ਟਿੱਪਰ ਦੀ ਟੱਕਰ ਕਾਰਨ ਨੌਜਵਾਨ ਹਲਾਕ
ਸਮਾਣਾ: ਇੱਥੋਂ ਦੇ ਬਾਬਾ ਬੰਦਾ ਸਿੰਘ ਬਹਾਦਰ ਚੌਕ ਨੇੜੇ ਟਿੱਪਰ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ, ਜਦੋਂ ਉਸ ਦਾ ਸਾਥੀ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਯੋਗੇਸ਼ ਕੁਮਾਰ (28) ਪੁੱਤਰ ਹਰਦੀਪ ਕੁਮਾਰ ਵਾਸੀ ਪਿੰਡ ਕਲਬੁਰਛਾਂ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਬਾਬਾ ਬੰਦਾ ਸਿੰਘ ਬਹਾਦਰ ਚੌਕ ਨੇੜੇ ਇੱਕ ਟਿੱਪਰ ਪਾਤੜਾਂ ਰੋਡ ਵੱਲੋਂ ਆ ਰਹੇ ਮੋਟਰਸਾਈਕਲ ਨਾਲ ਟਕਰਾਅ ਗਿਆ। ਇਸ ਹਾਦਸੇ ’ਚ ਮੋਟਰਸਾਈਕਲ ਸਵਾਰ ਦੋਵੇਂ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਨੌਜਵਾਨਾਂ ਦੀ ਪਛਾਣ ਯੋਗੇਸ਼ ਕੁਮਾਰ (28) ਪੁੱਤਰ ਹਰਦੀਪ ਕੁਮਾਰ ਵਾਸੀ ਪਿੰਡ ਕਲਬੁਰਛਾਂ ਅਤੇ ਸ਼ਗੁਨਦੀਪ (19) ਪੁੱਤਰ ਦਰਸ਼ਨ ਕੁਮਾਰ ਵਾਸੀ ਪਿੰਡ ਗਾਜੇਵਾਸ ਵਜੋਂ ਹੋਈ ਹੈ। ਦੋਵੇਂ ਜ਼ਖ਼ਮੀਆਂ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਉਨ੍ਹਾਂ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਮੁਢਲੇ ਇਲਾਜ ਤੋਂ ਬਾਅਦ ਪਟਿਆਲਾ ਰੈਫਰ ਕਰ ਦਿੱਤਾ ਗਿਆ। ਉਥੇ ਪਹੁੰਚਣ ’ਤੇ ਜ਼ਖ਼ਮੀ ਯੋਗੇਸ਼ ਕੁਮਾਰ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਜਦੋਂ ਕਿ ਸ਼ਗੁਨਦੀਪ ਹਸਪਤਾਲ ’ਚ ਇਲਾਜ ਅਧੀਨ ਹੈ। ਮਾਮਲੇ ਦੇ ਜਾਂਚ ਅਧਿਕਾਰੀ ਸਿਟੀ ਪੁਲੀਸ ਦੀ ਏਐੱਸਆਈ ਪੂਰਨ ਸਿੰਘ ਨੇ ਦੱਸਿਆ ਕਿ ਚਾਲਕ ਵੱਲੋਂ ਟਿੱਪਰ ਭਜਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਮੌਕੇ ’ਤੇ ਮੌਜੂਦ ਲੋਕਾਂ ਨੇ ਪਿੱਛਾ ਕਰਕੇ ਉਸ ਨੂੰ ਰੋਕ ਲਿਆ। ਇਸ ਦੌਰਾਨ ਚਾਲਕ ਟਿੱਪਰ ਛੱਡ ਕੇ ਫਰਾਰ ਹੋ ਗਿਆ ਜਿਸ ਨੂੰ ਪੁਲੀਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। -ਪੱਤਰ ਪ੍ਰੇਰਕ