ਡਰਾਈਵਿੰਗ ਲਾਇਸੈਂਸ ਘੁਟਾਲਾ: ਪੰਜਾਬ ਸਰਕਾਰ ਵੱਲੋਂ ਏਆਈਜੀ ਤੇ ਐੱਸਐੱਸਪੀ ਵਿਜੀਲੈਂਸ ਬਹਾਲ
ਪੰਜਾਬ ਸਰਕਾਰ ਨੇ ਅੱਜ ਡਰਾਈਵਿੰਗ ਲਾਇਸੈਂਸ ਘੁਟਾਲੇ ਦੇ ਮਾਮਲੇ ਵਿੱਚ ਪਿਛਲੇ ਮਹੀਨੇ ਮੁਅੱਤਲ ਕੀਤੇ ਦੋ ਸੀਨੀਅਰ ਪੀਪੀਐੱਸ ਅਧਿਕਾਰੀਆਂ ਨੂੰ ਬਹਾਲ ਕਰ ਦਿੱਤਾ ਹੈ ਜਦਕਿ ਕੇਂਦਰ ਸਰਕਾਰ ਨੇ ਇਸੇ ਮਾਮਲੇ ਵਿੱਚ ਮੁਅੱਤਲ ਕੀਤੇ ਗਏ ਸੀਨੀਅਰ ਆਈਪੀਐੱਸ ਅਧਿਕਾਰੀ ਦੀ ਮੁਅੱਤਲੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉੱਧਰ, ਅਧਿਕਾਰੀਆਂ ਨੂੰ ਬਹਾਲ ਕੀਤੇ ਜਾਣ ’ਤੇ ਪੰਜਾਬ ਵਿੱਚ ਸਿਆਸੀ ਮਾਹੌਲ ਭਖਣਾ ਸ਼ੁਰੂ ਹੋ ਗਿਆ ਹੈ। ਵਿਰੋਧੀ ਧਿਰਾਂ ਵੱਲੋਂ ਸੂਬਾ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਅਪਰੈਲ ਵਿੱਚ ਕਥਿਤ ਡਰਾਈਵਿੰਗ ਲਾਇਸੈਂਸ ਘੁਟਾਲੇ ਵਿੱਚ ਤਿੰਨ ਸੀਨੀਅਰ ਪੁਲੀਸ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਸੀ। ਸਰਕਾਰ ਨੇ ਅੱਜ ਹੁਕਮ ਜਾਰੀ ਕਰਦਿਆਂ ਏਆਈਜੀ ਫਲਾਇੰਗ ਸਕੁਐਡ, ਵਿਜੀਲੈਂਸ ਬਿਊਰੋ ਪੰਜਾਬ ਸਵਰਨਦੀਪ ਸਿੰਘ ਅਤੇ ਵਿਜੀਲੈਂਸ ਬਿਊਰੋ ਜਲੰਧਰ ਦੇ ਐੱਸਐੱਸਪੀ ਹਰਪ੍ਰੀਤ ਸਿੰਘ ਮੰਡੇਰ ਨੂੰ ਬਹਾਲ ਕਰ ਦਿੱਤਾ ਹੈ। ਇਹ ਆਦੇਸ਼ ਵਧੀਕ ਮੁੱਖ ਸਕੱਤਰ ਅਲੋਕ ਸ਼ੇਖਰ ਵੱਲੋਂ ਜਾਰੀ ਕੀਤੇ ਗਏ ਹਨ। ਉੱਧਰ, ਕੇਂਦਰੀ ਗ੍ਰਹਿ ਮੰਤਰਾਲੇ ਨੇ ਵਿਜੀਲੈਂਸ ਬਿਊਰੋ ਦੇ ਸਾਬਕਾ ਡਾਇਰੈਕਟਰ ਸੁਰਿੰਦਰ ਪਾਲ ਸਿੰਘ ਪਰਮਾਰ ਦੇ ਮੁਅੱਤਲੀ ਦੇ ਹੁਕਮ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਇਸ ਸਬੰਧੀ 23 ਜੂਨ ਤੱਕ ਪਰਮਾਰ ਨੂੰ ਚਾਰਜਸ਼ੀਟ ਜਾਰੀ ਕਰਨ ਲਈ ਕਿਹਾ ਹੈ। ਉੱਥੇ ਹੀ ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਸਾਬਕਾ ਡਾਇਰੈਕਟਰ ਪਰਮਾਰ ਵੱਲੋਂ ਚਾਰਜਸ਼ੀਟ ’ਤੇ ਆਪਣਾ ਜਵਾਬ ਦਾਇਰ ਕਰਨ ਤੋਂ ਬਾਅਦ, ਸੂਬਾ ਸਰਕਾਰ ਉਨ੍ਹਾਂ ਦੇ ਕੇਸ ’ਤੇ ਫ਼ੈਸਲਾ ਲਵੇਗੀ।
ਕਾਬਿਲੇਗੌਰ ਹੈ ਕਿ ਪਿਛਲੇ ਮਹੀਨੇ ਵਿਜੀਲੈਂਸ ਬਿਊਰੋ ਨੇ ਕਈ ਆਰਟੀਏ ਦਫ਼ਤਰਾਂ ਅਤੇ ਡਰਾਈਵਿੰਗ ਟੈਸਟ ਸੈਂਟਰਾਂ ’ਤੇ ਛਾਪੇ ਮਾਰੇ ਸਨ। ਇਸ ਦੌਰਾਨ ਪੁਲੀਸ ਨੇ 16 ਕੇਸ ਦਰਜ ਕਰ ਕੇ ਕਈ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਦੌਰਾਨ ਵਿਜੀਲੈਂਸ ਨੇ ਉਨ੍ਹਾਂ ਅਧਿਕਾਰੀਆਂ ਅਤੇ ਏਜੰਟਾਂ ਨੂੰ ਨਿਸ਼ਾਨਾ ਬਣਾਇਆ ਜੋ ਡਰਾਈਵਿੰਗ ਲਾਇਸੈਂਸ ਪ੍ਰਕਿਰਿਆ ਨੂੰ ਤੇਜ਼ ਕਰਨ ਜਾਂ ਡਰਾਈਵਿੰਗ ਟੈਸਟ ਦੇ ਨਤੀਜਿਆਂ ਵਿੱਚ ਹੇਰਾਫੇਰੀ ਕਰਨ ਲਈ ਕਥਿਤ ਤੌਰ ’ਤੇ ਗੈਰ-ਕਾਨੂੰਨੀ ਫ਼ੀਸਾਂ ਵਸੂਲ ਰਹੇ ਸਨ। ਇਸ ਮਗਰੋਂ ਸਰਕਾਰ ਨੇ ਇਸ ਮਾਮਲੇ ਵਿੱਚ ਸਹੀ ਕਾਰਵਾਈ ਨਾ ਕਰਨ ਦੇ ਦੋਸ਼ ਹੇਠ ਤਿੰਨ ਸੀਨੀਅਰ ਪੁਲੀਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਸੀ, ਜਿਨ੍ਹਾਂ ਵਿੱਚੋਂ ਅੱਜ ਦੋ ਨੂੰ ਬਹਾਲ ਕਰ ਦਿੱਤਾ ਗਿਆ ਹੈ।
ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ‘ਐਕਸ’ ਉੱਤੇ ਲਿਖਿਆ ਕਿ ਇਹ ਦੋਵੇਂ ਫ਼ੈਸਲੇ ਸਹੀ ਨਹੀਂ ਹੋ ਸਕਦੇ। ਕੀ ‘ਆਪ’ ਨੇ ਉਨ੍ਹਾਂ ਨੂੰ ‘ਲਾਈਨ ’ਤੇ ਲਿਆਉਣ’ ਲਈ ਮੁਅੱਤਲ ਕੀਤਾ ਸੀ ਅਤੇ ਹੁਣ ਉਨ੍ਹਾਂ ਨੇ ਪਾਲਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸ਼ਾਸਨ ਨਹੀਂ ਹੈ ਬਲਕਿ ਡਰਾਉਣਾ ਹੈ। \B
‘ਆਪ’ ਸਰਕਾਰ ਦਾ ਇੱਕ ਹੋਰ ਝੂਠ ਸਾਹਮਣੇ ਆਇਆ: ਮਜੀਠੀਆ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ‘ਆਪ’ ਸਰਕਾਰ ਦਾ ਇੱਕ ਹੋਰ ਝੂਠ ਸਾਹਮਣੇ ਆ ਗਿਆ ਹੈ। ਜਿਹੜੇ ਅਧਿਕਾਰੀ 24-25 ਦਿਨ ਪਹਿਲਾਂ ਭ੍ਰਿਸ਼ਟ ਸਨ, ਉਹ ਹੁਣ ਬਹਾਲ ਹੋ ਗਏ ਹਨ। ਇਸ ਦਾ ਮਤਲਬ ਉਹ ਇਮਾਨਦਾਰ ਹਨ। ਉਨ੍ਹਾਂ ਕਿਹਾ ਕਿ ਉਸ ਸਮੇੇਂ ਇਨ੍ਹਾਂ ਅਧਿਕਾਰੀਆਂ ਨੇ ਸਰਕਾਰ ਦੀ ਨਹੀਂ ਮੰਨੀ ਤਾਂ ਸਰਕਾਰ ਨੇ ਕਾਰਵਾਈ ਕਰ ਦਿੱਤੀ ਅਤੇ ਹੁਣ ਸਮਝੌਤਾ ਹੋ ਗਿਆ ਜਾਪਦਾ ਹੈ। ਉਨ੍ਹਾਂ ਕਿਹਾ ਕਿ ਜੇ ਦੋ ਨੂੰ ਬਹਾਲ ਕਰ ਦਿੱਤਾ ਗਿਆ ਤਾਂ ਐੱਸਪੀਐੱਸ ਪਰਮਾਰ ਨੂੰ ਵੀ ਬਹਾਲ ਕਰਨਾ ਬਣਦਾ ਹੈ। ਇਨ੍ਹਾਂ ਤਿੰਨਾਂ ’ਤੇ ਇੱਕੋ ਕੇਸ ਵਿੱਚ ਕਾਰਵਾਈ ਕੀਤੀ ਗਈ ਸੀ।