ਡੀਜੀਪੀ ਵੱਲੋਂ ਮਨਦੀਪ ਸਿੱਧੂ ਦਾ ਸਨਮਾਨ
ਪਟਿਆਲਾ, 29 ਅਪਰੈਲ
ਡੀਜੀਪੀ ਗੌਰਵ ਯਾਦਵ ਨੇ ਅੱਜ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਦਾ 37 ਸਾਲਾਂ ਦੀ ਸ਼ਾਨਦਾਰ ਪੁਲੀਸ ਸੇਵਾਵਾਂ ਬਦਲੇ ਸੀਨੀਅਰ ਪੁਲੀਸ ਅਧਿਕਾਰੀਆਂ ਦੀ ਇੱਕ ਰਾਜ ਪੱਧਰੀ ਮੀਟਿੰਗ ਵਿੱਚ ਕੇਕ ਕੱਟ ਕੇ ਸਨਮਾਨ ਕੀਤਾ। ਇਸ ਮੌਕੇ 2008 ਬੈਚ ਦੇ ਆਈਪੀਐੱਸ ਅਧਿਕਾਰੀ ਮਨਦੀਪ ਸਿੰਘ ਸਿੱਧੂ ਦੀ ਸ਼ਲਾਘਾ ਕਰਦਿਆਂ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮਨਦੀਪ ਸਿੰਘ ਸਿੱਧੂ ਨੇ ਆਪਣੀ ਸੇਵਾ ਦੌਰਾਨ ਕਾਬਲੀਅਤ, ਪੇਸ਼ੇਵਰ ਪਹੁੰਚ ਨਾਲ ਪੇਚੀਦਾ ਮਾਮਲਿਆਂ ਨੂੰ ਵੀ ਸਹਿਜਤਾ ਨਾਲ ਹੱਲ ਕਰਕੇ ਪੰਜਾਬ ਪੁਲੀਸ ਦਾ ਮਾਣ ਵਧਾਇਆ ਹੈ। ਗੌਰਵ ਯਾਦਵ ਨੇ ਕਿਹਾ ਕਿ ਡੀਆਈਜੀ ਮਨਦੀਪ ਸਿੰਘ ਸਿੱਧੂ ਆਪਣੇ ਨਾਲ ਕੰਮ ਕਰਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਇੱਕ ਟੀਮ ਦੀ ਤਰ੍ਹਾਂ ਨਾਲ ਲੈਕੇ ਚੱਲਦੇ ਹਨ। ਉਨ੍ਹਾਂ ਨੇ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਾਈਕਲ ਰੈਲੀਆਂ ਕਰਵਾਈਆਂ ਤੇ ਨਵੇਂ ਰਿਕਾਰਡ ਕਾਇਮ ਕੀਤੇ। ਚੰਡੀਗੜ੍ਹ ਵਿੱਚ ਮੀਟਿੰਗ ਦੌਰਾਨ ਪੰਜਾਬ ਭਰ ਦੇ ਸੀਨੀਅਰ ਪੁਲੀਸ ਅਧਿਕਾਰੀ ਮੌਜੂਦ ਸਨ, ਜਿਨ੍ਹਾਂ ਨੇ ਡੀਆਈਜੀ ਮਨਦੀਪ ਸਿੰਘ ਸਿੱਧੂ ਨੂੰ ਵਧਾਈ ਦਿੱਤੀ। ਮਨਦੀਪ ਸਿੰਘ ਸਿੱਧੂ ਨੇ ਡੀਜੀਪੀ ਗੌਰਵ ਯਾਦਵ ਵੱਲੋਂ ਅੱਜ ਦੀ ਇਸ ਸ਼ਾਨਦਾਰ ਯਾਦਗਾਰ ਸੇਵਾਮੁਕਤੀ ਪਾਰਟੀ ਲਈ ਧੰਨਵਾਦ ਕੀਤਾ।