ਠੰਢੀ ਰੋਟੀ ਵਰਤਾਉਣ ’ਤੇ ਵੇਟਰ ਦੀ ਕੁੱਟਮਾਰ
ਲੁਧਿਆਣਾ, 30 ਨਵੰਬਰ
ਸਨਅਤੀ ਸ਼ਹਿਰ ਦੇ ਸਮਰਾਲਾ ਰੌਡ ’ਤੇ ਚਿਕਨ ਕਾਰਨਰ ਦੀ ਦੁਕਾਨ ’ਤੇ ਠੰਢੀਆਂ ਰੋਟੀਆਂ ਦੇਣ ’ਤੇ ਕੁਝ ਵਿਅਕਤੀਆਂ ਨੇ ਨਸ਼ੇ ਦੀ ਹਾਲਤ ਵਿੱਚ ਹੰਗਾਮਾ ਕੀਤਾ ਤੇ ਰੋਟੀਆਂ ਵਰਤਾਉਣ ਵਾਲੇ ਦੀ ਕੁੱਟਮਾਰ ਵੀ ਕੀਤੀ। ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਏ ਹੈ, ਜਿਸ ਵਿੱਚ 5-6 ਹਮਲਾਵਰ ਤੇਜ਼ਧਾਰ ਹਥਿਆਰਾਂ ਨਾਲ ਦਿਖਾਈ ਦੇ ਰਹੇ ਹਨ। ਕੁੱਟਮਾਰ ਕਰਨ ਤੋਂ ਬਾਅਦ ਮੁਲਜ਼ਮ ਮੌਕੇ ’ਤੋਂ ਫਰਾਰ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਸਮਰਾਲਾ ਚੌਕ ਨੇੜੇ ਦਮਨ ਚਿਕਨ ਕਾਰਨਰ ’ਤੇ ਕੁਝ ਨੌਜਵਾਨ ਬੈਠੇ ਚਿਕਨ ਖਾ ਰਹੇ ਸਨ ਉਨ੍ਹਾਂ ਨੇ ਸ਼ਰਾਬ ਵੀ ਪੀਤੀ ਹੋਈ ਸੀ। ਉਕਤ ਨੌਜਵਾਨਾਂ ਨੇ ਜਦੋਂ ਖਾਣਾ ਮੰਗਾਇਆ ਤਾਂ ਉਨ੍ਹਾਂ ਵਿੱਚੋਂ ਇੱਕ ਨੇ ਰੋਟੀਆਂ ਠੰਢੀਆਂ ਹੋਣ ਦੀ ਸ਼ਿਕਾਇਤ ਕਰਦਿਆਂ ਵੇਟਰ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਇਕ ਨੌਜਵਾਨ ਨੇ ਵੇਟਰ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਉਕਤ ਨੌਜਵਾਨਾਂ ਨੇ ਪਹਿਲਾਂ ਚਿਕਨ ਕਾਰਨਰ ਦੇ ਬਾਹਰ ਲੜਾਈ ਕੀਤੀ ਅਤੇ ਫਿਰ ਰਸੋਈ ’ਚ ਆ ਕੇ ਕੰਮ ਕਰ ਰਹੇ ਕਰਮਚਾਰੀਆਂ ’ਤੇ ਹਮਲਾ ਕਰ ਦਿੱਤਾ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਨੌਜਵਾਨਾਂ ਨੇ ਗੁੱਸੇ ਵਿੱਚ ਕੁਰਸੀਆਂ, ਮੇਜ਼ ਤੇ ਤੰਦੂਰ ਵੀ ਤੋੜ ਦਿੱਤਾ। ਚਿਕਨ ਕਾਰਨਰ ਦੇ ਮਾਲਕ ਨੇ ਤੁਰੰਤ ਪੁਲੀਸ ਨੂੰ ਘਟਨਾ ਦੀ ਸੂਚਨਾ ਦਿੱਤੀ। ਮੌਕੇ ’ਤੇ ਪਹੁੰਚੀ ਪੁਲੀਸ ਨੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।