ਡਕੌਂਦਾ ਦੇ ਆਗੂਆਂ ਨੇ ਮਾਨ ਦੀ ਲਾਈਵ ਬਹਿਸ ਵਾਲੀ ਚੁਣੌਤੀ ਸਵੀਕਾਰੀ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 30 ਮਈ
ਸੰਯੁਕਤ ਕਿਸਾਨ ਮੋਰਚੇ ਵਲੋਂ ਦੋ ਜੂਨ ਨੂੰ ਸਥਾਨਕ ਦਾਣਾ ਮੰਡੀ ਵਿੱਚ ਰੱਖੀ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਪੁਲੀਸ ਜਬਰ ਖ਼ਿਲਾਫ਼ ਹੋ ਰਹੀ ਇਸ ਰੈਲੀ ਲਈ ਪਿੰਡਾਂ ਵਿੱਚ ਲਾਮਬੰਦੀ ਮੁਹਿੰਮ ਵੀ ਜ਼ੋਰਾਂ ’ਤੇ ਹਨ। ਰੈਲੀ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦੇਣ ਲਈ ਮੰਡੀ ਵਿੱਚ ਪੁੱਜੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਤੇ ਹੋਰਨਾਂ ਨੇ ਮੁੱਖ ਮੰਤਰੀ ਲਾਈਵ ਬਹਿਸ ਦੀ ਚੁਣੌਤੀ ਕਬੂਲ ਲਈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਮੁੱਖ ਮੰਤਰੀ ਨਾਲ ਲਾਈਵ ਬਹਿਸ ਲਈ ਤਿਆਰ ਹੈ। ਭਗਵੰਤ ਮਾਨ ਹੁਣ ਬਹਿਸਾਂ ਲਈ ਸਮਾਂ ਤੇ ਸਥਾਨ ਦੱਸਣ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਵਾਜਬ ਸਮਝਣ ਤਾਂ ਇਸੇ ਜਬਰ ਵਿਰੋਧੀ ਰੈਲੀ ਵਿੱਚ ਆ ਜਾਣ। ਉਨ੍ਹਾਂ ਯਾਦ ਕਰਾਇਆ ਕਿ ਸਿਆਸਤ ਵਿੱਚ ਕੁੱਦਣ ਤੋਂ ਪਹਿਲਾਂ ਵੀ ਤਾਂ ਭਗਵੰਤ ਮਾਨ ਨੇ ਇਸੇ ਜਗਰਾਉਂ ਦਾਣਾ ਮੰਡੀ ਵਿੱਚ ਕਿਸਾਨਾਂ ਦੀ ਵਿਸ਼ਾਲ ਰੈਲੀ ਵਿੱਚ ਪਹੁੰਚ ਕੇ ਬੋਲਣ ਦਾ ਸਮਾਂ ਲਿਆ ਸੀ।
ਕਿਸਾਨ ਆਗੂਆਂ ਨੇ ਕਿਹਾ ਕਿ ਬੀਤੇ ਦਿਨੀਂ ਬਠਿੰਡਾ ਅਤੇ ਸੰਗਰੂਰ ਵਿਖੇ ਪੁਲੀਸ ਜਬਰ ਖ਼ਿਲਾਫ਼ ਵਿਸ਼ਾਲ ਰੈਲੀਆਂ ਕਰਨ ਉਪਰੰਤ ਹੁਣ ਦੋ ਜੂਨ ਨੂੰ ਜਗਰਾਉਂ ਨਵੀ ਦਾਣਾ ਮੰਡੀ ਵਿਖੇ ਰੈਲੀ ਤੇ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਇਸ ਰੈਲੀ ਵਿੱਚ ਲੋਕਾਂ ਦੀ ਭਰਵੀਂ ਹਿੱਸੇਦਾਰੀ ਯਕੀਨੀ ਬਨਾਉਣ ਲਈ ਪਿੰਡ ਬੱਸੂਵਾਲ, ਡੱਲਾ, ਭੰਮੀਪੁਰਾ, ਲੱਖਾ, ਦੇਹੜਕਾ, ਹਠੂਰ, ਬੁਰਜ ਕਲਾਲਾ, ਰਸੂਲਪੁਰ, ਮੱਲ੍ਹਾ, ਚਚਰਾੜੀ, ਹਾਂਸ, ਸੁਜਾਪੂਰ, ਅਖਾੜਾ ਆਦਿ ਵਿੱਚ ਮੀਟਿੰਗਾਂ ਕੀਤੀਆਂ। ਸੂਬਾ ਪ੍ਰਧਾਨ ਧਨੇਰ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਇੰਦਰਜੀਤ ਧਾਲੀਵਾਲ, ਤਰਸੇਮ ਬੱਸੂਵਾਲ, ਰਛਪਾਲ ਸਿੰਘ ਨਵਾਂ ਡੱਲਾ ਤੇ ਹੋਰਨਾਂ ਨੇ ਮੁੱਖ ਮੰਤਰੀ ਦੇ ਕਿਸਾਨਾਂ ਖ਼ਿਲਾਫ਼ ਬਿਆਨ ਦਾ ਸਖ਼ਤ ਨੋਟਿਸ ਲੈਦਿਆਂ ਕਿਹਾ ਕਿ ਜਿਨ੍ਹਾਂ ਕਿਸਾਨ ਆਗੂਆ ਨੇ ਦੁਕਾਨਾਂ, ਜਾਇਦਾਦਾਂ, ਹਿੱਸੇਦਾਰੀਆਂ ਬਣਾਈਆਂ ਨੇ ਉਨ੍ਹਾਂ ਦੇ ਨਾਮ ਨਸ਼ਰ ਕੀਤੇ ਜਾਣ। ਆਮ ਆਦਮੀ ਪਾਰਟੀ ਵਿੱਚ ਵਿਜੈ ਸਿੰਗਲਾ ਤੇ ਰਮਨ ਅਰੋੜਾ ਤਾਂ ਹੋ ਸਕਦੇ ਹਨ ਪਰ ਕਿਸਾਨ ਜਥੇਬੰਦੀਆਂ ਕਾਫੀ ਹੱਦ ਤਕ ਸੁਚੇਤ ਹਨ। ਇਸ ਲਈ ਮਾਨ ਸਾਹਿਬ ਨੂੰ ਪਹਿਲਾਂ ਆਪਣਾ ਨੰਗੇਜ਼ ਢੱਕਣਾ ਚਾਹੀਦਾ ਹੈ। ਕਿਸਾਨੀ ਮਸਲਿਆਂ ’ਤੇ ਖੁੱਲ੍ਹੀ ਬਹਿਸ ਦਾ ਚੈਲੰਜ ਸਵੀਕਾਰ ਕਰਦਿਆਂ ਉਨ੍ਹਾਂ ਕਿਹਾ ਸਮਾਂ ਸਥਾਨ ਮਿੱਥ ਲੈਣਾ ਚਾਹੀਦਾ ਹੈ। ਭਗਵੰਤ ਮਾਨ ਲੰਮੇ ਅਰਸੇ ਤੋਂ ਬੁਖਲਾਹਟ ਵਿੱਚ ਆ ਕੇ ਕਿਸਾਨ ਜਥੇਬੰਦੀਆ ਖ਼ਿਲਾਫ਼ ਜ਼ਹਿਰ ਉਗਲ ਰਿਹਾ ਹੈ ਜੋ ਕਿ ਉਸ ਦੀ ਕਿਸਾਨ ਸੰਘਰਸ਼ ਵਿਰੋਧੀ ਹਿਟਲਰੀ ਮਾਨਸਿਕਤਾ ਦਾ ਪ੍ਰਤੀਕ ਹੈ। ਉਨਾਂ ਕਿਹਾ ਕਿ ਪੰਜਾਬ ਨੂੰ ਪੁਲੀਸ ਰਾਜ ਬਨਾਉਣ ਦਾ ਸਿੱਟਾ ਹੈ ਕਿ ਮਜ਼ਦੂਰ ਕਿਸਾਨ ਵੀ ਕੁੱਟ ਕੇ ਜੇਲ੍ਹਾਂ ਵਿੱਚ ਬੰਦ ਕੀਤੇ ਹੀ ਜਾ ਰਹੇ ਹਨ।