ਠੇਕਾ ਬੰਦ ਕਰਨ ਦੇ ਭਰੋਸੇ ਮਗਰੋਂ ਧਰਨਾ ਸਮਾਪਤ
ਸੁਰਿੰਦਰ ਸਿੰਘ ਗੁਰਾਇਆ
ਟਾਂਡਾ, 11 ਜੂਨ
ਇੱਥੋਂ ਨੇੜਲੇ ਪਿੰਡ ਨੱਥੂਪੁਰ ’ਚ ਧਾਰਮਿਕ ਸਥਾਨ ਨੇੜਿਓਂ ਸ਼ਰਾਬ ਦਾ ਠੇਕਾ ਬੰਦ ਕਰਵਾਉਣ ਲਈ ਪਿੰਡ ਵਾਸੀਆਂ ਵੱਲੋਂ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸਹਿਯੋਗ ਨਾਲ ਪਿਛਲੇ ਤਿੰਨ ਦਿਨਾਂ ਤੋਂ ਇੱਥੋਂ ਦੇ ਐੱਸਡੀਐੱਮ ਦਫ਼ਤਰ ਅੱਗੇ ਲਾਇਆ ਧਰਨਾ ਅੱਜ ਐੱਸਡੀਐੱਮ ਪਰਮਪ੍ਰੀਤ ਸਿੰਘ ਵੱਲੋਂ ਸ਼ਰਾਬ ਦੇ ਠੇਕੇ ਨੂੰ ਬੰਦ ਕਰ ਕੇ ਹੋਰ ਜਗ੍ਹਾ ਬਦਲਣ ਦਾ ਭਰੋਸਾ ਦੇਣ ਮਗਰੋਂ ਖ਼ਤਮ ਕਰ ਦਿੱਤਾ।
ਇਸ ਮੌਕੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਤੇ ਜਨਰਲ ਸਕੱਤਰ ਕੁਲਦੀਪ ਸਿੰਘ ਬੇਗੋਵਾਲ ਨੇ ਦੱਸਿਆ ਕਿ ਜਥੇਬੰਦੀ ਦੇ ਸੀਨੀਅਰ ਸੂਬਾ ਮੀਤ ਪ੍ਰਧਾਨ ਸ਼ਿਵੰਦਰ ਸਿੰਘ ਚੁਤਾਲਾ ਦੇ ਨਿਰਦੇਸ਼ਾਂ ਅਨੁਸਾਰ ਪਿੰਡ ਨੱਥੂਪੁਰ ਵਾਸੀਆਂ ਤੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜ਼ਿਲ੍ਹਾ ਹੁਸ਼ਿਆਰਪੁਰ ਇਕਾਈ ਵੱਲੋਂ ਪਿੰਡ ਨੱਥੂਪੁਰ ਵਿੱਚ ਧਾਰਮਿਕ ਸਥਾਨ ਅਤੇ ਰਿਹਾਇਸ਼ੀ ਇਲਾਕੇ ਨੇੜੇ ਖੁੱਲ੍ਹੇ ਸ਼ਰਾਬ ਦਾ ਠੇਕਾ ਬੰਦ ਕਰਵਾਉਣ ਲਈ ਕਈ ਦਿਨਾਂ ਤੋਂ ਪਿੰਡ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਫਿਰ ਮੰਗ ਪੂਰੀ ਨਾ ਹੋਣ ’ਤੇ ਪਿਛਲੇ ਤਿੰਨ ਦਿਨਾਂ ਤੋਂ ਐੱਸਡੀਐੱਮ ਦਫ਼ਤਰ ਅੱਗੇ ਧਰਨਾ ਲਾਇਆ ਹੋਇਆ ਸੀ। ਅੱਜ ਐੱਸਡੀਐੱਮ ਵੱਲੋਂ ਧਰਨਾਕਾਰੀਆਂ ਦੇ ਧਰਨੇ ਵਿੱਚ ਆ ਕੇ ਸ਼ਰਾਬ ਦਾ ਠੇਕਾ ਅੱਜ ਤੋਂ ਬੰਦ ਕਰਕੇ ਪਿੰਡ ਵਿਚ ਕਿਸੇ ਹੋਰ ਜਗ੍ਹਾ ਤਬਦੀਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਨਵੀਂ ਜਗ੍ਹਾ ਦਾ ਪ੍ਰਬੰਧ ਨਹੀਂ ਹੁੰਦਾ, ਉਦੋਂ ਤੱਕ ਇਹ ਠੇਕਾ ਬੰਦ ਰਹੇਗਾ। ਇਸ ਮਗਰੋਂ ਕਿਸਾਨ ਜਥੇਬੰਦੀ ਤੇ ਪਿੰਡ ਵਾਸੀਆਂ ਵੱਲੋਂ ਧਰਨਾ ਖ਼ਤਮ ਕਰ ਦਿੱਤਾ। ਇਸ ਮੌਕੇ ਜਗਦੀਪ ਸਿੰਘ ਜੱਗੀ , ਕਸ਼ਮੀਰ ਸਿੰਘ ਫੱਤਾਕੁੱਲਾ, ਸਰਪੰਚ ਰਜਿੰਦਰ ਸਿੰਘ, ਗਨੇਸ਼ ਦੁਸਾਂਝ, ਕੁਲਦੀਪ ਸਿੰਘ, ਗੁਰਜੀਤ ਸਿੰਘ ਅਤੇ ਗੁਰਸੇਵਕ ਸਿੰਘ ਵੀ ਮੌਜੂਦ ਸਨ।