ਡਾਕ ਐਤਵਾਰ ਦੀ
ਸਿੱਖਿਆ ਤੇ ਰੁਜ਼ਗਾਰ ਦੇਸ਼ ‘ਚ ਹੀ ਮਿਲੇ
ਸੁਪਿੰਦਰ ਸਿੰਘ ਰਾਣਾ ਦਾ ਨਜ਼ਰੀਆ ਪੰਨੇ ‘ਤੇ ਛਪਿਆ ਮਿਡਲ ‘ਤੂੰ ਡੀ.ਸੀ. ਤੋਂ ਘੱਟ ਹੈਂ’ ਪੜ੍ਹਿਆ, ਕਾਬਿਲ-ਏ-ਤਾਰੀਫ਼ ਹੈ। ਕੁਝ ਦਿਨ ਤੋਂ ਸੋਸ਼ਲ ਮੀਡੀਆ ‘ਤੇ ਲੋਕ ਪੰਜਾਬੀਆਂ ਨੂੰ ਮਿਹਣਾ ਦੇ ਰਹੇ ਹਨ ਕਿ ਪਹਿਲੇ ਪੰਜਾਹ ਆਈ.ਏ.ਐੱਸ ‘ਚੋਂ ਚਾਲੀ ਬਿਹਾਰ ਤੋਂ ਹਨ। ਮੈਂ ਸੋਚਦਾ ਹਾਂ ਕਿ ਜਦ ਪੰਜਾਬੀ ਪੇਪਰ ਦੇਣ ਹੀ ਨਹੀਂ ਜਾਂਦੇ ਤਾਂ ਉਨ੍ਹਾਂ ਡੀ.ਸੀ. ਕਿੱਥੋਂ ਲੱਗ ਜਾਣਾ ਹੈ। ਜੇ ਕਦੇ ਪੰਜਾਬ ਦੇ ਨੌਜਵਾਨਾਂ ਦੀਆਂ ਲੱਗੀਆਂ ਕਤਾਰਾਂ ਵੇਖਣੀਆਂ ਹੋਣ ਤਾਂ ਆਪਣੇ ਸ਼ਹਿਰ ਦੇ ਆਈਲੈਟਸ ਸੈਂਟਰਾਂ ਦੇ ਬਾਹਰ ਵੇਖ ਸਕਦੇ ਹੋ। ਸਾਰਾ ਪੰਜਾਬ ਹੀ ਵਿਦੇਸ਼ ਜਾਣ ਨੂੰ ਪੱਬਾਂ ਭਾਰ ਹੋਇਆ ਜਾਪਦਾ ਹੈ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਰਕਾਰ ਨੂੰ ਦੇਸ਼ ਵਿੱਚ ਨੌਕਰੀਆਂ ਦੇਣੀਆਂ ਚਾਹੀਦੀਆਂ ਹਨ, ਪਰ ਵਿੱਦਿਆ ਦੇ ਮਿਆਰ ਨੂੰ ਉਪਰ ਚੁੱਕਣ ਦੀ ਵੀ ਬੇਹੱਦ ਜ਼ਰੂਰਤ ਹੈ ਤਾਂ ਜੋ ਨੌਜਵਾਨ ਕਿੱਤਾ-ਮੁੱਖੀ ਪੜ੍ਹਾਈ ਕਰ ਕੇ ਚੰਗੀਆਂ ਨੌਕਰੀਆਂ ਲੈ ਸਕਣ ਤੇ ਆਪਣੇ ਦੇਸ਼ ਵਿੱਚ ਰਹਿ ਕੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾ ਸਕਣ। ਅਜਿਹਾ ਕਰਦਿਆਂ ਨਾਲ ਹੀ ਉਹ ਆਪਣੇ ਮਾਪਿਆਂ ਦੇ ਬੁਢਾਪੇ ਦਾ ਸਹਾਰਾ ਵੀ ਬਣ ਸਕਣ।
ਵਿਕਾਸ ਕਪਿਲਾ, ਖੰਨਾ
ਬਾਬਾ ਨਾਨਕ ਦੇ ਦੱਸੇ ਰਾਹ ‘ਤੇ ਤੁਰਨਾ ਲਾਜ਼ਮੀ
ਐਤਵਾਰ, 21 ਮਈ ਦੇ ‘ਦਸਤਕ’ ਅੰਕ ਵਿੱਚ ਜਸਵੰਤ ਸਿੰਘ ਜ਼ਫ਼ਰ ਦਾ ਲੇਖ ‘ਮੈਂ ਗੁਰੂ ਨਾਨਕ ਦੇਵ ਜੀ ਬਾਰੇ ਕਿਉਂ ਲਿਖਦਾ ਹਾਂ?’ ਪੜ੍ਹ ਕੇ ਮੈਂ ਖ਼ੁਦ ਨੂੰ ਪੁੱਛਿਆ ਕਿ ਮੈਂ ਗੁਰੂ ਨਾਨਕ ਦੇਵ ਜੀ ਦਾ ਕੀ ਲੱਗਦਾ ਹਾਂ? ਬਹੁਤ ਸ਼ਰਮਿੰਦਾ ਹੋਇਆ ਕਿ ਜੇ ਹਵਾ, ਪਾਣੀ, ਧਰਤੀ ਮੇਰੇ ਕੁਝ ਨਹੀਂ ਲੱਗਦੇ ਤਾਂ ਗੁਰੂ ਨਾਨਕ ਜੀ ਨੂੰ ਆਪਣਾ ਗੁਰੂ ਕਿਵੇਂ ਕਹਿ ਸਕਦਾ ਹਾਂ? ਜ਼ਫ਼ਰ ਨੇ ਗੁਰੂ ਨਾਨਕ ਦੀ ਚਰਨ ਛੋਹ ਪ੍ਰਾਪਤ ਬੁੱਢੇ ਨਾਲ਼ੇ ਦੀ ਉਦਾਹਰਣ ਦੇ ਕੇ ਸਾਰੇ ਪੰਜਾਬੀਆਂ ਨੂੰ ਆਪਣੇ ਗਿਰੀਵਾਨ ਵਿੱਚ ਝਾਕ ਕੇ ਇਸੇ ਪ੍ਰਸ਼ਨ ਦਾ ਉੱਤਰ ਪੁੱਛਿਆ ਹੈ। ਸਾਡੇ ਵਰਤਾਰੇ, ਸੋਚ ਵਿੱਚ ਆਏ ਨਿਘਾਰ ਬਾਰੇ ਤੇ ਗੁਰਬਾਣੀ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਬਾਰੇ ਵੀ ਲੇਖਕ ਨੇ ਲੋਕ-ਮਨਾਂ ਦੀ ਧੁੰਦ ਸਾਫ਼ ਕਰ ਕੇ ਚਾਨਣ ਵਿਖਾਇਆ ਹੈ। ਕੁਦਰਤ ਨਾਲ ਹੋ ਰਹੇ ਖਿਲਵਾੜ ਦਾ ਜੇ ਇਕੱਠੇ ਹੋ ਕੇ ਮੁਕਾਬਲਾ ਨਾ ਕੀਤਾ ਗਿਆ ਤਾਂ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਲਈ ਕੰਡੇ ਬੀਜ ਰਹੇ ਹੋਵਾਂਗੇ। ਭਵਿੱਖ ਵਿੱਚ ਸਾਹ ਲੈਣ ਲਈ ਹਵਾ, ਪੀਣ ਲਈ ਪਾਣੀ ਤੇ ਰਹਿਣ ਲਈ ਧਰਤੀ ਸਭ ਦੁਲੱਭ ਹੋ ਜਾਣਗੇ। ਆਓ, ਗੁਰੂ ਨਾਨਕ ਦੇਵ ਜੀ ਨਾਲ ਆਪਣੇ ਸੰਬੰਧਾਂ ਨੂੰ ਮੁੜ ਤੋਂ ਨਵਿਆਈਏ ਤੇ ਧਰਤੀ ਨੂੰ ਰਹਿਣ ਯੋਗ ਪਵਿੱਤਰ ਥਾਂ ਬਣਾਈਏ।
ਗੁਰਦਿਆਲ ਦਲਾਲ, ਦੋਰਾਹਾ (ਲੁਧਿਆਣਾ)