ਡਾ. ਸਵਰਾਜਬੀਰ ਦੇ ਨਾਟ ਸੰਗ੍ਰਹਿ ‘ਇਹ ਗੱਲਾਂ ਕਦੇ ਫੇਰ ਕਰਾਂਗੇ’ ’ਤੇ ਚਰਚਾ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਜਨਵਰੀ
ਸਾਹਿਤ ਚਿੰਤਨ, ਚੰਡੀਗੜ੍ਹ ਵੱਲੋਂ ਡਾ. ਆਤਮਜੀਤ ਦੀ ਪ੍ਰਧਾਨਗੀ ਹੇਠ ਇੱਥੇ ਸੈਕਟਰ-20-ਸੀ ਸਥਿਤ ਕਾਮਰੇਡ ਭਾਗ ਸਿੰਘ ਸੱਜਣ ਮੈਮੋਰੀਅਲ ਟਰੱਸਟ ਵਿਖੇ ਮਾਸਿਕ ਇਕੱਤਰਤਾ ਕੀਤੀ ਗਈ। ਇਸ ਮੌਕੇ ਸਮਾਜ ਦੇ ਵੱਖ-ਵੱਖ ਮੁੱਦਿਆਂ ਨੂੰ ਵਿਚਾਰਿਆ ਗਿਆ ਅਤੇ ਪੰਜਾਬ ਦੇ ਉੱਘੇ ਲੇਖਕ ਡਾ. ਸਵਰਾਜਬੀਰ ਦੀ ਨਵੀਂ ਪੁਸਤਕ ‘ਇਹ ਗੱਲਾਂ ਕਦੇ ਫੇਰ ਕਰਾਂਗੇ’ ’ਤੇ ਵਿਚਾਰ-ਚਰਚਾ ਕੀਤੀ ਗਈ। ਇਸ ਪੁਸਤਕ ਵਿੱਚ ਡਾ. ਸਵਰਾਜਬੀਰ ਦੇ ਛੇ ਨਾਟਕ ਸ਼ਾਮਲ ਹਨ। ਡਾ. ਅਰੀਤ ਕੌਰ ਨੇ ਚਰਚਾ ਸ਼ੁਰੂ ਕਰਦਿਆਂ ਕਿਹਾ ਕਿ ਪੁਸਤਕ ਵਿੱਚ ਨਾਟਕਾਂ ਦੇ ਕਿਰਦਾਰ ਪਿੱਤਰ ਸੱਤਾ, ਜਗੀਰੂ ਕਦਰਾਂ-ਕੀਮਤਾਂ ਤੇ ਧਾਰਮਿਕ ਰਹੁ-ਰੀਤਾਂ ਦੇ ਸਤਾਏ ਹੋਏ ਹਨ। ਡਾ. ਸਵਰਾਜਬੀਰ ਨੇ ਉਨ੍ਹਾਂ ਦੀ ਦੁਬਿਧਾ ਤੇ ਦੁਖਾਂਤ ਬਾਰੇ ਚਾਨਣਾ ਪਾਇਆ ਹੈ। ਉਨ੍ਹਾਂ ਕਿਹਾ ਕਿ ਨਾਟਕ ‘ਪਸੰਦ’ ਤੇ ‘ਸਭ ਤੋਂ ਚੰਗੀ ਜਨਾਨੀ’ ਸਾਡੇ ਸਮਾਜ ਦੀ ਜਾਲਮ ਤਸਵੀਰ ਪੇਸ਼ ਕਰਦੇ ਹਨ। ਇਸ ਮੌਕੇ ਡਾ. ਸਵਰਾਜਬੀਰ ਨੇ ਆਪਣੇ ਨਾਟ ਸੰਗ੍ਰਹਿ ਬਾਰੇ ਵਿਚਾਰ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਸਮਾਜ ਵੱਖ-ਵੱਖ ਮਸਲਿਆਂ ਨਾਲ ਜੂਝ ਰਿਹਾ ਹੈ। ਇਨ੍ਹਾਂ ਸਮਾਜਿਕ ਮਸਲਿਆਂ ਦੇ ਹੱਲ ਲਈ ਚੰਗੀਆਂ ਕਦਰਾਂ-ਕੀਮਤਾਂ ’ਤੇ ਪਹਿਰਾ ਦੇਣਾ ਪਵੇਗਾ।
ਡਾ. ਆਤਮਜੀਤ ਨੇ ਕਿਹਾ ਕਿ ਜਾਤ, ਧਰਮ, ਪਿੱਤਰ ਸੱਤਾ, ਜਗੀਰੂ ਕਦਰਾਂ-ਕੀਮਤਾਂ ਸਮਾਜ ਵੱਲੋਂ ਘੜੀਆਂ ਹਨ। ਲੇਖਕਾਂ ਵੱਲੋਂ ਵਾਰ-ਵਾਰ ਸਮਾਜ ਨੂੰ ਇਨ੍ਹਾਂ ਤੋਂ ਬਾਹਰ ਆਉਣ ਬਾਰੇ ਜਾਗਰੂਕ ਕੀਤਾ ਜਾਂਦਾ ਹੈ, ਪਰ ਲੋਕ ਇਨ੍ਹਾਂ ਵਿੱਚ ਉਲਝੇ ਹੋਏ ਹਨ। ਇਸ ਮੌਕੇ ਆਈਏਐੱਸ ਮਾਧਵੀ ਕਟਾਰੀਆ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਬਦੀਸ਼, ਅਭੈ ਸਿੰਘ, ਡਾ. ਹਜ਼ਾਰਾ ਸਿੰਘ, ਪਰਵਿੰਦਰ ਸਿੰਘ, ਡਾ. ਸੁਰਿੰਦਰ ਗਿੱਲ, ਜਸ਼ਨਪ੍ਰੀਤ ਕੌਰ ਤੇ ਹੋਰਨਾਂ ਸ਼ਖ਼ਸੀਅਤਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਸਾਹਿਤ ਚਿੰਤਨ ਵੱਲੋਂ ਤਿੰਨ ਮਤੇ ਪਾਸ
ਸਾਹਿਤ ਚਿੰਤਨ ਚੰਡੀਗੜ੍ਹ ਨੇ ਸਮਾਗਮ ਦੀ ਸ਼ੁਰੂਆਤ ਵਿੱਚ ਵਿਛੜੀਆਂ ਰੂਹਾਂ ਨੂੂੰ ਸ਼ਰਧਾਂਜਲੀ ਭੇਟ ਕਰ ਕੇ ਕੀਤੀ। ਇਸ ਦੇ ਨਾਲ ਹੀ ਸਮਾਜ ਵਿੱਚ ਚੱਲ ਰਹੇ ਮਸਲਿਆਂ ਬਾਰੇ ਵਿਚਾਰ-ਚਰਚਾ ਕਰਦਿਆਂ ਤਿੰਨ ਮਤੇ ਪਾਸ ਕੀਤੇ। ਸਾਹਿਤ ਚਿੰਤਨ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਲਾਗੂ ਕੀਤਾ ਜਾਵੇ। ਇਸ ਦੇ ਨਾਲ ਹੀ ਚੰਡੀਗੜ੍ਹ ਦੇ ਬਿਜਲੀ ਵਿਭਾਗ ਦੇ ਨਿੱਜੀਕਰਨ ਦਾ ਫੈਸਲਾ ਰੱਦ ਕੀਤਾ ਜਾਵੇ। ਸਾਹਿਤ ਚਿੰਤਨ ਦੇ ਆਗੂਆਂ ਨੇ ਮੰਗ ਕੀਤੀ ਕਿ ਤਾਲਿਬਾਨ ਵੱਲੋਂ ਅਫ਼ਗਾਨੀ ਔਰਤਾਂ ਦੇ ਨੌਕਰੀ ਕਰਨ ’ਤੇ ਲਗਾਈ ਗਈ ਪਾਬੰਦੀਆਂ ਨੂੰ ਹਟਾਇਆ ਜਾਵੇ।
Advertisement