ਨੇ ਕਿਹਾ ਕਿ ਗਲੀ ਵਿੱਚ ਰਹਿਣ ਵਾਲਾ ਇਕ ਪਰਿਵਾਰ ਆਵਾਰਾ ਕੁੱਤਿਆਂ ਨੂੰ ਰੋਟੀ ਅਤੇ ਹੋਰ ਖਾਣ-ਪੀਣ ਦਾ ਸਾਮਾਨ ਪਾਉਂਦਾ ਹੈ। ਇਸ ਕਾਰਨ ਇੱਥੇ ਹਰ ਵੇਲੇ ਆਵਾਰਾ ਕੁੱਤੇ ਘੁੰਮਦੇ ਰਹਿੰਦੇ ਹਨ। ਇਸ ਬਾਰੇ ਕਈ ਵਾਰ ਕਲੋਨੀ ਵਾਸੀ ਇਸ ਪਰਿਵਾਰ ਨੂੰ ਅਜਿਹਾ ਨਾ ਕਰਨ ਦੀ ਅਪੀਲ ਕਰ ਚੁੱਕੇ ਹਨ ਪਰ ਕੋਈ ਅਸਰ ਨਹੀਂ ਹੋ ਰਿਹਾ। ਲੋਕਾਂ ਨੇ ਕਿਹਾ ਕਿ ਉਹ ਕਈ ਵਾਰ ਨਗਰ ਕੌਂਸਲ ਦਫ਼ਤਰ ਵਿੱਚ ਲਿਖਤੀ ਸ਼ਿਕਾਇਤ ਦੇ ਚੁੱਕੇ ਹਨ ਪਰ ਅਧਿਕਾਰੀਆਂ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਗਿਆ। ਲੋਕਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ ਹੈ।
ਮੀਡੀਆ ਨਾਲ ਗੱਲਬਾਤ ਕਰਦਾ ਹੋਇਆ ਪੀੜਤ ਗੁਰਪ੍ਰੀਤ ਸਿੰਘ ਤੇ ਹੋਰ। -ਫੋਟੋ: ਰੂਬਲ