ਡੇਂਗੂ-ਵਿਰੋਧੀ ਮੁਹਿੰਮ ਤੇਜ਼ ਕਰਨ ਦੇ ਆਦੇਸ਼
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 17 ਜੂਨ
ਮੁਹਾਲੀ ਦੇ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਸਮੂਹ ਪ੍ਰੋਗਰਾਮ ਅਫ਼ਸਰਾਂ ਅਤੇ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਡੇਂਗੂ-ਵਿਰੋਧੀ ਸਰਗਰਮੀਆਂ ਤੇਜ਼ ਕਰਨ ਕਰਨ ਦੀ ਹਦਾਇਤ ਕੀਤੀ ਹੈ। ਸਮੀਖਿਆ ਮੀਟਿੰਗ ਦੌਰਾਨ ਸਿਵਲ ਸਰਜਨ ਨੇ ਕਿਹਾ ਕਿ ‘ਹਰ ਸ਼ੁੱਕਰਵਾਰ-ਡੇਂਗੂ ’ਤੇ ਵਾਰ’ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇ। ਉਨ੍ਹਾਂ ਮਲੇਰੀਆ, ਚਿਕਨਗੁਨੀਆ ਤੇ ਹੋਰ ਬਿਮਾਰੀਆਂ ਦੇ ਚਾਲੂ ਸੀਜ਼ਨ ਦੌਰਾਨ ਇਨ੍ਹਾਂ ਦੇ ਲੱਛਣਾਂ, ਕਾਰਨਾਂ, ਬਚਾਅ ਅਤੇ ਇਲਾਜ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ’ਤੇ ਜ਼ੋਰ ਦਿੱਤਾ। ਡਾ. ਜੈਨ ਨੇ ਕਿਹਾ ਕਿ ਕਿਤੇ ਵੀ ਪਾਣੀ ਜਮ੍ਹਾਂ ਨਾ ਹੋਣ ਦੇਣ ਦਿੱਤਾ ਜਾਵੇ। ਜੇ ਕੋਈ ਵਿਅਕਤੀ ਸਿਹਤ ਵਿਭਾਗ ਦੀ ਸਲਾਹ ਨੂੰ ਅਣਡਿੱਠ ਕਰਦਾ ਹੈ ਤਾਂ ਚਲਾਨ ਕੱਟਿਆ ਜਾਵੇ। ਉਨ੍ਹਾਂ ਸਾਰੇ ਨਰਸਿੰਗ ਕਾਲਜਾਂ ਦੇ ਵਿਦਿਆਰਥੀਆਂ ਨੂੰ ਇਸ ਮੁਹਿੰਮ ਦਾ ਹਿੱਸਾ ਬਣ ਕੇ ਹਰੇਕ ਸ਼ੁੱਕਰਵਾਰ ਸਵੇਰ ਸਮੇਂ ਵੱਧ ਤੋਂ ਵੱਧ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾਣ। ਉਨ੍ਹਾਂ ਸਿਹਤ ਵਿਭਾਗ ਦੇ ਵੱਖ-ਵੱਖ ਪ੍ਰੋਗਰਾਮਾਂ ਅਤੇ ਯੋਜਨਾਵਾਂ ਦੀ ਸਮੀਖਿਆ ਕੀਤੀ।
ਸਿਵਲ ਸਰਜਨ ਨੇ ਕਿਹਾ ਕਿ ਨਾਗਰਿਕਾਂ ਨੂੰ ਬਿਹਤਰ, ਮਿਆਰੀ ਤੇ ਸਮਾਂਬੱਧ ਸਿਹਤ ਸਹੂਲਤਾਂ ਪ੍ਰਦਾਨ ਕਰਨ ਨੂੰ ਤਰਜ਼ੀਹ ਦਿੱਤੀ ਜਾਵੇ। ਜਾਂਚ ਅਤੇ ਇਲਾਜ ਪੱਖੋਂ ਲੋਕਾਂ ਨੂੰ ਕਿਸੇ ਵੀ ਸਰਕਾਰੀ ਸਿਹਤ ਸੰਸਥਾ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਹਦਾਇਤ ਕੀਤੀ ਕਿ ਹਸਪਤਾਲ ਵਿੱਚ 24 ਘੰਟੇ ਲਈ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ ਅਤੇ ਕਿਸੇ ਹੰਗਾਮੀ ਸਥਿਤੀ ਨਾਲ ਸਿੱਝਣ ਲਈ ਪੂਰਾ ਪਾਵਰ ਬੈਕਅੱਪ ਜ਼ਰੂਰੀ ਹੈ।