ਡਵੀਜ਼ਨ ਭੋਗਪੁਰ ਦੇ ਪਿੰਡਾਂ ਵਿੱਚ ਬਿਜਲੀ ਸਪਲਾਈ ਠੱਪ
ਬਲਵਿੰਦਰ ਸਿੰਘ ਭੰਗੂ
ਭੋਗਪੁਰ, 25 ਮਈ
ਹਨੇਰੀ ਤੇ ਮੀਂਹ ਨੇ ਭਾਵੇਂ ਇਲਾਕੇ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ਪਰ ਪਿਛਲੇ ਦੋ ਦਿਨਾਂ ਤੋਂ ਹਨੇਰੀ ਤੇ ਮੀਂਹ ਕਾਰਨ ਦਰੱਖਤ ਡਿੱਗਣ ਕਾਰਨ ਬਿਜਲੀ ਦੀਆਂ ਤਾਰਾਂ ਟੁੱਟਣ ਅਤੇ ਖੰਭਿਆਂ ਦੇ ਡਿੱਗਣ ਕਾਰਨ ਸਾਰੇ ਪਿੰਡਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ।
ਪਿੰਡ ਜੈਂਦਾ ਦੇ ਵਾਸੀ ਇੰਦਰਜੀਤ ਸਿੰਘ, ਪਿੰਡ ਲੜੋਆ ਦੇ ਵਾਸੀ ਹਰਜੀਤ ਸਿੰਘ ਅਤੇ ਬਹਿਰਾਮ ਸਰਿਸ਼ਤਾ ਦੇ ਵਾਸੀ ਦਵਿੰਦਰ ਸਿੰਘ ਨੇ ਦੱਸਿਆ ਕਿ ਲੋਕ ਬਿਜਲੀ ਦਫਤਰ ਵਿੱਚ ਬਿਜਲੀ ਸਪਲਾਈ ਚਾਲੂ ਕਰਾਉਣ ਲਈ ਜਾਂਦੇ ਹਨ ਤਾਂ ਦਫ਼ਤਰਾਂ ਨੂੰ ਜਿੰਦੇ ਲੱਗੇ ਹੁੰਦੇ ਹਨ। ਜੇਕਰ ਦਫ਼ਤਰ ਖੁੱਲ੍ਹੇ ਹੁੰਦੇ ਹਨ ਤਾਂ ਇੱਕ ਜਾਂ ਦੋ ਮੁੱਖ ਅਧਿਕਾਰੀ ਸ਼ਿਕਾਇਤਕਰਤਾ ਨੂੰ ਕਹਿੰਦੇ ਹਨ ਕਿ ਸਟਾਫ ਨਾ ਮਾਤਰ ਹੋਣ ਕਰਕੇ ਵਾਰੋ-ਵਾਰੀ ਬਿਜਲੀ ਦੀ ਸਪਲਾਈ ਚਾਲੂ ਹੋਵੇਗੀ। ਇਸ ਕਰਕੇ ਬਿਜਲੀ ਖਪਤਕਾਰ ਬਿਜਲੀ ਵਿਭਾਗ ਦੇ ਅਧਿਕਾਰੀਆਂ ਅਤੇ ਸਰਕਾਰ ਤੋਂ ਬਹੁਤ ਔਖੇ ਹਨ।
ਇਸ ਬਾਰੇ ਐਕਸੀਅਨ ਜਸਵੰਤ ਸਿੰਘ ਪਾਬਲਾ ਨੇ ਦੱਸਿਆ ਕਿ ਭੋਗਪੁਰ ਮੰਡਲ ਵਿੱਚ ਪੰਜ ਉਪ ਮੰਡਲ ਹਨ ਜਿਨ੍ਹਾਂ ’ਚ ਦੋ ਭੋਗਪੁਰ, ਦੋ ਟਾਂਡਾ ਅਤੇ ਇੱਕ ਕੰਧਾਲਾ ਜੱਟਾਂ ਪੈਂਦੇ ਹਨ। ਇਨ੍ਹਾਂ ਸਾਰੇ ਉੱਪ ਮੰਡਲਾਂ ਵਿੱਚ ਕੰਮ ਕਰਦੇ ਕੱਚੇ 90 ਬਿਜਲੀ ਮੁਲਾਜ਼ਮ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਪੱਕਾ ਕੀਤਾ ਜਾਵੇ ਜਿਸ ਕਰਕੇ ਉਹ ਸਾਰੇ ਕੰਮ ਛੱਡ ਕੇ ਹੜਤਾਲ ’ਤੇ ਹਨ। ਇਸ ਕਰਕੇ ਬਿਜਲੀ ਦੀ ਸਪਲਾਈ ਵਿੱਚ ਵਿਘਨ ਪਿਆ ਹੈ।