ਟਾਇਰ ਤਿਲਕਣ ਕਾਰਨ ਤਿੰਨੋਂ ਲੁਟੇਰੇ ਡਿੱਗੇ; ਲੋਕਾਂ ਨੇ ਪੁਲੀਸ ਹਵਾਲੇ ਕੀਤੇ
ਪੱਤਰ ਪ੍ਰੇਰਕ
ਫਗਵਾੜਾ, 13 ਮਈ
ਮਾਂ ਨਾਲ ਸਾਈਕਲ ’ਤੇ ਬੈਠ ਕੇ ਜਾ ਰਹੀ ਲੜਕੀ ਦਾ ਮੋਬਾਈਲ ਖੋਹ ਕੇ ਲੈ ਜਾਣ ਵਾਲੇ ਤਿੰਨ ਲੁਟੇਰਿਆਂ ਨੂੰ ਲੋਕਾਂ ਨੇ ਕਾਬੂ ਕਰ ਕੇ ਪੁਲੀਸ ਹਵਾਲੇ ਕੀਤਾ ਹੈ। ਇਸ ਸਬੰਧੀ ਪੁਲੀਸ ਨੇ ਤਿੰਨ ਨੌਜਵਾਨਾਂ ਖਿਲਾਫ਼ ਧਾਰਾ 309 (2) ਬੀਐੱਨਐੱਸ ਤਹਿਤ ਕੇਸ ਦਰਜ ਕੀਤਾ ਹੈ। ਗੰਗਾ ਦੇਵੀ ਵਾਸੀ ਦਰਵੇਸ਼ ਪਿੰਡ ਨੇ ਦੱਸਿਆ ਕਿ ਉਹ ਆਪਣੀ ਲੜਕੀ ਨਾਲ ਸਾਈਕਲ ’ਤੇ ਘਰ ਵੱਲ ਜਾ ਰਹੀ ਸੀ ਅਤੇ ਉਸ ਦੀ ਲੜਕੀ ਸਾਈਕਲ ਦੀ ਪਿਛਲੀ ਸੀਟ ’ਤੇ ਬੈਠੀ ਸੀ। ਜਦੋਂ ਉਹ ਦਰਵੇਸ਼ ਪਿੰਡ ਦੇ ਗੇਟ ਤੋਂ ਪੀਰ ਪੁਰਾਣੀਆਂ ਜਗ੍ਹਾ ਵੱਲ ਨੂੰ ਮੁੜੇ ਤਾਂ ਅੱਗਿਓ ਮੋਟਰਸਾਈਕਲ ’ਤੇ ਤਿੰਨ ਨੌਜਵਾਨ ਆਏ ਅਤੇ ਦਾਤਰ ਦਿਖਾ ਕੇ ਉਸ ਦੀ ਲੜਕੀ ਦੇ ਹੱਥ ’ਚ ਫੜਿਆ ਮੋਬਾਈਲ ਖੋਹ ਲਿਆ। ਉਸ ਨੇ ਉਸ ਦਾ ਮੁਕਾਬਲਾ ਕਰਨ ਲਈ ਜਦੋਂ ਇੱਕ ਲੁਟੇਰੇ ਨੂੰ ਫੜਿਆ ਤਾਂ ਉਹ ਭੱਜ ਗਿਆ ਤੇ ਉਹ ਸੜਕ ’ਤੇ ਡਿੱਗ ਪਈ ਤੇ ਉਸ ਦੇ ਸੱਟਾਂ ਵੀ ਲੱਗੀਆਂ।
ਇਹ ਲੁਟੇਰੇ ਜਦੋਂ ਫਗਵਾੜਾ ਸਾਈਡ ਵੱਲ ਨੂੰ ਮੁੜਨ ਲੱਗੇ ਤਾਂ ਮੋਟਰਸਾਈਕਲ ਦਾ ਟਾਈਰ ਤਿਲਕਣ ਕਾਰਨ ਇਹ ਤਿੰਨੋਂ ਜਣੇ ਡਿੱਗ ਗਏ ਜਿੱਥੇ ਰੌਲਾ ਪੈਣ ’ਤੇ ਲੋਕਾਂ ਨੇ ਇਨ੍ਹਾਂ ਨੂੰ ਕਾਬੂ ਕੀਤਾ ਤੇ ਪੁਲੀਸ ਹਵਾਲੇ ਕਰ ਦਿੱਤਾ।
ਇਸ ਸਬੰਧੀ ਪੁਲੀਸ ਨੇ ਦੀਪਕ ਉਰਫ਼ ਦੀਪੂ, ਲਵਪ੍ਰੀਤ ਸਿੰਘ ਉਰਫ਼ ਕਾਕਾ ਵਾਸੀਆਨ ਮੁਹੱਲਾ ਭਗਤਪੁਰਾ ਤੇ ਜਸਪ੍ਰੀਤ ਸਿੰਘ ਉਰਫ਼ ਕਰਨ ਵਾਸੀ ਡਾ. ਅੰਬੇਦਕਰ ਚੌਕ ਹਦੀਆਬਾਦ ਖਿਲਾਫ਼ ਕੇਸ ਦਰਜ ਕੀਤਾ ਹੈ।