ਡਾਕਟਰੀ ਮੁਆਇਨੇ ਲਈ ਹਸਪਤਾਲ ਲਿਆਂਦਾ ਹਵਾਲਾਤੀ ਫ਼ਰਾਰ
ਮਾਲੇਰਕੋਟਲਾ: ਸਿਟੀ ਪੁਲੀਸ ਵੱਲੋਂ ਮੈਡੀਕਲ ਮੁਆਇਨੇ ਲਈ ਸਿਵਲ ਹਸਪਤਾਲ ਮਾਲੇਰਕੋਟਲਾ ਲਿਆਂਦਾ ਹਵਾਲਾਤੀ ਫ਼ਰਾਰ ਹੋ ਗਿਆ। ਹਵਾਲਾਤੀ ਦੀ ਪਛਾਣ ਮੁਹੰਮਦ ਰਹਿਮਾਨ ਵਾਸੀ ਪੱਕਾ ਦਰਵਾਜ਼ਾ ਜਮਾਲਪੁਰਾ ਵਜੋਂ ਹੋਈ ਹੈ। ਪੁਲੀਸ ਮੁਤਾਬਕ ਮੁਹੰਮਦ ਰਹਿਮਾਨ ਨੂੰ ਅਹਿਮਦਗੜ੍ਹ ਪੁਲੀਸ ਨੇ 12 ਜੂਨ ਨੂੰ ਕਥਿਤ ਤੌਰ ’ਤੇ ਚੋਰੀ ਦੇ ਮੋਟਰਸਾਈਕਲ ਸਣੇ ਗ੍ਰਿਫ਼ਤਾਰ ਕਰ ਕੇ ਕੇਸ ਦਰਜ ਕੀਤਾ ਸੀ। ਜਾਣਕਾਰੀ ਮੁਤਾਬਕ ਥਾਣਾ ਸਿਟੀ ਅਹਿਮਦਗੜ੍ਹ ਤੋਂ ਏਐੱਸਆਈ ਕੁਲਵਿੰਦਰ ਸਿੰਘ ਸਾਥੀ ਪੁਲੀਸ ਮੁਲਾਜ਼ਮਾਂ ਨਾਲ ਮੁਹੰਮਦ ਰਹਿਮਾਨ ਦਾ ਮੁਆਇਨਾ ਕਰਵਾਉਣ ਲਈ ਸਿਵਲ ਹਸਪਤਾਲ ਮਾਲੇਰਕੋਟਲਾ ਦੇ ਐਮਰਜੈਂਸੀ ਵਾਰਡ ’ਚ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ। ਜਿਉਂ ਹੀ ਪੁਲੀਸ ਕਰਮਚਾਰੀ ਮੁਹੰਮਦ ਰਹਿਮਾਨ ਨੂੰ ਲੈ ਕੇ ਡਾਕਟਰ ਕੋਲ ਪੇਸ਼ ਹੋਏ ਤਾਂ ਉਹ ਹੱਥਕੜੀ ਵਿੱਚੋਂ ਆਪਣਾ ਹੱਥ ਕੱਢ ਕੇ ਪਿਛਲੇ ਦਰਵਾਜ਼ੇ ਰਾਹੀਂ ਫ਼ਰਾਰ ਹੋ ਗਿਆ। ਪੁਲੀਸ ਮੁਲਾਜ਼ਮਾਂ ਨੇ ਉਸ ਦਾ ਪਿੱਛਾ ਵੀ ਕੀਤਾ ਪਰ ਉਹ ਹੱਥ ਨਹੀਂ ਲੱਗਿਆ। ਮੌਕੇ ’ਤੇ ਪਹੁੰਚੇ ਥਾਣਾ ਸਿਟੀ ਅਹਿਮਦਗੜ੍ਹ ਦੇ ਐੱਸਐੱਚਓ ਸਬ ਇੰਸਪੈਕਟਰ ਕਮਲਜੀਤ ਕੌਰ ਨੇ ਦਾਅਵਾ ਕੀਤਾ ਕਿ ਫਰਾਰ ਹਵਾਲਾਤੀ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। -ਪਰਮਜੀਤ ਸਿੰਘ ਕੁਠਾਲਾ