ਡਾਕ ਐਤਵਾਰ ਦੀ
ਸਾਰਥਕ ਸੁਨੇਹਾ
ਐਤਵਾਰ, 12 ਨਵੰਬਰ ਦੇ ‘ਸੋਚ ਸੰਗਤ’ ਪੰਨੇ ’ਤੇ ਪ੍ਰੀਤਮਾ ਦੋਮੇਲ ਨੇ ਆਪਣੀ ਰਚਨਾ ‘ਕਵਿਤਾ ਦੀ ਪੌੜੀ’ ਰਾਹੀਂ ਆਪਣੇ ਬਚਪਨ ਵਿਚਲੇ ਘਟਨਾਕ੍ਰਮ ਨੂੰ ਸਾਂਝਾ ਕਰਦਿਆਂ ਦਕੀਆਨੂਸੀ ਸੋਚ ’ਤੇ ਚੋਟ ਕੀਤੀ ਹੈ। ਲੇਖਕਾ ਨੇ ਆਪਣੀ ਮਾਨਸਿਕ ਪੀੜਾ ਨੂੰ ਬਿਆਨਦਿਆਂ ਜੀਵਨ ਵਿਚ ਸਿੱਖਿਆ ਪ੍ਰਾਪਤੀ ਦੀ ਚਿਣਗ ਤੇ ਇਸ ਸਦਕਾ ਮਿਲੇ ਸਹਿਯੋਗ ਬਾਰੇ ਦੱਸ ਕੇ ਚਿਰਸਥਾਈ ਪ੍ਰਭਾਵ ਵਾਲਾ ਸਾਰਥਕ ਸੁਨੇਹਾ ਦਿੱਤਾ ਹੈ।
ਡਾ. ਗਗਨਦੀਪ ਸਿੰਘ, ਸੰਗਰੂਰ
ਇਮਾਰਤਾਂ ਦੀ ਸਾਂਭ-ਸੰਭਾਲ ਜ਼ਰੂਰੀ
ਐਤਵਾਰ, ਪੰਜ ਨਵੰਬਰ ਦੇ ‘ਪੰਜਾਬੀ ਟ੍ਰਿਬਿਊਨ’ ਦੇ ‘ਦਸਤਕ’ ਅੰਕ ਵਿਚ ਕਨਿਕਾ ਸਿੰਘ ਦਾ ਲੇਖ ‘ਨੈਸ਼ਨਲ ਮਿਊਜ਼ੀਅਮ ਦਾ ਇਤਿਹਾਸ ਅਤੇ ਮਹੱਤਵ’ ਜਾਣਕਾਰੀ ਵਿਚ ਵਾਧਾ ਕਰਨ ਵਾਲਾ ਸੀ। ਨੈਸ਼ਨਲ ਮਿਊਜ਼ੀਅਮ ਅਤੇ ਇਸ ਵਿਚ ਰੱਖੀਆਂ ਵਸਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਤਿਹਾਸਕ ਵਸਤਾਂ ਵਰਤਾਰਿਆਂ ਬਾਰੇ ਗਿਆਨ ਹਾਸਲ ਕਰਨ ਵਿਚ ਮਦਦਗਾਰ ਹੋਣਗੀਆਂ। ਜੇਕਰ ਇਤਿਹਾਸਕ ਇਮਾਰਤਾਂ ਨੂੰ ਢਾਹ ਕੇ ਨਵੀਆਂ ਇਮਾਰਤਾਂ ਬਣਗੀਆਂ ਤਾਂ ਅੱਜ ਦੇ ਬੱਚੇ ਇਤਿਹਾਸਕ ਤੱਥਾਂ ’ਤੇ ਕਿਵੇਂ ਵਿਸ਼ਵਾਸ ਕਰਨਗੇ? ਇਸ ਲਈ ਸਰਕਾਰਾਂ ਨੂੰ ਪੁਰਾਤਨ ਸਮੇਂ ਦੀਆਂ ਇਮਾਰਤਾਂ ਦੀ ਸਾਂਭ ਸੰਭਾਲ ਲਾਜ਼ਮੀ ਕਰਨੀ ਚਾਹੀਦੀ ਹੈ।
ਐਤਵਾਰ, 29 ਅਕਤੂਬਰ ਦੇ ‘ਪੰਜਾਬੀ ਟ੍ਰਿਬਿਊਨ’ ਦੇ ‘ਦਸਤਕ’ ਅੰਕ ਵਿਚ ਮਨਦੀਪ ਸਿੰਘ ਸੇਖੋਂ ਦਾ ਲੇਖ ‘ਕਸ਼ਮੀਰ ਦੀ ਖ਼ੂਬਸੂਰਤ ਵਾਦੀ ਬੰਗਸ’ ਪੜ੍ਹਿਆ, ਚੰਗਾ ਲੱਗਾ। ਘਰ ਬੈਠੇ ਹੀ ਲੇਖਕ ਨੇ ਕਸ਼ਮੀਰ ਦੀ ਸੈਰ ਕਰਾ ਦਿੱਤੀ। ਪਰਿਵਾਰ ਦੇ ਸਾਰੇ ਮੈਂਬਰਾਂ ਦਾ ਦਿਲ ਖ਼ੁਸ਼ ਹੋਇਆ।
ਅਨਿਲ ਕੌਸ਼ਿਕ, ਕਿਊੜਕ (ਕੈਥਲ, ਹਰਿਆਣਾ)
ਨਿਵੇਕਲੀ ਸ਼ੈਲੀ
ਐਤਵਾਰੀ ਅੰਕ ਦੇ ਕਾਲਮ ‘ਸੁਖ਼ਨ ਭੋਇੰ’ ਵਿਚ ਵਾਹਿਦ ਵੱਲੋਂ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਲਿਖਿਆ ਲੇਖ ‘ਕਿੱਕਰਾਂ ਦੇ ਕੰਡਿਆਂ ਜਿਹੇ ਅਹਿਸਾਸ ਮੇਰੀ ਲਿਖਤ ਦਾ ਆਧਾਰ’ ਪੜਿ੍ਹਆ। ਵਾਹਿਦ ਨੇ ਜਿਸ ਸਵਾਲ ਦੀ ਚਰਚਾ ਕੀਤੀ ਹੈ ਉਸ ਦਾ ਪੂਰਾ ਜਵਾਬ ਵਾਹਿਦ ਦੀਆਂ ਰਚਨਾਵਾਂ ਵਿਚ ਪਿਆ ਹੈ। ਜਦੋਂ ਵਾਹਿਦ ਵਰਗਾ ਕੋਈ ਸਾਹਿਤਕਾਰ ਲਿਖੇਗਾ ਤਾਂ ਉਸ ਰਚਨਾ ਨੂੰ ਕੋਈ ਪੜ੍ਹੇਗਾ ਕਿਉਂਕਿ ਇਸ ਤੋਂ ਪਹਿਲਾਂ ਇਸ ਵਿਧਾ ਅੰਦਰ ਅਜਿਹੇ ਵਿਸ਼ਿਆਂ ਨੂੰ ਇਸ ਸ਼ੈਲੀ ਨਾਲ ਸ਼ਾਇਦ ਕਿਸੇ ਨੇ ਪੇਸ਼ ਨਹੀਂ ਕੀਤਾ। ਵਾਹਿਦ ਦੀ ਗ਼ਜ਼ਲ ਵਰਤਮਾਨ ਦੌਰ ਅੰਦਰ ਨਿਵੇਕਲੇ ਸ਼ਬਦਾਂ, ਪ੍ਰਤੀਕਾਂ, ਬਿੰਬਾਂ ਨਾਲ ਉੱਤਮ ਰਚਨਾ ਹੈ। ਵਾਹਿਦ ਦੇ ਅਤੀਤ ਦੀ ਉਸ ਦੀ ਸਿਰਜਣ ਪ੍ਰਕਿਰਿਆ ਅੰਦਰ ਭੂਮਿਕਾ ਉਸ ਵੱਲੋਂ ਕਹੀਆਂ ਗੱਲਾਂ ਨੂੰ ਹੱਡਬੀਤੀ ਹੋਣ ਕਾਰਨ ਹੋਰ ਪਰਿਪੱਕ ਕਰਦੀ ਹੈ। ਇਸ ਦੀ ਅੱਜ ਦੇ ਹਰ ਲੇਖਕ ਨੂੰ ਸਭ ਤੋਂ ਵਧੇਰੇ ਜ਼ਰੂਰਤ ਹੈ। ਇਹ ਲੇਖ ਨਵੇਂ ਸਾਹਿਤਕਾਰਾਂ ਲਈ ਰਾਹ ਦਸੇਰਾ ਹੈ।
ਮਲਕੀਤ ਰਾਸੀ, ਪੱਟੀ (ਤਰਨ ਤਾਰਨ)
ਵੱਡਾ ਸੁਨੇਹਾ
ਐਤਵਾਰ, 15 ਅਕਤੂਬਰ ਦੇ ‘ਸੋਚ ਸੰਗਤ’ ਪੰਨੇ ’ਤੇ ਸਵਰਾਜਬੀਰ ਦਾ ਲੇਖ ‘ਕੋਈ ਸੁਨੇਹਾ ਨਹੀਂ ਜ਼ਿੰਦਗੀ ਦਾ’ ਬਹੁਤ ਵੱਡਾ ਸੁਨੇਹਾ ਦੇ ਗਿਆ। ਲੇਖਕ ਨੇ ਹਮਾਸ ਦੇ ਹਮਲੇ, ਉਸ ਦੇ ਪਿਛੋਕੜ ਅਤੇ ਇਤਿਹਾਸ ਦਾ ਬਾਖ਼ੂਬੀ ਵਿਸਥਾਰ ਤੇ ਵਿਸਲੇਸ਼ਣ ਪੇਸ਼ ਕੀਤਾ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਸਭ ਕੁਝ ਜਾਣਦਿਆਂ ਵੀ ਉਨ੍ਹਾਂ ਨੇ ਮਹਾਂ-ਸ਼ਕਤੀਆਂ ਨਾਲ ਮੱਥਾ ਕਿਉਂ ਲਾਇਆ? ਡੂੰਘਾਈ ਨਾਲ ਵਿਚਾਰ ਕੀਤਿਆਂ ਸਪਸ਼ਟ ਹੋ ਜਾਂਦਾ ਹੈ ਕਿ ਮਰਨਾ ਤੇ ਮਾਰਨਾ ਭਾਵੇਂ ਕਿਸੇ ਸਮੱਸਿਆ ਦਾ ਹੱਲ ਨਹੀਂ, ਪਰ ਸਦੀਆਂ ਦੀ ਗ਼ੁਲਾਮੀ ਤੇ ਕੀਤਾ ਜਾ ਰਿਹਾ ਸ਼ੋਸ਼ਣ ਕੌਮਾਂ ਨੂੰ ਅਜਿਹੇ ਰਸਤੇ ਤੁਰਨ ਲਈ ਮਜਬੂਰ ਕਰ ਦਿੰਦਾ ਹੈ।
ਡਾ. ਤਰਲੋਚਨ ਕੌਰ, ਪਟਿਆਲਾ