ਡੀਡੀਏ ਨੇ ਕਾਲਕਾਜੀ, ਬਾਟਲਾ ਹਾਊਸ ਤੇ ਮੁਰਾਦੀ ਰੋਡ ’ਤੇ ਗ਼ੈਰਕਾਨੂੰਨੀ ਝੁੱਗੀਆਂ ਢਾਹੀਆਂ
ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਜੂਨ
ਦਿੱਲੀ ਵਿਕਾਸ ਅਥਾਰਟੀ (ਡੀਡੀਏ) ਨੇ ਨਵੀਂ ਦਿੱਲੀ ਦੇ ਵੱਖ-ਵੱਖ ਹਿੱਸਿਆਂ ਵਿੱਚ ਕਾਲਕਾਜੀ ਝੁੱਗੀ ਝੌਂਪੜੀ, ਬਾਟਲਾ ਹਾਊਸ ਅਤੇ ਮੁਰਾਦੀ ਰੋਡ ਇਲਾਕਿਆਂ ਵਿੱਚ ਗੈਰ-ਕਾਨੂੰਨੀ ਤੌਰ ’ਤੇ ਬਣਾਈਆਂ ਹੋਈਆਂ ਝੁੱਗੀਆਂ ਨੂੰ ਤੋੜ ਦਿੱਤਾ। ਇਹ ਕਾਰਵਾਈ ਦਿੱਲੀ ਹਾਈ ਕੋਰਟ ਦੇ ਨਿਰਦੇਸ਼ਾਂ ਅਤੇ ਵਸਨੀਕਾਂ ਨੂੰ ਪਹਿਲਾਂ ਤੋਂ ਦਿੱਤੀ ਗਈ ਸੂਚਨਾ ਤੋਂ ਬਾਅਦ ਕੀਤੀ ਗਈ ਹੈ। ਕਾਲਕਾਜੀ ਦੇ ਭੂਮੀਹੀਣ ਕੈਂਪ ਖੇਤਰ ਵਿੱਚ, ਡੀਡੀਏ ਵੱਲੋਂ 1,200 ਤੋਂ ਵੱਧ ਗੈਰ-ਕਾਨੂੰਨੀ ਝੁੱਗੀਆਂ ਢਾਹ ਦਿੱਤੀਆਂ ਗਈਆਂ। ਇਹ ਕਬਜ਼ੇ ਡੀਡੀਏ ਦੀ ਜ਼ਮੀਨ ’ਤੇ ਸਨ ਅਤੇ ਇਸ ਵਿੱਚ ਜੇਜੇ ਕਲੱਸਟਰ ਦੇ ਅੰਦਰ ਬਹੁ-ਮੰਜ਼ਿਲਾ ਇਮਾਰਤਾਂ ਵੀ ਸ਼ਾਮਲ ਸਨ। ਢਾਹੁਣ ਦਾ ਕੰਮ ਸਵੇਰੇ 5 ਵਜੇ ਪੰਜ ਬੁਲਡੋਜ਼ਰਾਂ ਨਾਲ ਸ਼ੁਰੂ ਹੋਇਆ ਅਤੇ ਬਾਕੀ ਢਾਂਚਿਆਂ ਨੂੰ ਢਾਹੁਣ ਤੱਕ ਜਾਰੀ ਰਹੇਗਾ।
ਤੋੜਫੋੜ ਦੀ ਇਸ ਕਾਰਵਾਈ ਦੌਰਾਨ ਵਿਵਸਥਾ ਬਣਾਈ ਰੱਖਣ ਲਈ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਮੌਜੂਦ ਸੀ। ਇਨ੍ਹਾਂ ਝੁੱਗੀਆਂ ਝੌਂਪੜੀਆਂ ਅਤੇ ਹੋਰ ਮਕਾਨਾਂ ਬਾਰੇ ਮਾਮਲਾ ਲਗਪਗ ਦਸ ਸਾਲਾਂ ਤੋਂ ਅਦਾਲਤ ਵਿੱਚ ਚੱਲ ਰਿਹਾ ਸੀ। ਅੰਤ ਵਿੱਚ ਹਾਈ ਕੋਰਟ ਨੇ ਕਬਜ਼ਾ ਕਰਨ ਵਾਲਿਆਂ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਨਾਲ ਏਜੰਸੀਆਂ ਨੂੰ ਢਾਹੁਣ ਦੀ ਆਗਿਆ ਦਿੱਤੀ ਗਈ।
ਡੀਡੀਏ ਦਿੱਲੀ ਨਗਰ ਨਿਗਮ ਅਤੇ ਹੋਰ ਏਜੰਸੀਆਂ ਵੱਲੋਂ ਰਾਜਧਾਨੀ ਦੇ ਹੋਰ ਖੇਤਰਾਂ ਵਿੱਚ ਵੀ ਇਸੇ ਤਰ੍ਹਾਂ ਦੀਆਂ ਕਾਰਵਾਈਆਂ ਦੀ ਯੋਜਨਾ ਬਣਾਈ ਗਈ ਹੈ। ਬਾਟਲਾ ਹਾਊਸ ਵਿੱਚ 26 ਮਈ ਨੂੰ ਨਿਵਾਸੀਆਂ ਨੂੰ ਪੰਜ ਦਿਨਾਂ ਦੇ ਅੰਦਰ ਜਾਇਦਾਦਾਂ ਖਾਲੀ ਕਰਨ ਲਈ ਨੋਟਿਸ ਜਾਰੀ ਕੀਤੇ ਗਏ ਸਨ। ਮੁਰਾਦੀ ਰੋਡ ਅਤੇ ਖਿਜ਼ਰ ਬਾਬਾ ਕਲੋਨੀ ‘ਤੇ ਘਰਾਂ ਨੂੰ ਢਾਹੁਣ ਲਈ ਨਿਸ਼ਾਨਦੇਹੀ ਕੀਤੀ ਗਈ ਹੈ।
ਹਾਲਾਂਕਿ, ਕਾਨੂੰਨੀ ਦਖ਼ਲਅੰਦਾਜ਼ੀ ਕਾਰਨ ਖਿਜ਼ਰ ਬਾਬਾ ਕਲੋਨੀ ਵਿੱਚ ਤੋੜਫੋੜ ਦੀ ਕਾਰਵਾਈ ਨੂੰ ਅਸਥਾਈ ਤੌਰ ‘ਤੇ ਰੋਕ ਦਿੱਤਾ ਗਿਆ ਹੈ। ਦਿੱਲੀ ਹਾਈ ਕੋਰਟ ਵੱਲੋਂ ਬਾਅਦ ਵਿੱਚ ਇਸ ਮਾਮਲੇ ਦੀ ਸੁਣਵਾਈ ਕੀਤੇ ਜਾਣ ਦੀ ਉਮੀਦ ਹੈ। ਇਸ ਦੌਰਾਨ ਪੁਨਰਵਾਸ ਯੋਜਨਾ ਦੇ ਹਿੱਸੇ ਵਜੋਂ ਯੋਗ ਨਿਵਾਸੀਆਂ ਨੂੰ ਆਰਜ਼ੀ ਰਿਹਾਇਸ਼ ਦੀ ਪੇਸ਼ਕਸ਼ ਕੀਤੀ ਗਈ ਹੈ। ਡੀਡੀਏ ਵੱਲੋਂ ਇਸ ਵਿਆਪਕ ਮੁਹਿੰਮ ਦਾ ਉਦੇਸ਼ ਨਵੀਂ ਦਿੱਲੀ ਦੇ ਕਈ ਖੇਤਰਾਂ ਵਿੱਚ ਗੈਰ-ਕਾਨੂੰਨੀ ਉਸਾਰੀਆਂ ਨੂੰ ਢਾਹੁਣਾ ਹੈ।