ਟਿੱਪਰ ਮਾਲਕਾਂ ਨੂੰ ਬਚਾਉਣ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ: ਮਾਨ
ਸੁਭਾਸ਼ ਚੰਦਰ/ਅਸ਼ਵਨੀ ਗਰਗ
ਸਮਾਣਾ, 7 ਜੂਨ
ਸੜਕ ਹਾਦਸੇ ਵਿੱਚ ਸੱਤ ਬੱਚਿਆਂ ਦੀ ਮੌਤ ਮਾਮਲੇ ’ਚ ਮਹੀਨੇ ਤੋਂ ਇਨਸਾਫ਼ ਮੰਗ ਰਹੇ ਮਾਪਿਆਂ ਨਾਲ ਅੱਜ ਆਖਰ ਦੁੱਖ ਸਾਂਝਾ ਕਰਨ ਲਈ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੀੜਤਾਂ ਨੂੰ ਇਨਸਾਫ ਦਾ ਭਰੋਸਾ ਦਿੱਤਾ ਹੈ। ਸਮਾਣਾ ਦੇ ਰੈਸਟ ਹਾਊਸ ’ਚ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨ ਨੇ ਕਿਹਾ ਕਿ ਇਸ ਮਾਮਲੇ ’ਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਇਸ ਮਾਮਲੇ ਵਿੱਚ ਕਿਸੇ ਅਫਸਰ, ‘ਆਪ’ ਵਰਕਰ, ਵਿਧਾਇਕ ਜਾਂ ਕਿਸੇ ਹੋਰ ਨੇ ਆਪਣਾ ਰਸੂਖ ਵਰਤ ਕੇ ਟਿੱਪਰ ਮਾਲਕਾਂ ਨੂੰ ਬਚਾਉਣ ’ਚ ਮਦਦ ਕੀਤੀ ਹੋਈ, ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਲਾਕੇ ਵਿੱਚ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ਼ ਵੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ।
ਜ਼ਿਕਰਯੋਗ ਹੈ ਕਿ ਮਹੀਨਾ ਪਹਿਲਾਂ ਇੱਕ ਗੱਡੀ ਦੀ ਟਿੱਪਰ ਨਾਲ ਟਕਰਾਉਣ ਕਾਰਨ ਪਟਿਆਲਾ ਸਕੂਲ ’ਚੋਂ ਪੜ੍ਹ ਕੇ ਆ ਰਹੇ ਸੱਤ ਬੱਚਿਆਂ ਤੇ ਵਾਹਨ ਚਾਲਕ ਦੀ ਮੌਤ ਹੋ ਗਈ ਸੀ। ਮਾਨ ਨੇ ਕਿਹਾ ਕਿ ਹੋ ਸਕਦਾ ਹੈ ਕਿ ਬੱਚਿਆਂ ਦੀ ਇਸ ਕੁਰਬਾਨੀ ਨਾਲ ਕੋਈ ਵੱਡਾ ਘਪਲਾ ਸਾਹਮਣੇ ਆ ਆਵੇ, ਜਿਸ ਨਾਲ ਬੱਚਿਆਂ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ। ਉਨ੍ਹਾਂ ਪੁਲੀਸ ਤੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਚਲਾਏ ਜਾ ਰਹੇ ਓਵਰਲੋਡ ਟਿੱਪਰਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ, ਤਾਂ ਜੋ ਅੱਗੇ ਤੋਂ ਕੋਈ ਅਜਿਹੀ ਅਣਸੁਖਾਵੀਂ ਘਟਨਾ ਨਾ ਹੋਵੇ।
ਮੁੱਖ ਮੰਤਰੀ ਦੀ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਸਮੇਂ ਹਲਕਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਦੀ ਗੈਰ-ਹਾਜ਼ਰੀ ਅਤੇ ਸਾਬਕਾ ਵਿਧਾਇਕ ਰਜਿੰਦਰ ਸਿੰਘ ਤੇ ਉਨ੍ਹਾਂ ਦੀ ਪਤਨੀ ਰਵਿੰਦਰ ਕੌਰ ਦੀ ਹਾਜ਼ਰੀ ਸਿਆਸੀ ਗਲਿਆਰਿਆਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਡੀਐੱਸਪੀ ਸਮਾਣਾ ਦਾ ਤਬਾਦਲਾ
ਸਮਾਣਾ (ਅਸ਼ਵਨੀ ਗਰਗ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਟਿੱਪਰ ਹਾਦਸੇ ਵਿੱਚ ਮਾਰੇ ਗਏ ਬੱਚਿਆਂ ਦੇ ਮਾਪਿਆਂ ਨਾਲ ਮੁਲਾਕਾਤ ਕੀਤੇ ਜਾਣ ਤੋਂ ਬਾਅਦ ਮਾਮਲੇ ਵਿੱਚ ਦੋਸ਼ੀਆਂ ਨੂੰ ਫੜਨ ਵਿੱਚ ਹੋਈ ਦੇਰੀ ਕਾਰਨ ਸਮਾਣਾ ਦੇ ਡੀਐੱਸਪੀ ਜੀਐੱਸ ਸਿਕੰਦ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਇੱਥੋਂ ਬਦਲ ਕੇ ਡੀਐੱਸਪੀ 4 ਆਈਆਰਬੀ, ਸ਼ਾਹਪੁਰ ਕੰਡੀ, ਪਠਾਨਕੋਟ ਭੇਜ ਦਿੱਤਾ ਗਿਆ ਹੈ ਜਦੋਂਕਿ ਫਿਰੋਜ਼ਪੁਰ ਦੇ ਡੀਐੱਸਪੀ (ਡੀ) ਫ਼ਤਹਿ ਸਿੰਘ ਬਰਾੜ ਨੁੰ ਸਮਾਣਾ ਦਾ ਨਵਾਂ ਡੀਐੱਸਪੀ ਲਗਾਇਆ ਗਿਆ ਹੈ।