ਡੀਏਪੀ ਅਤੇ ਫ਼ਸਲ ਬੀਮਾ ਯੋਜਨਾ ਸਬੰਧੀ ਪ੍ਰਚਾਰ ਗੁਮਰਾਹਕੁਨ: ਪੰਧੇਰ
ਖੇਤਰੀ ਪ੍ਰਤੀਨਿਧ
ਪਟਿਆਲਾ, 2 ਜਨਵਰੀ
ਡੀਏਪੀ ਅਤੇ ਫ਼ਸਲ ਬੀਮਾ ਯੋਜਨਾ ਸਬੰਧੀ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕੇਂਦਰ ਸਰਕਾਰ ਨੂੰ ਘੇਰਿਆ ਹੈ। ਸ਼ੰਭੂ ਮੋਰਚੇ ਤੋਂ ਬੋਲਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕੁਝ ਟੀਵੀ ਚੈਨਲਾਂ ਰਾਹੀਂ ਕਿਸਾਨਾਂ ਦੇ ਹਿੱਤ ’ਚ ਤਿੰਨ ਵੱਡੇ ਫ਼ੈਸਲੇ ਕਰਨ ਦਾ ਗੁਮਰਾਹਕੁਨ ਪ੍ਰਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਡੀਏਪੀ ਦੇ ਮਾਮਲੇ ’ਤੇ ਝੂਠ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਡੀਏਪੀ 490 ਰੁਪਏ, ਫਿਰ 1200 ਤੇ ਫਿਰ 1300 ਰੁਪਏ ਵਿੱਚ ਮਿਲਣੀ ਸ਼ੁਰੂ ਹੋਈ ਅਤੇ ਹੁਣ ਸਬਸਿਡੀ ਦੇ ਨਾਂ ’ਤੇ 1350 ਰੁਪਏ ’ਚ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਜੋ ਵਜ਼ਨ 50 ਕਿਲੋ ਸੀ ਹੁਣ ਘਟਾ ਕੇ 45 ਕਿਲੋ ਕਰ ਦਿੱਤਾ ਹੈ। ਇਸ ਤਰ੍ਹਾਂ ਸਰਕਾਰ ਦੇਸ਼ ਨੂੰ ਦੱਸੇ ਕਿ ਇਸ ’ਤੇ ਕਿੰਨੀ ਸਬਸਿਡੀ ਦਿੱਤੀ ਗਈ ਹੈ? ਪੰਧੇਰ ਨੇ ਕਿਹਾ ਕਿ ਦੂਜਾ ਐਲਾਨ ਕੀਤਾ ਗਿਆ ਹੈ ਕਿ ਫ਼ਸਲ ਬੀਮਾ ਯੋਜਨਾ 2026 ਤੱਕ ਜਾਰੀ ਰਹੇਗੀ ਪਰ ਇਸ ਦੌਰਾਨ ਕਾਰਪੋਰੇਟ ਘਰਾਣੇ ਲੁੱਟ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਜੇ ਇਹ ਲਾਭਦਾਇਕ ਹੈ ਤਾਂ ਗੁਜਰਾਤ ਵਿੱਚ ਇਹ ਫ਼ਸਲ ਬੀਮਾ ਯੋਜਨਾ ਕਿਉਂ ਬੰਦ ਕੀਤੀ ਹੈ? ਇਸੇ ਤਰ੍ਹਾਂ ਉਨ੍ਹਾਂ ਨੇ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਵਾ ਵੱਲੋਂ ਦੇਸ਼ ਵਿੱਚ ਕਿਸੇ ਕਿਸਾਨ ਦੇ ਨਾਰਾਜ਼ ਨਾ ਹੋਣ ਸਬੰਧੀ ਦਿੱਤੇ ਗਏ ਬਿਆਨ ਨੂੰ ਵੀ ਝੂਠ ਦਾ ਪੁਲੰਦਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ 4 ਜਨਵਰੀ ਨੂੰ ਢਾਬੀਗੁੱਜਰਾਂ ਬਾਰਡਰ ’ਤੇ ਕਿਸਾਨ ਪੰਚਾਇਤ ਅਤੇ 6 ਜਨਵਰੀ ਨੂੰ ਸ਼ੰਭੂ ਬਾਰਡਰ ’ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਵਿਸ਼ਾਲ ਇਕੱਠ ਕੀਤੇ ਜਾ ਰਹੇ ਹਨ। ਇਸ ਮੌਕੇ ਸ੍ਰੀ ਪੰਧੇਰ ਨੇ ਦੁਹਰਾਇਆ ਕਿ ਕਿਸਾਨਾਂ ਦੇ ਜਥਿਆਂ ਵੱਲੋਂ ਦਿੱਲੀ ਕੂਚ ਕਰਨ ਲਈ ਅਗਲੇ ਪੜਾਅ ਦੇ ਪ੍ਰੋਗਰਾਮ ਵਜੋਂ ਤਾਰੀਖਾਂ ਦਾ ਐਲਾਨ ਅਗਲੇ ਦਿਨਾਂ ’ਚ ਕੀਤਾ ਜਾਵੇਗਾ। ਇਸ ਮੌਕੇ ਜਸਵਿੰਦਰ ਸਿੰਘ ਲੌਂਗੋਵਾਲ. ਜੰਗ ਸਿੰਘ ਭਟੇੜੀ, ਬਲਕਾਰ ਬੈਂਸ, ਤਜਿੰਦਰ ਪੰਜੋਖਰਾ, ਦੁਰਧਿਆਨ ਸਿਉਣਾ ਸਣੇ ਕਈ ਹੋਰ ਕਿਸਾਨ ਆਗੂ ਵੀ ਮੌਜੂਦ ਸਨ।
ਐੱਸਕੇਐੱਮ ਦੀ ਲੁਧਿਆਣਾ ਵਿੱਚ ਮੀਟਿੰਗ ਅੱਜ
ਚੰਡੀਗੜ੍ਹ:
ਸੰਯੁਕਤ ਕਿਸਾਨ ਮੋਰਚਾ (ਐਮਕੇਐਮ) ਪੰਜਾਬ ਦੀ ਮੀਟਿੰਗ 3 ਜਨਵਰੀ ਨੂੰ ਲੁਧਿਆਣਾ ਵਿਖੇ ਹੋਵੇਗੀ। ਇਹ ਮੀਟਿੰਗ ਦੁਪਹਿਰ 12 ਵਜੇ ਲੁਧਿਆਣਾ ਵਿਖੇ ਸਥਿਤ ਕਰਨੈਲ ਸਿੰਘ ਇਸੜੂ ਭਵਨ ਵਿਖੇ ਹੋਵੇਗੀ। ਇਸ ਗੱਲ ਦੀ ਪੁਸ਼ਟੀ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਰਮਿੰਦਰ ਸਿੰਘ ਪਟਿਆਲਾ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਵਿੱਚ ਕਿਸਾਨੀ ਮੰਗਾਂ ਨੂੰ ਲੈ ਕੇ ਸੰਘਰਸ਼ ਦੀ ਅਗਲੀ ਵਿਊਂਤਬੰਦੀ ਤਿਆਰ ਕੀਤੀ ਜਾਵੇਗੀ। ਇਸ ਦੇ ਨਾਲ ਹੀ 9 ਜਨਵਰੀ ਨੂੰ ਮੋਗਾ ਵਿਖੇ ਹੋਣ ਵਾਲੀ ਵਿਸ਼ਾਲ ਕਾਨਫਰੰਸ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ। -ਟਨਸ