ਟਿੱਪਰ-ਇਨੋਵਾ ਹਾਦਸੇ ਦਾ ਮੁਲਜ਼ਮ ਕਾਬੂ
ਸੁਭਾਸ਼ ਚੰਦਰ
ਸਮਾਣਾ, 24 ਮਈ
ਟਿੱਪਰ-ਇਨੋਵਾ ਹਾਦਸੇ ’ਚ ਇਨੋਵਾ ਚਾਲਕ ਅਤੇ ਸੱਤ ਬੱਚਿਆਂ ਦੀ ਮੌਤ ਦੇ ਮਾਮਲੇ ’ਚ ਪੁਲੀਸ ਨੇ 17 ਦਿਨ ਬਾਅਦ ਮੁਲਜ਼ਮ ਟਿੱਪਰ ਮਾਲਕ ਦਵਿੰਦਰ ਸਿੰਘ ਨਿਵਾਸੀ ਪਿੰਡ ਸੋਜਾ (ਪਟਿਆਲਾ) ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂ ਕਿ ਦੂਜਾ ਮੁਲਜ਼ਮ ਮਾਲਕ ਰਣਧੀਰ ਸਿੰਘ ਅਜੇ ਵੀ ਪੁਲੀਸ ਦੀ ਗ੍ਰਿਫਤ ਤੋਂ ਬਾਹਰ ਹੈ।
ਟਿੱਪਰ ਮਾਲਕਾਂ ਨੂੰ ਗ੍ਰਿਫਤਾਰ ਨਾ ਕਰਨ ਦੇ ਰੋਸ ਵਜੋਂ ਪਰਿਵਾਰਕ ਮੈਂਬਰਾਂ ਵੱਲੋਂ ਡੀਐੱਸਪੀ ਸਮਾਣਾ ਦਫ਼ਤਰ ਮੂਹਰੇ ਬੀਤੇ ਦਿਨੀਂ ਧਰਨਾ ਦਿੱਤਾ ਸੀ ਅਤੇ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ‘ਸਮਾਣਾ ਬੰਦ’ ਸਣੇ ਸੰਘਰਸ਼ ਦੀ ਚਿਤਾਵਨੀ ਦਿੱਤੀ ਸੀ।
ਇਸ ਸਬੰਧੀ ਸਦਰ ਥਾਣਾ ਮੁਖੀ ਬਿਕਰਮਜੀਤ ਸਿੰਘ ਅਤੇ ਜਾਂਚ ਅਧਿਕਾਰੀ ਏਐੱਸਆਈ ਗੁਰਦੇਵ ਸਿੰਘ ਨੇ ਦੱਸਿਆ ਕਿ ਮਾਮਲੇ ਦਾ ਮੁੱਖ ਮੁਲਜ਼ਮ ਟਿੱਪਰ ਚਾਲਕ ਭੁਪਿੰਦਰ ਸਿੰਘ ਨੂੰ ਉਸੇ ਦਿਨ ਗ੍ਰਿਫ਼ਤਾਰ ਵਿੱਚ ਲੈ ਕੇ ਜੇਲ੍ਹ ਭੇਜ ਦਿੱਤਾ ਗਿਆ ਸੀ ਜਦੋਂ ਕਿ ਟਿੱਪਰ ਮਾਲਕ ਦਵਿੰਦਰ ਸਿੰਘ ਨੂੰ ਪੁਲੀਸ ਨੇ ਹੁਣ ਕਾਬੂ ਕੀਤਾ ਹੈ। ਉਸ ਨੂੰ ਅਦਾਲਤ ਵਿਚ ਪੇਸ਼ ਕਰ ਕੇ ਉਸ ਦਾ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਫਰਾਰ ਟਿੱਪਰ ਮਾਲਕਾਂ ਨੂੰ ਪਨਾਹ ਦੇਣ ਦੇ ਦੋਸ਼ ਹੇਠ ਪੁਲੀਸ ਉਨ੍ਹਾਂ ਦੇ ਚਾਰ ਰਿਸ਼ਤੇਦਾਰਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ ਪਰ ਇਕ ਹੋਰ ਟਿੱਪਰ ਮਾਲਕ ਰਣਧੀਰ ਸਿੰਘ ਅਜੇ ਫਰਾਰ ਹੈ। ਉਸ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।