ਟੇਬਿਲ ਟੈਨਿਸ: ਚੰਗੇਰਾ ਦਾ ਹਰਕੁੰਵਰ ਬਣਿਆ ਚੈਂਪੀਅਨ
ਕਰਮਜੀਤ ਸਿੰਘ ਚਿੱਲਾ
ਬਨੂੜ, 9 ਦਸੰਬਰ
ਨਜ਼ਦੀਕੀ ਪਿੰਡ ਚੰਗੇਰਾ ਦੇ ਸਮਾਜ ਸੇਵੀ ਸੁਖਦੇਵ ਸਿੰਘ ਚੰਗੇਰਾ ਦੇ ਪੋਤਰੇ ਤੇ ਰਵਿੰਦਰ ਸਿੰਘ ਦੇ ਪੁੱਤਰ ਹਰਕੁੰਵਰ ਸਿੰਘ ਨੇ ਟੇਬਿਲ ਟੈਨਿਸ ਦੇ ਅੰਡਰ-19 ਉਮਰ ਵਰਗ ਵਿੱਚ ਪੰਜਾਬ ਵਿੱਚ ਪਹਿਲਾ ਅਤੇ ਓਪਨ ਵਰਗ ਵਿਚ ਦੂਜਾ ਸਥਾਨ ਹਾਸਲ ਕਰਕੇ ਕ੍ਰਮਵਾਰ ਸੋਨੇ ਤੇ ਚਾਂਦੀ ਦੇ ਤਗ਼ਮੇ ਜਿੱਤੇ ਹਨ। ਉਹ ਇਨੀਂ ਦਿਨੀ ਟੇਬਿਲ ਟੈਨਿਸ ਦੀ ਭਾਰਤੀ ਟੀਮ ਦੇ ਕੋਚ ਆਰ ਰਾਜੇਸ਼ ਕੋਲ ਚੇਨੱਈ ਵਿੱਚ ਸਿਖਲਾਈ ਲੈ ਰਿਹਾ ਹੈ। ਉਹ ਲੁਧਿਆਣਾ ਦੀ ਸਿਟੀ ਯੂਨੀਵਰਸਿਟੀ ਦਾ ਬੀਏ ਭਾਗ ਪਹਿਲਾ ਦਾ ਵਿਦਿਆਰਥੀ ਹੈ।
ਪੰਜਾਬ ਟੇਬਿਲ ਟੈਨਿਸ ਐਸੋਸੀਏਸ਼ਨ ਵੱਲੋਂ ਜਲੰਧਰ ਵਿੱਚ ਪੰਜਾਬ ਸਟੇਟ ਓਪਨ ਤੇ ਅੰਤਰ-ਜ਼ਿਲ੍ਹਾ ਟੇਬਿਲ ਟੈਨਿਸ ਕਰਵਾਈ ਗਈ। ਹਰਕੁੰਵਰ ਸਿੰਘ ਨੇ ਮੁਹਾਲੀ ਜ਼ਿਲ੍ਹੇ ਵੱਲੋਂ ਉਕਤ ਚੈਂਪੀਅਨਸ਼ਿਪ ਵਿੱਚ ਭਾਗ ਲਿਆ ਅਤੇ ਪੰਜਾਬ ਚੈਂਪੀਅਨ ਬਣਿਆ। ਉਸ ਨੂੰ ਅੰਡਰ 19 ਵਰਗ ਦੀ ਪੰਜਾਬ ਦੀ ਟੀਮ ਦਾ ਕਪਤਾਨ ਅਤੇ ਪੁਆਇੰਟਾਂ ਦੇ ਆਧਾਰ ਉੱਤੇ ਓਪਨ ਪੁਰਸ਼ ਵਰਗ ਦੀ ਟੀਮ ਦਾ ਵੀ ਕਪਤਾਨ ਚੁਣਿਆ ਗਿਆ ਹੈ।
ਉਹ ਪੰਜਾਬ ਦੀਆਂ ਦੋਵੇਂ ਟੀਮਾਂ ਦੀ ਕਪਤਾਨੀ ਕਰਦਿਆਂ 9 ਦਸੰਬਰ ਤੋਂ 12 ਦਸੰਬਰ ਤੱਕ ਕੇਰਲਾ ਵਿਖੇ ਹੋ ਰਹੀ ਪਹਿਲੀ ਕੌਮੀ ਰੈਕਿੰਗ ਚੈਂਪੀਅਨਸ਼ਿਪ ਵਿੱਚ ਭਾਗ ਲੈ ਰਿਹਾ ਹੈ। ਇਸੇ ਤਰਾਂ 15 ਤੋਂ 21 ਦਸੰਬਰ ਨੂੰ ਕਰਨਾਟਕਾ ਵਿਖੇ ਦੂਜੀ ਰੈਕਿੰਗ ਤੋਂ ਇਲਾਵਾ 3 ਤੋਂ 11 ਜਨਵਰੀ ਤੱਕ ਗੁਜਰਾਤ ਦੇ ਬਡੋਦਰਾ ਵਿਖੇ ਹੋਣ ਵਾਲੀ ਜੂਨੀਅਰ ਅਤੇ ਯੂਥ ਚੈਂਪੀਅਨਸ਼ਿਪ ਵਿਚ ਪੰਜਾਬ ਦੀ ਅਗਵਾਈ ਕਰੇਗਾ। ਇਸੇ ਤਰਾਂ ਉਹ 19 ਤੋਂ 26 ਜਨਵਰੀ ਤੱਕ ਗੁਜਰਾਤ ਦੇ ਸੂਰਤ ਵਿਖੇ ਹੋ ਰਹੀ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਪੰਜਾਬ ਦੀਆਂ ਉਪਰੋਕਤ ਦੋਵੇਂ ਵਰਗਾਂ ਦੀਆਂ ਟੀਮਾਂ ਦੀ ਅਗਵਾਈ ਕਰੇਗਾ।
ਸਭ ਤੋਂ ਘੱਟ ਉਮਰ ਦੀ ਕਪਤਾਨੀ ਦਾ ਬਣਾਇਆ ਰਿਕਾਰਡ
ਹਰਕੁੰਵਰ ਸਿੰਘ ਨੇ ਟੇਬਲ ਟੈਨਿਸ ਦੇ ਪੁਰਸ਼ ਵਰਗ ਦੀ ਕਪਤਾਨੀ ਹਾਸਿਲ ਕਰਕੇ ਹੁਣ ਤੱਕ ਦਾ ਸਭ ਤੋਂ ਘੱਟ ਉਮਰ ਦਾ ਪਹਿਲਾ ਕਪਤਾਨ ਬਣਨ ਦਾ ਰਿਕਾਰਡ ਬਣਾਇਆ ਹੈ। ਇਸ ਤੋਂ ਪਹਿਲਾਂ ਕਦੇ ਵੀ ਇੰਨੀ ਛੋਟੀ ਉਮਰ ਵਿੱਚ ਕਿਸੇ ਵੀ ਖ਼ਿਡਾਰੀ ਨੇ ਆਪਣੇ ਉਮਰ ਵਰਗ ਦੇ ਨਾਲ-ਨਾਲ ਪੁਰਸ਼ ਵਰਗ ਦੀ ਕਪਤਾਨੀ ਨਹੀਂ ਕੀਤੀ। ਟੇਬਿਲ ਟੈਨਿਸ ਐਸੋਸੀਏਸ਼ਨ ਦੇ ਸੂਬਾਈ ਵਿੱਤ ਸਕੱਤਰ ਸੁਮਿਤ ਬਾਹਰੀ ਅਤੇ ਜਥੇਬੰਦਿਕ ਸਕੱਤਰ ਪੰਕਜ ਸ਼ਰਮਾ ਨੇ ਇਨਾਮ ਤਕਸੀਮ ਕੀਤੇ।