ਡੀਟੀਐੱਫ ਵੱਲੋਂ ਪੇਅ ਸਕੇਲ ਸਬੰਧੀ ਪੱਤਰ ਵਾਪਸ ਲੈਣ ਦੀ ਮੰਗ
ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 1 ਦਸੰਬਰ
ਡਾਇਰੈਕਟਰ ਸਕੂਲ ਐਜੂਕੇਸ਼ਨ (ਸੈਕੰਡਰੀ) ਪੰਜਾਬ ਵੱਲੋਂ ਅੱਠ ਨਵੰਬਰ ਨੂੰ ਪੰਜਾਬ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ ਪੀਟੀਆਈ ਅਤੇ ਆਰਟ ਐਂਡ ਕਰਾਫਟ ਅਧਿਆਪਕਾਂ ਦੇ ਪੇਅ ਸਕੇਲਾਂ ਸਬੰਧੀ ਪੱਤਰ ਜਾਰੀ ਕੀਤਾ ਹੈ। ਇਸ ਪੱਤਰ ਰਾਹੀਂ ਇਸੇ ਦਫ਼ਤਰ ਵੱਲੋਂ ਜਾਰੀ ਸੋਧ ਪੱਤਰ ਵਾਪਸ ਲੈਂਦਿਆਂ ਪੰਜਾਬ ਸਰਕਾਰ ਵਿੱਤ ਵਿਭਾਗ ਦੇ ਪੱਤਰ ਅਨੁਸਾਰ ਕਾਰਵਾਈ ਕਰਕੇ ਬਣਦੀ ਰਿਕਵਰੀ ਜਮ੍ਹਾਂ ਕਰਵਾ ਕੇ ਸਰਕਾਰ ਅਤੇ ਦਫ਼ਤਰ ਨੂੰ ਰਿਪੋਰਟ ਭੇਜਣ ਦੇ ਹੁਕਮ ਜਾਰੀ ਕੀਤੇ ਹਨ।
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਵਿੱਤ ਸਕੱਤਰ ਕਮ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਅਵਸਥੀ ਨੇ ਇਸ ਭੁਲੇਖਾ ਪਾਊ ਪੱਤਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਪੱਤਰ ਪੂਰਨ ਰੂਪ ਵਿੱਚ ਅਸਪੱਸ਼ਟ ਅਤੇ ਤੱਥ ਰਹਿਤ ਹੈ, ਜਿਸ ਕਰਕੇ ਨਾ ਤਾਂ ਅਧਿਆਪਕਾਂ ਨੂੰ ਸਥਿਤੀ ਸਪੱਸ਼ਟ ਹੋ ਰਹੀ ਹੈ ਅਤੇ ਨਾ ਹੀ ਉਨ੍ਹਾਂ ਦੇ ਸਕੂਲ ਮੁਖੀਆਂ ਨੂੰ, ਜਿਸ ਕਾਰਨ ਉਹ ਸਾਰੇ ਭੰਬਲ ਭੂਸੇ ਵਿੱਚ ਪਏ ਹੋਏ ਹਨ।
ਡੀਟੀਐੱਫ ਦੇ ਆਗੂਆਂ ਜਰਮਨਜੀਤ ਸਿੰਘ, ਚਰਨਜੀਤ ਸਿੰਘ ਰੱਜਧਾਨ, ਗੁਰਦੇਵ ਸਿੰਘ, ਰਾਜੇਸ਼ ਕੁਮਾਰ ਪਰਾਸ਼ਰ, ਨਿਰਮਲ ਸਿੰਘ, ਮਨਪ੍ਰੀਤ ਸਿੰਘ, ਸੁਖਜਿੰਦਰ ਸਿੰਘ ਜਬੋਵਾਲ, ਕੰਵਲਜੀਤ ਕੌਰ ਨੇ ਵਿੱਤ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਰਾਹੀਂ ਜਾਰੀ ਕੀਤੇ ਕਿਸੇ ਪੱਤਰ ਨਾਲ ਅਧਿਆਪਕਾਂ ਨੂੰ ਕੋਈ ਵਿੱਤੀ ਨੁਕਸਾਨ ਹੁੰਦਾ ਹੈ ਤਾਂ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਖ਼ਿਲਾਫ਼ ਜਥੇਬੰਦੀ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।