ਡੀਪੀਐੱਲ ਮੁਲਾਜ਼ਮ ਪੱਕੇ ਕਰਨ ਲਈ ਪੇਪਰ ਲੈਣ ਦੀ ਸ਼ਰਤ ਹੋਵੇਗੀ ਰੱਦ
ਖੇਤਰੀ ਪ੍ਰਤੀਨਿਧ
ਲੁਧਿਆਂਣਾ, 11 ਦਸੰਬਰ
ਪੀਏਯੂ ਵਿੱਚ ਪਿਛਲੇ ਕਈ ਦਿਨਾਂ ਤੋਂ ਕੰਟਰੈਕਟ ਵਰਕਰ ਵੈੱਲਫੇਅਰ ਐਸੋਸੀਏਸ਼ਨ ਦੀ ਅਗਵਾਈ ਹੇਠ ਚੱਲ ਰਿਹਾ ਡੀਪੀਅਲ ਮੁਲਾਜ਼ਮਾਂ ਦਾ ਧਰਨਾ ਅੱਜ ਵਿਧਾਇਕ ਗੁਰਪ੍ਰੀਤ ਗੋਗੀ ਤੇ ਉਪ ਕੁਲਪਤੀ ਸਤਿਬੀਰ ਸਿੰਘ ਗੋਸਲ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਖਤਮ ਕਰ ਦਿੱਤਾ ਗਿਆ। ਪਿਛਲੇ ਕਈ ਸਾਲਾਂ ਤੋਂ ਡੀਪੀਐੱਲ ਵਜੋਂ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਗਣਿਤ ਦਾ ਟੈਸਟ ਲੈਣ ਦੀ ਰੱਖੀ ਸ਼ਰਤ ਕਾਨੂੰਨੀ ਰਾਇ ਤੋਂ ਬਾਅਦ ਖਤਮ ਕਰਨ ਦਾ ਵਾਅਦਾ ਕੀਤਾ ਗਿਆ ਹੈ, ਜਿਸ ਮਗਰੋਂ ਡੀਪੀਐੱਲ ਮੁਲਾਜ਼ਮਾਂ ਨੇ ਧਰਨਾ ਖਤਮ ਕਰ ਦਿੱਤਾ।
ਐਸੋਸੀਏਸ਼ਨ ਦੇ ਪ੍ਰਧਾਨ ਜਗਵਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਵੀ ਮੁਲਾਜ਼ਮਾਂ ਨੇ ਥਾਪਰ ਹਾਲ ਅੱਗੇ ਰੋਸ ਧਰਨਾ ਦਿੱਤਾ। ਇਸ ਦੌਰਾਨ ਵਿਧਾਇਕ ਗੁਰਪ੍ਰੀਤ ਗੋਗੀ ਨੇ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਪੂਰੀਆਂ ਕਰਵਾਉਣ ਲਈ ’ਵਰਸਿਟੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਤੋਂ ਪਹਿਲਾਂ ਰੋਸ ਧਰਨੇ ਮੌਕੇ ਪੀਏਯੂ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਵਾਲੀਆ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਵਿਧਾਇਕ ਗੋਗੀ ਦੀ ਅਗਵਾਈ ਹੇਠ ਹੋਈ ਮੀਟਿੰਗ ’ਚ ਪੀਏਯੂ ਦੇ 200 ਤੋਂ ਵੱਧ ਡੀਪੀਐਲ ਮੁਲਾਜ਼ਮਾਂ ਨੂੰ ਪੱਕੇ ਕਰਨ ’ਤੇ ਸਹਿਮਤੀ ਹੋਈ ਸੀ ਪਰ ਇਨ੍ਹਾਂ ਮੁਲਾਜ਼ਮਾਂ ਨੂੰ ਵੱਖ ਵੱਖ ਸ਼ਰਤਾਂ ਲਾ ਕੇ ਹਾਲੇ ਤੱਕ ਪੱਕੇ ਨਹੀਂ ਕੀਤਾ ਗਿਆ। ਬਹੁਤੇ ਮੁਲਾਜ਼ਮ ਸਰਕਾਰ ਦੀ ਸ਼ਰਤ ਅਨੁਸਾਰ ਪੰਜਾਬੀ ਦਾ ਟੈਸਟ ਵੀ ਪਾਸ ਕਰ ਚੁੱਕੇ ਹਨ ਪਰ ਹੁਣ ’ਵਰਸਿਟੀ ਪ੍ਰਸਾਸ਼ਨ ਵੱਲੋਂ ਕਥਿਤ ਤੌਰ ’ਤੇ ਇਨ੍ਹਾਂ ਨੂੰ ਹੋਰ ਟੈਸਟ ਦੇਣ ਵਿੱਚ ਉਲਝਾ ਰਹੀ ਹੈ ਪਰ ਅੱਜ ਵਿਧਾਇਕ ਗੋਗੀ ਨੇ ਮੁਲਾਜ਼ਮਾਂ ਨੂੰ ਇਨਸਾਫ਼ ਦਿਵਾਇਆ ਹੈ। ਵਿਧਾਇਕ ਗੋਗੀ ਨੇ ਕਿਹਾ ਕਿ ਕੰਮ ਤੋਂ ਕੁਤਾਹੀ ਕਰਨ ਵਾਲਾ ਕੋਈ ਵੀ ਅਧਿਕਾਰੀ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਕਾਨੂੰਨੀ ਸਲਾਹ ਤੋਂ ਬਾਅਦ ਪੀਏਯੂ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਟੈਸਟ ਦੀ ਰੱਖੀ ਸ਼ਰਤ ਖਤਮ ਕੀਤੀ ਜਾਵੇਗੀ, ਫਾਰਗ ਕੀਤੇ ਡੀਪੀਐਲ ਮੁਲਾਜ਼ਮਾਂ ਨੂੰ ਦੁਬਾਰਾ ਰੱਖਿਆ ਜਾਵੇਗਾ ਜਦਕਿ ਅੱਗੇ ਤੋਂ ਹਰ ਡੀਪੀਐਲ ਦੀਆਂ 18-19 ਦੀ ਥਾਂ ਪੂਰੀਆਂ 20 ਦਿਹਾੜੀਆਂ ਲਵਾਈਆਂ ਜਾਣਗੀਆਂ।
ਮੁਲਾਜ਼ਮਾਂ ਦੀ ਸੂਚੀ ਵਿਭਾਗ ਨੂੰ ਭੇਜੀ: ਗੋਸਲ
ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ 10 ਸਾਲ ਤੋਂ ਵੱਧ ਸਮੇਂ ਤੋਂ ਕੰਮ ਕਰਦੇ ਡੀਪੀਐਲ ਮੁਲਾਜ਼ਮਾਂ ਦੀ ਗਿਣਤੀ 351 ਬਣਦੀ ਹੈ। ਇਹ ਸੂਚੀ ਸਬੰਧਤ ਵਿਭਾਗ ਨੂੰ ਭੇਜ ਦਿੱਤੀ ਗਈ ਹੈ।