ਟਿਕਟਾਂ ਦਾ ਐਲਾਨ ਹੁੰਦਿਆਂ ਹੀ ਸਿਆਸੀ ਆਗੂ ਹੋਣ ਲੱਗੇ ‘ਬਾਗੀ’
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 11 ਦਸੰਬਰ
ਨਗਰ ਨਿਗਮ ਚੋਣਾਂ ਦੇ ਲਈ ਜਿਵੇਂ ਜਿਵੇਂ ਸਿਆਸੀ ਪਾਰਟੀਆਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਰਹੀਆਂ ਹਨ, ਉਸੇ ਤਰ੍ਹਾਂ ਲੁਧਿਆਣਾ ਸ਼ਹਿਰ ਵਿੱਚ ਪਾਰਟੀਆਂ ਤੋਂ ਬਾਗੀ ਹੋਣ ਵਾਲੇ ਉਮੀਦਵਾਰਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਬੀਤੀ ਰਾਤ ਭਾਜਪਾ ਵੱਲੋਂ ਆਪਣੇ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ ਸੀ, ਜਿਸ ਤੋਂ ਬਾਅਦ ਅੱਜ ਸਵੇਰੇ ਭਾਜਪਾ ਤੋਂ ਅਸਤੀਫ਼ੇ ਦੇਣ ਵਾਲੇ ਸਿਆਸੀ ਆਗੂਆਂ ਦੀ ਲਾਈਨ ਲੱਗ ਗਈ। ਖਾਸ ਗੱਲ ਇਹ ਸੀ ਕਿ ਇਹ ਸਾਰੇ ਹੀ ਆਗੂ ਭਾਜਪਾ ਦੇ 20 ਤੋਂ 25 ਸਾਲ ਪੁਰਾਣੇ ਆਗੂ ਹਨ। ਸਾਰਿਆਂ ਦੀ ਨਾਰਾਜ਼ਗੀ ਇੱਕੋ ਹੀ ਹੈ ਕਿ ਪਾਰਟੀ ਉਨ੍ਹਾਂ ਨੂੰ ਟਿਕਟ ਨਾ ਦੇ ਕੇ ਦੂਜੇ ਚਿਹਰੇ ਨੂੰ ਟਿਕਟ ਦੇ ਦਿੱਤੀ। ਇਨ੍ਹਾਂ ਸਾਰੇ ਹੀ ਬਾਗੀਆਂ ਨੂੰ ਸ਼ਾਂਤ ਕਰਵਾਉਣ ਸਿਆਸੀ ਪਾਰਟੀਆਂ ਲਈ ਵੱਡੀ ਸਿਰਦਰਦੀ ਸਾਬਤ ਹੋਵੇਗਾ, ਕਿਉਂਕਿ ਜੇਕਰ ਇਹ ਸਾਰੇ ਹੀ ਚੋਣ ਮੈਦਾਨ ਵਿੱਚ ਰਹੇ ਤਾਂ ਸਿਆਸੀ ਪਾਰਟੀਆਂ ਦਾ ਗਿਣਤ ਵਿਗਾੜ ਦੇਣਗੇ।
ਭਾਜਪਾ ਦੇ ਤਿੰਨ ਵਾਰ ਦੇ ਕੌਂਸਲਰ ਹਰਬੰਸ ਲਾਲ ਫੈਂਟਾ ਤੇ ਉਨ੍ਹਾਂ ਦੀ ਪਤਨੀ ਸੁਨੀਤਾ ਫੈਂਟਾ ਨੇ ਵੀ ਭਾਜਪਾ ਛੱਡਣ ਤੋਂ ਐਲਾਨ ਕਰ ਦਿੱਤਾ। ਹਰਬੰਸ ਲਾਲ ਫੈਂਟਾਂ ਨੇ ਦੱਸਿਆ ਕਿ ਉਹ 9 ਨੰਬਰ ਵਾਰਡ ਤੋਂ ਟਿਕਟ ਮੰਗ ਰਹੇ ਸਨ, ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ। ਜਿਸ ਕਰਕ ਹੁਣ ਉਹ ਚੋਣ ਮੈਦਾਨ ਵਿੱਚ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜਨਗੇ। ਇਸੇ ਤਰ੍ਹਾਂ ਭਾਜਪਾ ਦੇ ਪੁਰਾਣੇ ਕੌਂਸਲਰ ਰਾਜੇਸ਼ ਸ਼ਰਮਾ ਮਿੰਟੂ ਨੇ ਵੀ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹ ਲਿਆ। ਲੋਕ ਸਭਾ ਚੋਣਾਂ ਦੇ ਸਮੇਂ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਾਬਕਾ ਕੌਂਸਲਰ ਪਰਮਿੰਦਰ ਲਾਪਰਾਂ ਨੇ ਵੀ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਹੈ। ਲਾਪਰਾ ਨੇ ਦੱਸਿਆ ਕਿ ਭਾਜਪਾ ਨੇ ਉਨ੍ਹਾਂ ਨੂੰ ਵਾਅਦਾ ਕਰ ਟਿਕਟ ਨਹੀਂ ਦਿੱਤੀ। ਹੁਣ ਉਹ ਆਜ਼ਾਦ ਉਮੀਦਵਾਰ ਵੱਜੋਂ ਚੋਣ ਮੈਦਾਨ ਵਿੱਚ ਨਿਤਰਣਗੇ। ਇਸੇ ਤਰ੍ਹਾਂ ਸਾਬਕਾ ਕੌਂਸਲਰ ਦਵਿੰਦਰ ਜੱਗੀ, ਸਾਬਕਾ ਕੌਂਸਲਰ ਸਰਬਜੀਤ ਕਾਕਾ ਨੇ ਵੀ ਭਾਜਪਾ ਨੂੰ ਅਲਵਿਦਾ ਕਹਿ ਕੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨਕਰ ਦਿੱਤਾ ਹੈ। ਭਾਜਪਾ ਆਗੂ ਸੰਨੀ ਵਾਸਨ ਨੇ ਵੀ ਪਾਰਟੀ ਨੂੰ ਅਲਵਿਦਾ ਕਹਿ ਆਪ ਦਾ ਪੱਲਾ ਫੜ੍ਹ ਲਿਆ।
‘ਆਪ’ ਆਗੂ ਜੈਰਾਮ ਅਕਾਲੀ ਦਲ ’ਚ ਸ਼ਾਮਲ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਵੱਲੋਂ ਲੁਧਿਆਣਾ ਨਗਰ ਨਿਗਮ ਲਈ ਲਾਏ ਆਬਜ਼ਰਵਰ ਮਨਤਾਰ ਸਿੰਘ ਬਰਾੜ ਨੇ ਕਿਹਾ ਹੈ ਕਿ ਨਗਰ ਨਿਗਮ ਚੋਣਾਂ ਵਿੱਚ ਅਕਾਲੀ ਦਲ ਸ਼ਾਨਦਾਰ ਜਿੱਤ ਹਾਸਲ ਕਰਕੇ ਆਪਣਾ ਮੇਅਰ ਬਣਾਏਗਾ ਤਾਂ ਜੋ ਪੰਜਾਬ ਵਿੱਚ ਵਿਕਾਸ ਦੀ ਲਹਿਰ ਸ਼ੁਰੂ ਕੀਤੀ ਜਾ ਸਕੇ। ਉਨ੍ਹਾਂ ਨੇ ਇਹ ਦਾਅਵਾ ‘ਆਪ’ ਆਗੂ ਜੈ ਰਾਮ ਤੇ ਹੋਰਨਾਂ ਨੂੰ ਅਕਾਲੀ ਦਲ ’ਚ ਸ਼ਾਮਲ ਕਰਨ ਮੌਕੇ ਕੀਤਾ।
ਉਹ ਅੱਜ ਇੱਥੇ ਸੀਨੀਅਰ ਅਕਾਲੀ ਆਗੂਆਂ ਨਾਲ ਨਗਰ ਨਿਗਮ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕਰਨ ਦੌਰਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨਾਲ ਸਾਬਕਾ ਵਿਧਾਇਕ ਐੱਸਆਰ ਕਲੇਰ ਵੀ ਹਾਜ਼ਰ ਸਨ। ਇਸ ਮੌਕੇ ਹਲਕਾ ਪੂਰਬੀ ਦੇ ਆਮ ਆਦਮੀ ਪਾਰਟੀ ਦੇ ਆਗੂ ਜੈ ਰਾਮ ਨੇ ਆਪ ਨੂੰ ਅਲਵਿਦਾ ਕਹਿ ਕੇ ਅਕਾਲੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਬਰਾੜ ਸਮੇਤ ਹੋਰ ਆਗੂਆਂ ਨੇ ਜੈ ਰਾਮ ਨੂੰ ਸਿਰੋਪਾਓ ਭੇਂਟ ਕਰਕੇ ਪਾਰਟੀ ਵਿੱਚ ਸ਼ਾਮਲ ਕੀਤਾ। ਬਰਾੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਗ੍ਰਾਫ ਕਾਫ਼ੀ ਡਿੱਗ ਚੁੱਕਾ ਹੈ ਅਤੇ ਹੁਣ ਲੋਕ ਅਕਾਲੀ ਦਲ ਦਾ ਰਾਹ ਵੇਖ ਰਹੇ ਹਨ।