ਠੀਕਰੀਵਾਲਾ ਨਰਸਿੰਗ ਕਾਲਜ: ਤਜਵੀਜ਼ਤ ਥਾਂ ’ਚ ਪਾਥੀਆਂ ਪੱਥ ਰਹੇ ਨੇ ਲੋਕ
ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 12 ਦਸੰਬਰ
ਇਤਿਹਾਸਕ ਪਿੰਡ ਠੀਕਰੀਵਾਲਾ ਵਿੱਚ ‘ਆਪ’ ਸਰਕਾਰ ਵੱਲੋਂ ਬਣਾਇਆ ਜਾਣ ਵਾਲਾ ਨਰਸਿੰਗ ਕਾਲਜ ਸਿਰਫ਼ ਐਲਾਨ ਬਣ ਕੇ ਰਹਿ ਗਿਆ ਹੈ। ਸਰਕਾਰ ਨੇ ਕਾਲਜ ਬਣਾਉਣਾ ਤਾਂ ਦੂਰ ਦੀ ਗੱਲ, ਅਜੇ ਤੱਕ ਕੁਝ ਨਹੀਂ ਕੀਤਾ। ਕਾਲਜ ਦਾ ਅਜੇ ਤੱਕ ਨੀਂਹ ਪੱਥਰ ਵੀ ਨਹੀਂ ਰੱਖਿਆ ਗਿਆ ਹੈ ਜਿਸ ਕਰਕੇ ਪਿੰਡ ਵਾਸੀਆਂ ਵਿੱਚ ਸਰਕਾਰ ਪ੍ਰਤੀ ਰੋਸ ਹੈ। ਕਾਲਜ ਲਈ ਚੁਣੀ ਗਈ ਥਾਂ ਪਹਿਲਾਂ ਵਾਂਗ ਜਿਉਂ ਦੀ ਤਿਉਂ ਉਜਾੜ ਪਈ ਹੈ। ਜਿੱਥੇ ਪਿੰਡ ਦੇ ਕੁੱਝ ਲੋਕਾਂ ਵਲੋਂ ਗੋਹਾ ਸੁੱਟ ਕੇ ਰੂੜੀਆਂ ਲਾਈਆਂ ਹੋਈਆਂ ਹਨ ਤੇ ਪਾਥੀਆਂ ਪੱਥੀਆਂ ਜਾ ਰਹੀਆਂ ਹਨ। ਕਾਲਜ ਲਈ ਸਰਕਾਰੀ ਪੱਧਰ ’ਤੇ ਕੋਈ ਉਪਰਾਲਾ ਦਿਖ਼ਾਈ ਨਹੀਂ ਦੇ ਰਿਹਾ।
ਜ਼ਿਕਰਯੋਗ ਹੈ ਕਿ ਜਨਵਰੀ 2023 ਨੂੰ ਆਜ਼ਾਦੀ ਘੁਲਾਟੀਏ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ 89ਵੀਂ ਸਾਲਾਨਾ ਬਰਸੀ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਸਨ। ਉਨ੍ਹਾਂ ਨੇ ਸਟੇਜ ਤੋਂ ਲੜਕੀਆਂ ਦੇ ਸਰਕਾਰੀ ਸਕੂਲ ਨੂੰ ਅੱਪਗ੍ਰੇਡ ਕਰਕੇ ਸਰਕਾਰੀ ਨਰਸਿੰਗ ਕਾਲਜ ਬਣਾਉਣ ਦਾ ਐਲਾਨ ਕੀਤਾ ਸੀ। 2024 ਵਿੱਚ ਬਰਸੀ ਮੌਕੇ ਸੀਐਮ ਤਾਂ ਨਹੀਂ ਆਏ ਪਰ ਹਲਕਾ ਮਹਿਲ ਕਲਾਂ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਬੜੇ ਜ਼ੋਰ-ਸ਼ੋਰ ਨਾਲ ਕਾਲਜ ਲਈ 20.84 ਕਰੋੜ ਦੀ ਗ੍ਰਾਂਟ ਜਾਰੀ ਹੋਣ ਦਾ ਦਾਅਵਾ ਕੀਤਾ ਸੀ ਪ੍ਰੰਤੂ ਬਰਸੀ ਤੋਂ 10 ਮਹੀਨੇ ਬਾਅਦ ਵੀ ਕਾਲਜ ਲਈ ਕੋਈ ਸਰਕਾਰੀ ਗਤੀਵਿਧੀ ਨਜ਼ਰ ਨਹੀਂ ਆ ਰਹੀ। ਹੁਣ ਅਗਲੇ ਮਹੀਨੇ ਸ਼ਹੀਦ ਸੇਵਾ ਸਿੰਘ ਦੀ 91ਵੀਂ ਬਰਸੀ ਆਉਣੀ ਹੈ ਅਤੇ ਪਿੰਡ ਦੇ ਲੋਕ ਸਰਕਾਰ ਨੂੰ ਕਾਲਜ ਲਈ ਸਵਾਲ ਕਰਨ ਲਈ ਤਿਆਰ ਬੈਠੇ ਹਨ।
ਪਿੰਡ ਦੇ ਮੰਗਲ ਸਿੰਘ ਨੇ ਕਿਹਾ ਕਿ ਹੋਰਨਾਂ ਸਰਕਾਰਾਂ ਵਾਂਗ ‘ਆਪ’ ਸਰਕਾਰ ਵੀ ਸਿਰਫ਼ ਵਾਅਦਿਆਂ ਵਾਲੀ ਸਰਕਾਰ ਹੀ ਜਾਪ ਰਹੀ ਹੈ। ਜੇ ਐਲਾਨ ਦੇ ਤੁਰੰਤ ਬਾਅਦ ਕੋਈ ਕਾਰਵਾਈ ਸ਼ੁਰੂ ਕੀਤੀ ਹੁੰਦੀ ਤਾਂ ਹੁਣ ਤਕ ਕਾਲਜ ਦੀ ਇਮਾਰਤ ਬਣ ਕੇ ਤਿਆਰ ਹੋ ਜਾਣੀ ਸੀ। ਸਰਪੰਚ ਕਿਰਨਜੀਤ ਸਿੰਘ ਨੇ ਕਿਹਾ ਕਿ ਪੰਚਾਇਤ ਕਾਲਜ ਲਈ ਪੈਰਵਾਈ ਕਰ ਰਹੀ ਹੈ ਅਤੇ ਇਸ ਵਾਰ ਬਰਸੀ ਸਮਾਗਮ ਮੌਕੇ ਕਾਲਜ ਦਾ ਨੀਂਹ ਪੱਥਰ ਰੱਖ ਕੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
ਕਾਲਜ ਨਿਰਮਾਣ ਦਾ ਜਿੰਮਾ ਪੀਡਬਲਯੂਡੀ ਵਿਭਾਗ ਹਵਾਲੇ ਹੈ। ਵਿਭਾਗ ਦੇ ਐਕਸੀਅਨ ਦਵਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਕਾਲਜ ਲਈ ਕੋਈ ਗ੍ਰਾਂਟ ਵਗੈਰਾ ਅਜੇ ਜਾਰੀ ਨਹੀਂ ਹੋਈ ਹੈ। ਇਸ ਦਾ ਅਜੇ ਮੁੱਢਲਾ ਪੜਾਅ ਚੱਲ ਰਿਹਾ ਹੈ। ਕੇਂਦਰ ਸਰਕਾਰ ਦੇ ਸਿਹਤ ਵਿਭਾਗ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਅੱਗੇ ਕਾਲਜ ਦੀ ਜਗ੍ਹਾ ਦੀ ਨਿਸ਼ਾਨਦੇਹੀ ਕਰਕੇ ਇਸ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਉਪਰੰਤ ਨਿਰਮਾਣ ਲਈ ਐਸਟੀਮੇਟ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਗਲੇ ਵਰ੍ਹੇ ਤੋਂ ਕਾਲਜ ਦਾ ਨਿਰਮਾਣ ਕਾਰਜ ਸ਼ੁਰੂ ਹੋਣ ਦੀ ਸੰਭਾਵਨਾ ਹੈ।