ਠੇਕੇ ਦੇ ਕਰਿੰਦੇ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ
ਇਕਬਾਲ ਸਿੰਘ ਸ਼ਾਂਤ
ਲੰਬੀ, 12 ਮਈ
ਹਲਕੇ ਦੇ ਪਿੰਡ ਤਰਮਾਲਾ ਵਿੱਚ ਸ਼ਰਾਬ ਦੇ ਠੇਕੇ ਵਿੱਚ ਨਸ਼ੇ ਦੀ ਕਥਿਤ ਓਵਰਡੋਜ਼ ਕਾਰਨ ਕਰਿੰਦੇ ਦੀ ਮੌਤ ਹੋ ਗਈ। ਕੌਮੀ ਸ਼ਾਹਰਾਹ 354-ਈ ’ਤੇ ਸਥਿਤ ਸ਼ਰਾਬ ਦੇ ਠੇਕੇ ਦੇ ਸ਼ਟਰ ਦਾ ਲਾਕ ਸਿਸਟਮ ਕੱਟ ਕੇ ਲਾਸ਼ ਨੂੰ ਬਾਹਰ ਕੱਢਿਆ ਗਿਆ। ਮ੍ਰਿਤਕ ਦੀ ਪਛਾਣ ਵਰਿੰਦਰ ਕੁਮਾਰ (38) ਵਾਸੀ ਅਬੁੱਲਖੁਰਾਣਾ ਵਜੋਂ ਹੋਈ। ਉਹ ਬੀਤੀ ਰਾਤ ਠੇਕੇ ਨੂੰ ਅੰਦਰੋਂ ਬੰਦ ਕਰਕੇ ਸੁੱਤਾ ਸੀ। ਵਰਿੰਦਰ ਤਿੰਨ-ਚਾਰ ਦਿਨ ਪਹਿਲਾਂ ਠੇਕੇ ’ਤੇ ਲੱਗਿਆ ਸੀ। ਉਸ ਦੀ ਮੌਤ ਦਾ ਖੁਲਾਸਾ ਅੱਜ ਸਵੇਰੇ ਠੇਕੇਦਾਰ ਟੀਮ ਵੱਲੋਂ ਸ਼ਰਾਬ ਵਿਕਰੀ ਪਰਚਾ ਲੈਣ ਪੁੱਜਣ ਮੌਕੇ ਹੋਇਆ। ਟੀਮ ਵੱਲੋਂ ਵਾਰ-ਵਾਰ ਸ਼ਟਰ ਖੜਕਾਉਣ ’ਤੇ ਸ਼ਟਰ ਨਹੀਂ ਖੁੱਲ੍ਹਿਆ। ਗੁਆਂਢੀ ਦੁਕਾਨ ਵਿੱਚੋਂ ਸ਼ਰਾਬ ਠੇਕੇ ਦੀ ਸਾਂਝੀ ਕੰਧ ਦੀ ਇੱਟ ਕੱਢਣ ’ਤੇ ਅੰਦਰਲੀ ਸਥਿਤੀ ਸਪੱਸ਼ਟ ਹੋਈ। ਮਗਰੋਂ ਸ਼ਟਰ ਦੀ ਬਾਹਰੀ ਪੱਤੀ ਕੱਟੀ ਗਈ।
ਪਿੰਡ ਤਰਮਾਲਾ ਵਾਸੀ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਕੋਟ ਬੁੱਢਾ) ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਅਤੇ ਹੋਰਨਾਂ ਨੇ ਕਿਹਾ ਕਿ ਕਰਿੰਦੇ ਦੀ ਬਾਂਹ ’ਤੇ ਨਸ਼ੇ ਵਾਲਾ ਟੀਕਾ ਪਿਆ ਸੀ। ਸੂਚਨਾ ਮਿਲਣ ’ਤੇ ਨੇਜਾਡੇਲਾ ਕਲਾਂ (ਸਿਰਸਾ) ਤੋਂ ਮ੍ਰਿਤਕ ਦੀ ਪਤਨੀ, ਦੋ ਬੱਚੇ ਅਤੇ ਸਹੁਰਾ ਪਰਿਵਾਰ ਪੁੱਜ ਗਿਆ।
ਮ੍ਰਿਤਕ ਦੇ ਸਹੁਰਾ ਬਿਹਾਰੀ ਲਾਲ ਵਾਸੀ ਨੇਜਾਡੇਲਾ ਕਲਾਂ ਨੇ ਦੱਸਿਆ ਕਿ ਉਸ ਦਾ ਜਵਾਈ ਵਰਿੰਦਰ ਕੁਮਾਰ ਵਾਸੀ ਅਬੁੱਲਖੁਰਾਣਾ ਨੂੰ ਡੇਢ ਸਾਲ ਪਹਿਲਾਂ ਹਨੂੰਮਾਨਗੜ੍ਹ ਨਸ਼ਾ ਮੁਕਤੀ ਕੇਂਦਰ ’ਚ ਭੇਜਿਆ ਸੀ। ਭਾਈਕੇਰਾ ਚੌਕੀ ਦੇ ਮੁਖੀ ਵੇਦ ਪ੍ਰਕਾਸ਼ ਨੇ ਕਿਹਾ ਕਿ ਮ੍ਰਿਤਕ ਦੀ ਪਤਨੀ ਨੇ ਬਿਆਨ ਦਿੱਤਾ ਕਿ ਵਰਿੰਦਰ ਨੂੰ ਨਸ਼ੇ ਕਰਨ ਕਰਕੇ ਦੌਰੇ ਪੈਂਦੇ ਸਨ ਅਤੇ ਦੌਰਾ ਪੈਣ ਕਾਰਨ ਉਸ ਦੀ ਮੌਤ ਹੋਈ ਹੈ।