ਡੇਰਾਬੱਸੀ ਤਹਿਸੀਲ ’ਚ ਵੱਡੀ ਗਿਣਤੀ ਇੰਤਕਾਲ ਨਾ-ਮਨਜ਼ੂਰ
ਹਰਜੀਤ ਸਿੰਘ
ਡੇਰਾਬੱਸੀ, 20 ਮਈ
ਇੱਥ ਤਹਿਸੀਲ ਵਿੱਚ ਲੰਘੇ ਕੁਝ ਦਿਨਾਂ ਤੋਂ ਸਹੀ ਢੰਗ ਨਾਲ ਕੰਮ ਨਾ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ। ਤਹਿਸੀਲ ਵਿੱਚ ਕੁਝ ਦਿਨਾਂ ਵਿੱਚ 250 ਦੇ ਕਰੀਬ ਇੰਤਕਾਲ ਨਾ-ਮਨਜ਼ੂਰ ਕੀਤੇ ਗਏ ਹਨ। ਸਥਾਨਕ ਵਸਨੀਕ ਸੁਮਿਤ ਗੁਪਤਾ ਨੇ ਡੀਸੀ ਮੁਹਾਲੀ ਨੂੰ ਲਿਖਤੀ ਸ਼ਿਕਾਇਤ ਕਰ ਇਸ ਦੀ ਜਾਂਚ ਦੀ ਮੰਗ ਕੀਤੀ ਹੈ।
ਸ੍ਰੀ ਗੁਪਤਾ ਨੇ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਕੁਝ ਲੋਕਾਂ ਵੱਲੋਂ ਬੈਂਕਾਂ ਤੋਂ ਲੋਨ ਲੈ ਕੇ ਰਜਿਸਟਰੀਆਂ ਕਰਵਾਈਆਂ ਗਈਆਂ ਹਨ। ਲੋਨ ਮਗਰੋਂ ਬੈਂਕ ਵੱਲੋਂ ਮਾਲ ਵਿਭਾਗ ਦੇ ਰਿਕਾਰਡ ਵਿੱਚ ਐਂਟਰੀ ਮੰਗਦਾ ਹੈ ਪਰ ਹੁਣ ਨਾ ਮਿਲਣ ਕਾਰਨ ਬੈਂਕ ਅਧਿਕਾਰੀ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਇਸ ਤੋਂ ਇਲਾਵਾ ਇੱਥੇ ਬਾਹਰ ਤੋਂ ਜ਼ਿਆਦਾਤਰ ਲੋਕ ਆ ਕੇ ਵੱਸ ਰਹੇ ਹਨ ਜਿਨ੍ਹਾਂ ਵੱਲੋਂ ਲੱਖਾਂ ਰੁਪਏ ਖ਼ਰਚ ਕੇ ਪ੍ਰਾਪਰਟੀ ਖ਼ਰੀਦੀ ਗਈ ਹੈ ਪਰ ਇੰਤਕਾਲ ਨਾ ਹੋਣ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਸ੍ਰੀ ਗੁਪਤਾ ਨੇ ਇਸ ਵਿੱਚ ਭ੍ਰਿਸ਼ਟਾਚਾਰੀ ਦਾ ਖ਼ਦਸ਼ਾ ਜ਼ਾਹਿਰ ਕੀਤਾ ਹੈ।
ਤਹਿਸੀਲਦਾਰ ਸੁਮਿਤ ਢਿੱਲੋਂ ਨੇ ਕਿਹਾ ਕਿ ਇਹ ਸਾਰੇ ਇੰਤਕਾਲ ਉਨ੍ਹਾਂ ਤੋਂ ਪਹਿਲਾਂ ਅਧਿਕਾਰੀਆਂ ਵੱਲੋਂ ਕੀਤੇ ਜਾਣੇ ਸਨ। ਉਨ੍ਹਾਂ ਜਦੋਂ ਅਹੁਦਾ ਸੰਭਾਲਿਆ ਸੀ ਉਸ ਤੋਂ ਕੁਝ ਦਿਨ ਪਹਿਲਾਂ ਹੀ ਮਾਲ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਪੁਰਾਣੇ ਸਾਰੇ ਇੰਤਕਾਲ ਦਾ ਕੰਮ ਨੇਪਰੇ ਚਾੜ੍ਹਨ ਦੀ ਹੁਕਮ ਦਿੱਤੇ ਸਨ। ਉਨ੍ਹਾਂ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਵਾਰ-ਵਾਰ ਇੰਤਕਾਲ ਕਰਨ ਲਈ ਲੋੜੀਂਦੇ ਦਸਤਾਵੇਜ਼ ਮੁਹੱਈਆ ਕਰਵਾਉਣ ਦੀ ਗੱਲ ਆਖੀ ਗਈ ਪਰ ਉਨ੍ਹਾਂ ਵੱਲੋਂ ਇਹ ਦਿੱਤੇ ਨਹੀਂ ਗਏ ਜਿਸਦੇ ਚੱਲਦਿਆਂ ਇਹ ਰੱਦ ਕੀਤੇ ਗਏ ਹਨ। ਜਿਨ੍ਹਾਂ ਦੇ ਦਸਤਾਵੇਜ ਮਿਲਦੇ ਜਾ ਰਹੇ ਹਨ, ਉਨ੍ਹਾਂ ਨੂੰ ਮਨਜ਼ੂਰ ਕੀਤਾ ਜਾ ਰਿਹਾ ਹੈ।