ਟੇਲ ’ਤੇ ਪਾਣੀ ਨਾ ਪੁੱਜਣ ਕਾਰਨ ਕਿਸਾਨ ਪ੍ਰੇਸ਼ਾਨ
ਪੱਤਰ ਪ੍ਰੇਰਕ
ਲਹਿਰਾਗਾਗਾ, 12 ਜੂਨ
ਇੱਥੋਂ ਨੇੜਲੇ ਪਿੰਡ ਗੋਬਿੰਦਗੜ੍ਹ ਜੇਜੀਆ ਵਿਚ ਝੋਨੇ ਦੀ ਬਿਜਾਈ ਦੇ ਦਿਨਾਂ ਵਿੱਚ ਟੇਲ ’ਤੇ ਪਾਣੀ ਨਾ ਪਹੁੰਚਣ ਕਰਕੇ ਕਿਸਾਨ ਔਖੇ ਹਨ। ਬੀਕੇਯੂ ਡਕੌਂਦਾ ਦੇ ਜ਼ਿਲਾ ਆਗੂ ਬਲਜੀਤ ਸਿੰਘ ਨੇ ਦੱਸਿਆ ਕਿ ਬੇਸ਼ੱਕ ਅੱਜ ਅਧਿਕਾਰੀਆਂ ਨੇ ਮੌਕ਼ਾ ਤਾਂ ਦੇਖ ਲਿਆ ਪਰ ਲੱਗਦਾ ਨਹੀਂ ਕਿ ਇਸ ਦਾ ਕੋਈ ਹੱਲ ਹੋ ਸਕੇਗਾ। ਹਾੜੀ ਦੇ ਸੀਜ਼ਨ ਦੌਰਾਨ ਪਹਿਲਾਂ ਵੀ ਕਿਸਾਨਾਂ ਦੀ ਫਸਲ ਦਾ ਕਾਫ਼ੀ ਨੁਕਸਾਨ ਹੋਇਆ ਹੈ। ਹੁਣ ਵੀ ਕਿਸਾਨ ਲੱਖਾਂ ਰੁਪਏ ਖਰਚ ਕੇ ਝੋਨਾ ਲਾਉਣਗੇ, ਜੇਕਰ ਇਹ ਸੂਆ (ਖਾਲ) ਟੁੱਟਣ ਨਾਲ ਕਿਸੇ ਕਿਸਾਨ ਦੀ ਫਸਲ ਦਾ ਨੁਕਸਾਨ ਹੋਵੇਗਾ ਤਾਂ ਝੋਨੇ ਦੀ ਫਸਲ ਦਾ ਨੁਕਸਾਨ ਨਹਿਰੀ ਮਹਿਕਮਾ ਭਰੇਗਾ। ਨਹਿਰੀ ਮਹਿਕਮੇ ਵੱਲੋਂ ਠੇਕੇਦਾਰ ’ਤੇ ਕਾਰਵਾਈ ਨਾ ਕਰਨਾ ਠੇਕੇਦਾਰ ਨਾਲ ਮਿਲੀਭੁਗਤ ਦਾ ਸਬੂਤ ਲੱਗਦਾ ਹੈ। ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਸਰਕਾਰ ਟੇਲਾਂ ਤੱਕ ਪਾਣੀ ਪਹੁੰਚਾਉਣ ਲਈ ਵਚਨਬੱਧ ਹੈ ਅਤੇ ਗੋਬਿੰਦਗੜ੍ਹ ਜੇਜੀਆ ਦੀ ਟੇਲ ਦੀ ਜਾਂਚ ਕਰਵਾ ਕੇ ਪੱਕੇ ਪ੍ਰਬੰਧ ਕੀਤੇ ਜਾਣਗੇ।
ਬੀਕੇਯੂ ਆਗੂਆਂ ਨੇ ਕਿਹਾ ਕਿ ਪਿੰਡ ਵਾਸੀ ਇਸ ਪਾਣੀ ਨੂੰ ਪੈਂਤੀ ਚਾਲੀ ਸਾਲਾਂ ਤੋਂ ਤਰਸ ਰਹੇ ਹਨ। ਜੇਕਰ ਸੱਚਮੁਚ ਹੀ ਸਰਕਾਰ ਪਿੰਡਾਂ ਨੂੰ ਨਹਿਰੀ ਪਾਣੀ ਦੇਣਾ ਚਾਹੁੰਦੀ ਹੈ ਤਾਂ ਪੱਕੇ ਪ੍ਰਬੰਧ ਕੀਤੇ ਜਾਣ, ਪਿੰਡ ਦੇ ਸਰਪੰਚ ਦੇ ਪੁੱਤਰ ਜਗਤਾਰ ਸਿੰਘ ਤਾਰੀ ਨੇ ਖੇਤਾਂ ਤੱਕ ਅਮਲੀ ਰੂਪ ਵਿਚ ਨਹਿਰੀ ਪਾਣੀ ਪਹੁੰਚਾਉਣ ਲਈ ਪੰਜਾਬ ਸਰਕਾਰ ਤੋਂ ਪਾਈਪ ਲਾਈਨ ਪ੍ਰੋਜੈਕਟ ਨੂੰ ਮਨਜ਼ੂਰੀ ਦੇਣ ਦੀ ਮੰਗ ਕੀਤੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਅਤੇ ਠੇਕੇਦਾਰ ਦੀ ਮਿਲੀਭੁਗਤ ਨਾਲ ਘਟੀਆ ਮਟੀਰੀਅਲ ਵਰਤੋਂ ਵਿਚ ਲਿਆਂਦਾ ਗਿਆ, ਜਿਸ ਕਾਰਨ ਸੂਆ (ਖਾਲ) ਜਲਦੀ ਟੁੱਟ ਜਾਂਦਾ ਹੈ।
ਕਿਸਾਨਾਂ ਅਨੁਸਾਰ ਸੂਆ (ਖਾਲ) ਟੁੱਟਣ ਦਾ ਵੱਡਾ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੂਆ (ਖਾਲ) ਉੱਚਾ ਹੋਣ ਕਾਰਨ ਚੂਹਿਆਂ ਨੇ ਵੱਡੀਆਂ ਵੱਡੀਆਂ ਖੁੱਡਾਂ ਪੁੱਟ ਕੇ ਧਰਤੀ ਨੂੰ ਖੋਖਲਾ ਕਰ ਦਿੱਤਾ ਹੈ।