ਡਾਕ ਐਤਵਾਰ ਦੀ
ਜਵਾਬ ਮੰਗਦੇ ਸਵਾਲ
ਐਤਵਾਰ ਪਹਿਲੀ ਜੂਨ ਦੇ ‘ਦਸਤਕ’ ਅੰਕ ਵਿੱਚ ਪ੍ਰਦੀਪ ਮੈਗਜ਼ੀਨ ਦੇ ਲੇਖ ‘ਕ੍ਰਿਕਟ, ਪੈਸਾ ਤੇ ਮੈਚ ਫਿਕਸਿੰਗ’ ਵਿੱਚ ਤਕਰੀਬਨ 25 ਸਾਲ ਪਹਿਲਾਂ ਕ੍ਰਿਕਟ ਦੀ ਦੁਨੀਆ ਵਿੱਚ ਆਏ ਇਸ ਤੂਫ਼ਾਨ ਦਾ ਜ਼ਿਕਰ ਕੀਤਾ ਗਿਆ ਹੈ। ਮੇਰੇ ਸਮੇਤ ਉਸ ਸਮੇਂ ਦੇ ਹੋਰ ਬਹੁਤ ਸਾਰੇ ਕ੍ਰਿਕਟ ਪ੍ਰੇਮੀ ਇਸ ਬਾਰੇ ਭਲੀਭਾਂਤ ਜਾਣਦੇ ਹਨ ਕਿ ਕਿਵੇਂ ਮਨੋਜ ਪ੍ਰਭਾਕਰ ਨੇ ਬਹੁਤ ਸਾਰੇ ਵੱਡੇ ਖਿਡਾਰੀਆਂ, ਕੋਚਾਂ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਇਸ ’ਚ ਸ਼ਮੂਲੀਅਤ ਮੰਨਣ ਜਾਂ ਜਾਣਕਾਰੀ ਹੋਣ ਦੀ ਰਿਕਾਰਡਿੰਗ ਪੁਲੀਸ ਨੂੰ ਸੌਂਪੀ ਸੀ। ਆਪਣੀ ਕਿਤਾਬ ਵਿੱਚ ਸੇਵਾਮੁਕਤ ਕਮਿਸ਼ਨਰ (ਜੋ ਸੇਵਾਮੁਕਤੀ ਤੋਂ ਬਾਅਦ ਭ੍ਰਿਸ਼ਟਚਾਰ ਵਿਰੋਧੀ ਇਕਾਈ ਦੇ ਮੁਖੀ ਵੀ ਬਣੇ) ਨੇ ਇਸ ਬਾਰੇ ਕੀ ਐਕਸ਼ਨ ਲਿਆ ਸੀ, ਉਸ ਬਾਰੇ ਵੀ ਜਾਣਕਾਰੀ ਦਿੱਤੀ ਜਾਣੀ ਬਣਦੀ ਸੀ।
ਰਾਵਿੰਦਰ ਫਫੜੇ, ਈ-ਮੇਲ
ਆਸ ਦੀ ਕਿਰਨ ਲੋੜੀਂਦੀ
ਐਤਵਾਰ 25 ਮਈ ਨੂੰ ਸਿੱਧੂ ਦਮਦਮੀ ਦਾ ਲੇਖ ‘ਮੱਲ ਸਿੰਘ ਦਾ ਢਹਿਣਾ’ ਪੜ੍ਹ ਕੇ ਦਿਲ ਝੰਜੋੜਿਆ ਗਿਆ। ਆਪਣੀ ਧੁਨ ਵਿੱਚ ਮਸਤ ਹੋ ਕੇ ਉਹ ਖੋਜ ਕਾਰਜਾਂ ਵਿੱਚ ਲੱਗਿਆ ਰਿਹਾ। ਮਿਹਨਤ ਨਾਲ ਕਲਮ ਚਲਾਈ ਗਿਆ ਪਰ ਉਸ ਦੀ ਕਿਸੇ ਯੂਨੀਵਰਸਿਟੀ ਜਾਂ ਭਾਸ਼ਾ ਵਿਭਾਗ ਨੇ ਕਦਰ ਨਹੀਂ ਪਾਈ। ਉਸ ਵਰਗੇ ਹੋਰ ਪਤਾ ਨਹੀਂ ਕਿੰਨੇ ਮੱਲ ਸਿੰਘ ਕਿਸੇ ਪਹੁੰਚ ਜਾਂ ਬਿਨਾਂ ਸਿਫ਼ਾਰਿਸ਼ ਤੋਂ ਰੁਲਦੇ ਫਿਰਦੇ ਅਤੇ ਗੁੰਮਨਾਮੀ ਦੀ ਜ਼ਿੰਦਗੀ ਗੁਜ਼ਾਰ ਰਹੇ ਹਨ! ਪਤਾ ਨਹੀਂ, ਕਦੋਂ ਸਰਕਾਰ ਜਾਂ ਉੱਚ ਅਹੁਦਿਆਂ ’ਤੇ ਬੈਠੇ ਵਿਦਵਾਨ, ਮੱਲ ਸਿੰਘ ਵਰਗੇ ਲੋਕਾਂ ਦੀ ਬਾਂਹ ਫੜਨਗੇ। ਪਤਾ ਨਹੀਂ, ਕਦੋਂ ਤੱਕ ਅਜਿਹੇ ਲੋਕਾਂ ਨੂੰ ਜ਼ਲੀਲ ਹੋਣਾ ਪਵੇਗਾ। ਕੋਈ ਤਾਂ ਸਰਕਾਰੇ ਦਰਬਾਰੇ ਆਸ ਦੀ ਕਿਰਨ ਬਣ ਕੇ ਬਹੁੜੇ।
ਸੁਖਪਾਲ ਸਿੰਘ, ਬਠਿੰਡਾ
ਜਾਣਕਾਰੀ ਭਰਪੂਰ ਲੇਖ
ਐਤਵਾਰ 18 ਮਈ ਦੇ ਅੰਕ ਵਿੱਚ ਸਾਰੇ ਲੇਖ ਜਾਣਕਾਰੀ ਭਰਪੂਰ ਹਨ। ਸੋਚ ਸੰਗਤ ਪੰਨੇ ’ਤੇ ਬੂਟਾ ਸਿੰਘ ਬਰਾੜ ਦਾ ਲੇਖ ‘ਉਰਦੂ ਜ਼ਬਾਨ ਦੀ ਵਲਦੀਅਤ’ ਉਰਦੂ ਜ਼ਬਾਨ ਬਾਰੇ ਬਹੁਤ ਵਧੀਆ ਅਤੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਾ ਹੈ। ਫ਼ਿਰਕੂ ਜਨੂੰਨੀਆਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਉਰਦੂ ਸਾਡੇ ਪੁਰਖਿਆਂ ਦੀ ਸਾਂਝੀ ਭਾਸ਼ਾ ਹੈ। ਇਸ ਤੋਂ ਟੁੱਟਣ ਨਾਲ ਅਸੀਂ ਸਿਰਫ਼ ਆਪਣੇ ਕੀਮਤੀ ਵਿਰਸੇ ਅਤੇ ਸੱਭਿਆਚਾਰ ਤੋਂ ਹੀ ਨਹੀਂ ਟੁੱਟ ਜਾਵਾਂਗੇ ਸਗੋਂ ਆਪਣੇ ਬਹੁਮੁੱਲੇ ਸਾਹਿਤ ਅਤੇ ਸਾਹਿਤਕਾਰਾਂ ਨੂੰ ਵੀ ਗੁਆ ਬੈਠਾਂਗੇ। ਭਾਸ਼ਾਵਾਂ ਬਾਰੇ ਨਫ਼ਰਤੀ ਸੁਰਾਂ ਖ਼ਤਮ ਹੋਣੀਆਂ ਚਾਹੀਦੀਆਂ ਹਨ। ਇਸੇ ਪੰਨੇ ’ਤੇ ਅਰਵਿੰਦਰ ਜੌਹਲ ਨੇ ਆਪਣੇ ਲੇਖ ‘ਖ਼ਾਮੋਸ਼ ਨਹੀਂ ਹੁੰਦੇ ਸਵਾਲ’ ਰਾਹੀਂ ਉਨ੍ਹਾਂ ਲੋਕਾਂ ਨੂੰ ਸਹੀ ਸ਼ੀਸ਼ਾ ਦਿਖਾਇਆ ਅਤੇ ਬਣਦੇ ਸਵਾਲ ਪੁੱਛਣ ਦੀ ਦਲੇਰੀ ਕੀਤੀ ਹੈ ਜੋ ਆਪਣੇ ਸਿਆਸੀ ਆਕਾਵਾਂ ਨੂੰ ਖ਼ੁਸ਼ ਕਰਨ ਲਈ ਆਪਣੀ ਨੈਤਿਕ ਮਰਿਆਦਾ ਨੂੰ ਹੀ ਨਹੀਂ ਭੁੱਲ ਜਾਂਦੇ ਸਗੋਂ ਅਜਿਹਾ ਕਰਨ ਵਿੱਚ ਫ਼ਖਰ ਮਹਿਸੂਸ ਕਰਦੇ ਹਨ। ਤਾੜੀਆਂ ਦੀ ਗੂੰਜ ਵਿੱਚ ਕਿਸੇ ਮਹਿਲਾ ਦੀ ਕਿਰਦਾਰਕੁਸ਼ੀ ਕਰਨ ਵਿੱਚ ਉਨ੍ਹਾਂ ਨੂੰ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ। ਕਰਨਲ ਸੋਫ਼ੀਆ ਦੇ ਪਰਿਵਾਰ ਦੀਆਂ ਕਈ ਪੀੜ੍ਹੀਆਂ ਨੇ ਫ਼ੌਜ ਵਿੱਚ ਰਹਿ ਕੇ ਦੇਸ਼ ਦੀ ਸੇਵਾ ਕੀਤੀ। ਉਨ੍ਹਾਂ ਬਾਰੇ ਇਸ ਤਰ੍ਹਾਂ ਦੀ ਭੱਦੀ ਸ਼ਬਦਾਵਲੀ ਵਰਤਣੀ ਬਹੁਤ ਸ਼ਰਮਨਾਕ ਅਤੇ ਨਿੰਦਣਯੋਗ ਹੈ ਪਰ ਹਾਈ ਕੋਰਟ ਅਤੇ ਸੁਪਰੀਮ ਕੋਰਟ ਵੱਲੋਂ ਅਜਿਹੇ ਘਿਣਾਉਣੇ ਬਿਆਨ ਦੀ ਆਲੋਚਨਾ ਨੇ ਮਾਣ ਨਾਲ ਸਿਰ ਉੱਚਾ ਕਰ ਦਿੱਤਾ। ਇਸ ਨਾਲ ਨਿਆਂ ਪ੍ਰਣਾਲੀ ਦੇ ਇਤਿਹਾਸ ਵਿੱਚ ਇੱਕ ਸ਼ਰਮਨਾਕ ਘਟਨਾ ਜੁੜਨ ਤੋਂ ਬਚਾਅ ਹੋ ਗਿਆ। ਕੋਈ ਵਿਅਕਤੀ ਭਾਵੇਂ ਕਿੰਨੇ ਵੀ ਉੱਚ ਅਹੁਦੇ ’ਤੇ ਕਿਉਂ ਨਾ ਬੈਠਾ ਹੋਵੇ ਇਸ ਨਾਲ ਉਸ ਨੂੰ ਇਹ ਅਧਿਕਾਰ ਨਹੀਂ ਮਿਲ ਜਾਂਦਾ ਕਿ ਉਹ ਕਿਸੇ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ਕਰੇ। ਮੰਤਰੀਆਂ ਜਾਂ ਹੋਰਨਾਂ ਵੱਲੋਂ ਕਰਨਲ ਸੋਫ਼ੀਆ, ਵਿਕਰਮ ਮਿਸਰੀ ਅਤੇ ਹਿਮਾਂਸ਼ੀ ਨਰਵਾਲ ਦੀ ਕੀਤੀ ਗਈ ਟਰੋਲਿੰਗ ਬਹੁਤ ਗ਼ਲਤ ਹੈ, ਜਿਸ ਦੀ ਵੱਧ ਤੋਂ ਵੱਧ ਨਿਖੇਧੀ ਹੋਣੀ ਚਾਹੀਦੀ ਹੈ। ਜਦੋਂ ਤੱਕ ਅਜਿਹੇ ਲੋਕਾਂ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ ਉਦੋਂ ਤੱਕ ਨਾ ਤਾਂ ਇਸ ਤਰ੍ਹਾਂ ਦਾ ਵਿਹਾਰ ਰੁਕਣ ਵਾਲਾ ਹੈ ਅਤੇ ਨਾ ਹੀ ਅਜਿਹੇ ਸਵਾਲ ਖ਼ਾਮੋਸ਼ ਹੋ ਸਕਦੇ ਹਨ।
ਇਸੇ ਅੰਕ ਵਿੱਚ ਰਾਮਚੰਦਰ ਗੁਹਾ ਨੇ ਆਪਣੇ ਲੇਖ ‘ਭਾਰਤ ਅਤੇ ਪਾਕਿਸਤਾਨ ਦਾ ਟਕਰਾਅ’ ਵਿੱਚ ਦੋਵੇਂ ਮੁਲਕਾਂ ਦੀ ਤੁਲਨਾ ਕਰਦਿਆਂ ਬਹੁਤ ਸਹੀ ਗੱਲ ਕਹੀ ਹੈ ਕਿ ਜੇ ਭਾਰਤ ਅੱਜ ਇੱਕਜੁਟ ਹੈ ਅਤੇ ਭਾਰਤ ਦੀ ਆਰਥਿਕ ਸਮਰੱਥਾ ਉਸ ਤੋਂ ਦੁੱਗਣੀ ਹੈ ਤਾਂ ਇਸ ਦਾ ਸਿਹਰਾ ਸਾਡੇ ਉਨ੍ਹਾਂ ਲੀਡਰਾਂ ਦੇ ਸਿਰ ਜਾਂਦਾ ਹੈ ਜਿਨ੍ਹਾਂ ਨੇ ਧਾਰਮਿਕ ਪੱਖਪਾਤ ਅਤੇ ਧਾਰਮਿਕ ਕੱਟੜਤਾ ਵੱਲ ਪਿੱਠ ਕਰ ਲਈ ਸੀ। ਹੁਣ ਲੱਗਦਾ ਹੈ ਕਿ ਅਸੀਂ ਮੁੜ ਉਸੇ ਜਨੂੰਨੀ ਰਸਤੇ ’ਤੇ ਤੁਰ ਪਏ ਹਾਂ। ਪਤਾ ਨਹੀਂ ਕਿੱਥੇ ਅੱਪੜਾਂਗੇ? ਪਿਛਲੇ ਕੁਝ ਸਾਲਾਂ ਤੋਂ ਭਾਰਤ ਅਖੌਤੀ ਰਾਸ਼ਟਰਵਾਦ ਦੇ ਸ਼ਿਕੰਜੇ ਵਿੱਚ ਫਸ ਚੁੱਕਿਆ ਹੈ। ਰੱਬ ਖ਼ੈਰ ਕਰੇ।
ਡਾ. ਤਰਲੋਚਨ ਕੌਰ, ਪਟਿਆਲ਼ਾ
ਜਾਣਕਾਰੀ ਭਰਪੂਰ ਲੇਖ
ਐਤਵਾਰ 18 ਮਈ ਨੂੰ ‘ਦਸਤਕ’ ਅੰਕ ਦੇ ਇੰਟਰਨੈੱਟ ਐਡੀਸ਼ਨ ਪੰਨੇ ’ਤੇ ਗੁਰਚਰਨ ਸਿੰਘ ਨੂਰਪੁਰ ਦਾ ਲੇਖ ‘ਰੋਟੀ ਦਾ ਬਾਜ਼ਾਰ ਅਤੇ ਬਿਮਾਰੀਆਂ ਦੀ ਦਸਤਕ’ ਪੜ੍ਹਿਆ, ਜਾਣਕਾਰੀ ਭਰਪੂਰ ਲੇਖ ਸੀ। ਰੋਟੀ ਹੁਣ ਬਹੁਤ ਵੱਡੀ ਫੂਡ ਇੰਡਸਟਰੀ ਬਣ ਗਈ ਹੈ। ਖਾਣ-ਪੀਣ ਦੀਆਂ ਵਸਤਾਂ ’ਤੇ ਹਰ ਰੋਜ਼ ਬਾਜ਼ਾਰ ਦਾ ਗਲਬਾ ਵਧ ਰਿਹਾ ਹੈ ਅਤੇ ਰਸੋਈ ਦਾ ਮਹੱਤਵ ਘਟ ਰਿਹਾ ਹੈ। ਪਹਿਲਾਂ ਪੰਜਾਬੀਆਂ ਦੀ ਰੋਟੀ ਖੇਤਾਂ ਵਿੱਚੋਂ ਆਉਂਦੀ ਸੀ ਅਤੇ ਉਹ ਕੁਦਰਤੀ ਤੇ ਤਾਜ਼ਾ ਹੁੰਦੀ ਸੀ। ਹੁਣ ਬਾਜ਼ਾਰਾਂ ਵਿੱਚ ਮਸਾਲਿਆਂ, ਪ੍ਰੋਸੈਸ ਕੀਤੇ ਤੇਲ ਅਤੇ ਰਿਫਾਈਂਡ ਉਤਪਾਦਾਂ ਦੀ ਲੋੜ ਵਧ ਰਹੀ ਹੈ। ਪਹਿਲਾਂ ਖੇਤਾਂ ਵਿੱਚੋਂ ਆਸਾਨੀ ਨਾਲ ਮਿਲਦੇ ਤੇ ਬਿਨਾਂ ਰਸਾਇਣਾਂ ਤੋਂ ਤਿਆਰ ਹੁੰਦੇ ਭੋਜਨ ਹੁਣ ਬੀਤੇ ਦਿਨਾਂ ਦੀ ਗੱਲ ਬਣ ਗਏ ਹਨ। ਅੱਜ ਦਾ ਖਾਣਾ ਸਿਰਫ਼ ਭੁੱਖ ਮਿਟਾਉਣ ਲਈ ਨਹੀਂ ਸਗੋਂ ਸੁਆਦ ਲਈ ਖਾਧਾ ਜਾਂਦਾ ਹੈ। ਫ਼ਲ ਅਤੇ ਸਬਜ਼ੀਆਂ ਨੂੰ ਉਨ੍ਹਾਂ ਦੇ ਕੁਦਰਤੀ ਮੌਸਮ ਵਿੱਚ ਹੀ ਖਾਣਾ ਚਾਹੀਦਾ ਹੈ ਪਰ ਬਾਜ਼ਾਰ ਵਿੱਚ ਸਾਲ ਭਰ ਉਪਲਬਧ ਹੋਣ ਕਰਕੇ ਇਹ ਕੁਦਰਤੀ ਲਾਭ ਘਟ ਰਹੇ ਹਨ। ਗੁਰਚਰਨ ਸਿੰਘ ਨੂਰਪੁਰ ਦੇ ਇਸ ਲੇਖ ਵਿੱਚ ਦੱਸਿਆ ਗਿਆ ਹੈ ਕਿ ਰੋਟੀ ਹੁਣ ਫੂਡ ਇੰਡਸਟਰੀ ਦਾ ਵੱਡਾ ਹਿੱਸਾ ਬਣ ਚੁੱਕੀ ਹੈ, ਜਿਸ ਨਾਲ ਬਾਜ਼ਾਰ ਦੇ ਖਾਣਿਆਂ ਦੀ ਲੋੜ ਤੇ ਨਿਰਭਰਤਾ ਵਧ ਰਹੀ ਹੈ। ਪਹਿਲਾਂ ਪੰਜਾਬੀਆਂ ਦਾ ਖਾਣਾ ਸਿੱਧਾ ਖੇਤ ਨਾਲ ਜੁੜਿਆ ਹੁੰਦਾ ਸੀ, ਜਿੱਥੇ ਸਿਹਤਮੰਦ ਅਤੇ ਕੁਦਰਤੀ ਭੋਜਨ ਉਪਲਬਧ ਹੁੰਦਾ ਸੀ। ਅੱਜ ਮਾਸਾਹਾਰੀ ਭੋਜਨ, ਪੈਕੇਟ ਬੰਦ ਖਾਣੇ ਅਤੇ ਰਿਫਾਈਂਡ ਤੇਲ ਆਦਿ ਸਿਹਤ ਲਈ ਨੁਕਸਾਨਦਾਇਕ ਸਿੱਧ ਹੋ ਰਹੇ ਹਨ। ਤਲੇ ਹੋਏ ਭੋਜਨ ਵਿੱਚ ਅਜੀਨੋਮੋਟੋ ਵਰਗੇ (MSG) ਜ਼ਹਿਰੀਲੇ ਰਸਾਇਣ ਮਿਲਾ ਕੇ ਉਨ੍ਹਾਂ ਨੂੰ ਸੁਆਦਲਾ ਬਣਾਇਆ ਜਾਂਦਾ ਹੈ। ਰਿਫਾਈਂਡ ਤੇਲ ਹੁਣ ਵਿਅਕਤੀਆਂ ਦੀ ਸਿਹਤ ਲਈ ਖ਼ਤਰਾ ਬਣ ਚੁੱਕਾ ਹੈ, ਜਿਸ ਕਾਰਨ ਉੱਚ ਖ਼ੂਨ ਦਬਾਅ, ਦਿਲ ਦੀਆਂ ਬਿਮਾਰੀਆਂ ਅਤੇ ਮਿਹਦੇ ਦੀਆਂ ਸਮੱਸਿਆਵਾਂ ਆਮ ਹੋ ਗਈਆਂ ਹਨ। ਦਰਅਸਲ, ਮੌਸਮ ਮੁਤਾਬਿਕ ਫ਼ਲ ਅਤੇ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ ਅਤੇ ਬੇਮੌਸਮੀ ਉਤਪਾਦਾਂ ਤੋਂ ਚਾਹੀਦਾ ਹੈ। ਦੇਸੀ ਘਿਓ ਤੇ ਸਰ੍ਹੋਂ ਦੇ ਤੇਲ ਵਿੱਚ ਬਣੇ ਖਾਣੇ ਵਧੇਰੇ ਲਾਭਦਾਇਕ ਹਨ। ਘਰ ਦੀ ਰਸੋਈ ਸਰੀਰ ਦੀ ਤੰਦਰੁਸਤੀ ਲਈ ਬਹੁਤ ਜ਼ਰੂਰੀ ਹੈ। ਇਹ ਲੇਖ ਖਾਣ-ਪੀਣ ਦੀ ਬਦਲ ਰਹੀ ਧਾਰਾ ਅਤੇ ਸਿਹਤ ’ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਮਹੱਤਵਪੂਰਨ ਜਾਣਕਾਰੀ ਦਿੰਦਾ ਹੈ।
ਜਸਮੀਤ ਕੌਰ, ਰੂਪਨਗਰ