ਡੀਸੀ ਵੱਲੋਂ ਮਾਨਸਾ ’ਚ ਨਾਬਾਰਡ ਦੇ ਦਫ਼ਤਰ ਦਾ ਉਦਘਾਟਨ
ਜੋਗਿੰਦਰ ਸਿੰਘ ਮਾਨ
ਮਾਨਸਾ, 23 ਮਈ
ਰਾਸ਼ਟਰੀ ਖੇਤੀਬਾੜੀ ਅਤੇ ਪਿੰਡ ਵਿਕਾਸ ਬੈਂਕ (ਨਾਬਾਰਡ), ਜੋ ਇੱਕ ਸਿਖ਼ਰ ਪੱਧਰੀ ਵਿਕਾਸ ਅਤੇ ਵਿੱਤੀ ਸੰਸਥਾ ਹੈ, ਨੇ ਆਪਣਾ ਦਫ਼ਤਰ ਮਾਨਸਾ ਵਿੱਚ ਖੋਲ੍ਹ ਲਿਆ ਹੈ, ਜਿਸ ਦਾ ਅੱਜ ਉਦਘਾਟਨ ਡਿਪਟੀ ਕਮਿਸ਼ਨਰ ਮਾਨਸਾ ਕੁਲਵੰਤ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਨਾਬਾਰਡ ਕੋਲ ਪਹਿਲਾਂ ਬਠਿੰਡਾ ਵਿੱਚ ਇੱਕ ਕਲਸਟਰ ਦਫ਼ਤਰ ਸੀ, ਜੋ ਮਾਨਸਾ ਜ਼ਿਲ੍ਹੇ ਵਿੱਚ ਵੀ ਆਪਣੀਆਂ ਸੇਵਾਵਾਂ ਨਿਭਾਉਂਦਾ ਸੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਨਾਬਾਰਡ ਵੱਲੋਂ ਆਪਣਾ ਦਫ਼ਤਰ ਮਾਨਸਾ ਵਿਖੇ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਨਵੀਂ ਵਿਵਸਥਾ ਦਾ ਉਦੇਸ਼ ਮਾਨਸਾ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਵਿੱਚ ਖੇਤੀਬਾੜੀ ਅਤੇ ਹੋਰ ਵਿਕਾਸ ਦੀਆਂ ਜ਼ਰੂਰਤਾਂ ’ਤੇ ਧਿਆਨ ਕੇਂਦਰਿਤ ਕਰਨਾ ਹੈ। ਜਨਰਲ ਮੈਨੇਜਰ ਨਾਬਾਰਡ ਪੰਜਾਬ ਖੇਤਰੀ ਦਫ਼ਤਰ ਚੰਡੀਗੜ੍ਹ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਲਈ ਵਿਕਾਸ ਪ੍ਰਬੰਧਕ ਵਜੋਂ ਵਿਵੇਕ ਗੁਪਤਾ ਨੂੰ ਨਿਯੁਕਤ ਕੀਤਾ ਗਿਆ ਹੈ, ਜੋ ਨਾਬਾਰਡ ਦਫ਼ਤਰ ਨਾਲ ਸਬੰਧਤ ਕੰਮਾਂ ਨੂੰ ਮਾਨਸਾ ਜ਼ਿਲ੍ਹੇ ਅੰਦਰ ਦੇਖਣਗੇ। ਇਸ ਮੌਕੇ ਭੁਪਿੰਦਰ ਸਿੰਘ, ਤੇਜਿੰਦਰ ਸਿੰਘ, ਅਮਰਜੀਤ ਸਿੰਘ, ਪਰਮਿੰਦਰ ਸਿੰਘ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।