ਮਨਮੋਹਨ ਸਿੰਘ ਤੇ ਓਮ ਪ੍ਰਕਾਸ਼ ਚੌਟਾਲਾ ਨੂੰ ਸ਼ਰਧਾਂਜਲੀਆਂ
ਪ੍ਰਭੂ ਦਿਆਲ
ਸਿਰਸਾ, 2 ਜਨਵਰੀ
ਲੋਕ ਪੰਚਾਇਤ ਦੀ ਮਹੀਨਾਵਾਰ ਮੀਟਿੰਗ ਗੁਰਦੀਪ ਸਿੰਘ ਗੁਰਾਇਆ ਦੀ ਪ੍ਰਧਾਨਗੀ ਹੇਠ ਨਾਮਧਾਰੀ ਗੁਰਦੁਆਰਾ ਰਾਣੀਆਂ ’ਚ ਹੋਈ ਜਿਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ, ਨਾਮਧਾਰ ਦਰਬਾਰ ਦੇ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਹਰਵਿੰਦਰ ਸਿੰਘ ਹੰਸਪਾਲ, ਪ੍ਰਗਤੀਸ਼ੀਲ ਲੇਖਕ ਸੰਘ ਹਰਿਆਣਾ ਦੇ ਪ੍ਰਧਾਨ ਪ੍ਰੋ. ਸੁਭਾਸ਼ ਮਾਨਸਾ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਅਤੇ ਉਨ੍ਹਾਂ ਦੇ ਕੰਮਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਮੀਟਿੰਗ ਦੌਰਾਨ ਇਕ ਹੋਰ ਮਤਾ ਪਾਸ ਕਰਕੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਤੁਰੰਤ ਪੂਰਾ ਕੀਤਾ ਜਾਏ। ਲੋਕ ਪੰਚਾਇਤ ਅਤੇ ਕਿਸਾਨ ਸਭਾ ਦੇ ਆਗੂ ਕਾ. ਸੁਵਰਨ ਸਿੰਘ ਵਿਰਕ ਨੇ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਚਲੇ 13 ਮਹੀਨੇ ਕਿਸਾਨ ਅੰਦੋਲਨ ਦੇ ਮੁਲਤਵੀ ਕੀਤੇ ਜਾਣ ਸਮੇਂ ਕੇਂਦਰ ਸਰਕਾਰ ਨੇ ਕਿਸਾਨ ਆਗੂਆਂ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਅੱਜ ਤੱਕ ਪੂਰਾ ਨਹੀਂ ਕੀਤਾ ਗਿਆ। ਜਿਸ ਕਾਰਨ ਪਿਛਲੇ ਵਰ੍ਹੇ ਦੇ ਫਰਵਰੀ ਮਹੀਨੇ ਤੋਂ ਖਨੌਰੀ ਤੇ ਸ਼ੰਭੂ ਬਾਰਡਰ ’ਤੇ ਮੁੜ ਤੋਂ ਪੱਕਾ ਮੋਰਚਾ ਲਾਇਆ ਹੋਇਆ ਹੈ।