ਠੰਢ ਵਿੱਚ ਮਜ਼ਦੂਰਾਂ ਵੱਲੋਂ ਡੀਸੀ ਦਫਤਰ ਅੱਗੇ ਧਰਨਾ
ਜਤਿੰਦਰ ਬੈਂਸ
ਗੁਰਦਾਸਪੁਰ, 1 ਜਨਵਰੀ
ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ (ਇਫਟੂ) ਦੀ ਅਗਵਾਈ ਹੇਠ ਵੱਡੀ ਗਿਣਤੀ ਮਜ਼ਦੂਰ ਠੰਢ ’ਚ ਕਿਰਤ ਮਹਿਕਮੇ ਖ਼ਿਲਾਫ਼ ਸਥਾਨਕ ਗੁਰੂ ਨਾਨਕ ਪਾਰਕ ’ਚ ਇੱਕਠੇ ਹੋਏ। ਇਸ ਤੋਂ ਬਾਅਦ ਮਜ਼ਦੂਰਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿੱਤਾ। ਧਰਨੇ ਦੌਰਾਨ ਮਜ਼ਦੂਰਾਂ ਨੇ ਕਿਰਤ ਮਹਿਕਮੇ ਦੀਆਂ ਖਾਮੀਆਂ ਖਿਲਾਫ਼ ਨਾਅਰੇਬਾਜ਼ੀ ਕੀਤੀ।
ਇਫਟੂ ਦੇ ਸੂਬਾਈ ਆਗੂ ਜੋਗਿੰਦਰ ਪਾਲ ਪਨਿਆੜ, ਜ਼ਿਲ੍ਹਾ ਆਗੂ ਸੁਖਦੇਵ ਰਾਜ ਬਹਿਰਾਮਪੁਰ, ਕਮਲ ਕਿਸ਼ੋਰ, ਵਿਜੇ ਕੁਮਾਰ, ਸੁਨੀਲ ਕੁਮਾਰ ਬਰਿਆਰ ਅਤੇ ਜੋਗਿੰਦਰ ਪਾਲ ਘੁਰਾਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਨਤਾ ਨੂੰ ਲੁਭਾਉਣ ਵਾਲੀਆਂ ਗਾਰੰਟੀਆਂ ਦੇ ਕੇ ਸੱਤਾ ਵਿੱਚ ਆਈ ਸੀ ਪਰ ਆਮ ਆਦਮੀ ਅੱਜ ਵੀ ਖੱਜਲ ਖੁਆਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਆਗੂਆਂ ਕਿਹਾ ਕਿ ਇੱਕ ਪਾਸੇ ਮਜ਼ਦੂਰਾਂ ਨੂੰ ਕੰਮ ਨਹੀਂ ਮਿਲ ਰਿਹਾ ਦੂਜੇ ਪਾਸੇ ਕਿਰਤ ਮਹਿਕਮੇ ਵੱਲੋਂ ਵੀ ਪਿਛਲੇ ਦੋ ਢਾਈ ਸਾਲਾਂ ਤੋਂ ਸਕੀਮਾਂ ਦੇ ਲਾਭ ਨਹੀਂ ਦਿੱਤੇ ਜਾ ਰਹੇ। ਮਜ਼ਦੂਰ ਜਮਾਤ ਨੂੰ ਘਰਾਂ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਢਾਈ ਸਾਲਾਂ ਤੋਂ ਜਥੇਬੰਦੀ ਵੱਲੋਂ ਵੱਖ-ਵੱਖ ਸਕੀਮਾਂ ਦੇ ਕਿਰਤ ਵਿਭਾਗ ਨੂੰ 990 ਕੇਸ ਭੇਜ ਚੁੱਕੀ ਹੈ ਪਰ ਅਜੇ ਤੱਕ ਮਜ਼ਦੂਰਾਂ ਦੇ ਖ਼ਾਤੇ ਵਿੱਚ ਕੁਝ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਕਿਰਤ ਕਾਰਡਾਂ ਵਿੱਚ ਚੜ੍ਹੇ ਗਲਤ ਆਧਾਰ ਕਾਰਡ ਨੰਬਰ ਅਤੇ ਗ਼ਲਤ ਬੈਂਕ ਖਾਤਿਆਂ ਨੂੰ ਵਿਭਾਗ ਵੱਲੋਂ ਅਜੇ ਤੱਕ ਠੀਕ ਨਹੀਂ ਕੀਤਾ ਗਿਆ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਹਰਜਿੰਦਰ ਸਿੰਘ ਨੂੰ ਮਜ਼ਦੂਰਾਂ ਦੀਆਂ ਸਕੀਮਾਂ ਪ੍ਰਤੀ ਮੰਗ ਪੱਤਰ ਸੌਂਪਿਆ ਗਿਆ ਅਤੇ ਆਗੂਆਂ ਦੀ ਲੇਬਰ ਮਹਿਕਮੇ ਨਾਲ ਪੈਨਲ ਮੀਟਿੰਗ ਕਰਾਉਣ ਦੀ ਮੰਗ ਵੀ ਰੱਖੀ ਗਈ। ਇਸ ਮੌਕੇ ਸੰਦੀਪ ਕੁਮਾਰ, ਜਰਨੈਲ ਸਿੰਘ, ਮੰਗਲਜੀਤ, ਗੁਰਮੇਜ ਸਿੰਘ, ਪਵਨ ਕੁਮਾਰ, ਰਜਿੰਦਰ ਕੁਮਾਰ, ਅਮਰਜੀਤ ਤੇ ਰਾਜ ਕੁਮਾਰ ਪੰਡੋਰੀ ਹਾਜ਼ਰ ਸਨ।