ਟਰੱਕ ਦੀ ਫੇਟ ਵੱਜਣ ਕਾਰਨ ਵਿਦਿਆਰਥੀ ਦੀ ਮੌਤ
ਪੱਤਰ ਪ੍ਰੇਰਕ
ਮੁਕੇਰੀਆਂ, 9 ਅਕਤੂਬਰ
ਇੱਥੇ ਕੌਮੀ ਮਾਰਗ ’ਤੇ ਮੋਟਰਸਾਈਕਲ ਸਵਾਰ ਵਿਦਿਆਰਥੀ ਨੂੰ ਟਰੱਕ ਵਲੋਂ ਫੇਟ ਮਾਰ ਦੇਣ ਕਾਰਨ ਵਿਦਿਆਰਥੀ ਦੀ ਮੌਤ ਹੋ ਗਈ, ਜਦੋਂ ਕਿ ਉਸ ਦਾ ਸਾਥੀ ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕ ਵਿਦਿਆਰਥੀ ਦੀ ਸ਼ਨਾਖਤ ਅਲੋਕ ਸਿੰਘ (18) ਵਜੋਂ ਹੋਈ ਹੈ। ਉਸ ਦੇ ਪਿਤਾ ਸੰਦੀਪ ਸਿੰਘ ਵਾਸੀ ਛਾਂਗਲਾ ਨੇ ਦੱਸਿਆ ਕਿ ਉਸ ਦਾ ਲੜਕਾ ਟਾਂਡਾ ਰਾਮ ਸਹਾਏ ਸਕੂਲ ਵਿੱਚ 12ਵੀਂ ਕਲਾਸ ਦਾ ਵਿਦਿਆਰਥੀ ਹੈ ਅਤੇ ਅੱਜ ਉਹ ਆਪਣੇ ਇੱਕ ਦੋਸਤ ਸੁਸ਼ਾਂਤ ਕੁਮਾਰ ਨਾਲ ਉਸ ਦੇ ਬੁਲੇਟ ਮੋਟਰ ਸਾਈਕਲ ’ਤੇ ਮੁਕੇਰੀਆਂ ਆਇਆ ਸੀ। ਇਸ ਦੌਰਾਨ ਜਦੋਂ ਉਹ ਮਾਤਾ ਰਾਣੀ ਚੌਕ ਤੋਂ ਹਸਪਤਾਲ ਚੌਕ ਵੱਲ ਜਾ ਰਹੇ ਸਨ ਤਾਂ ਪਿੱਛੇ ਦਸੂਹਾ ਸਾਈਡ ਤੋਂ ਆ ਰਹੇ ਟਰੱਕ ਦੇ ਚਾਲਕ ਨੇ ਉਨ੍ਹਾਂ ਦੇ ਮੋਟਰ ਸਾਈਕਲ ਨੂੰ ਫੇਟ ਮਾਰ ਦਿੱਤੀ। ਫੇਟ ਵੱਜਣ ਕਾਰਨ ਮੋਟਰ ਸਾਈਕਲ ਚਾਲਕ ਸੁਸ਼ਾਂਤ ਕੁਮਾਰ ਮੋਟਰ ਸਾਈਕਲ ਸਮੇਤ ਡਵਿਾਈਡਰ ’ਤੇ ਡਿੱਗ ਪਿਆ, ਜਦੋਂ ਕਿ ਉਸਦਾ ਲੜਕਾ ਟਰੱਕ ਹੇਠਾਂ ਆਉਣ ਕਾਰਨ ਕੁਚਲਿਆ ਗਿਆ। ਇਸ ਹਾਦਸੇ ਵਿੱਚ ਉਸ ਦੇ ਪੁੱਤਰ ਅਲੋਕ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਉਸ ਦਾ ਸਾਥੀ ਸੁਸ਼ਾਂਤ ਕੁਮਾਰ ਗੰਭੀਰ ਜ਼ਖਮੀ ਹੋ ਗਿਆ। ਟਰੱਕ ਚਾਲਕ ਮੌਕੇ ਤੋਂ ਟਰੱਕ ਸਮੇਤ ਫਰਾਰ ਹੋ ਗਿਆ। ਏਐਸਆਈ ਦਿਲਦਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ ਟਰੱਕ ਚਾਲਕ ਮੁਹੰਮਦ ਅਸ਼ਰਫ ਵਾਸੀ ਦਿਆਲਗਾਉਂ, ਜਿਲ੍ਹਾ ਅਨੰਤਨਾਗ, ਜੰਮੂ ਕਸ਼ਮੀਰ ਖਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।
ਟਰੈਕਟਰ ਟਰਾਲੀ,ਪੀਟਰ ਰੇਹੜੀ ਤੇ ਕਾਰ ਦਰਮਿਆਨ ਟੱਕਰ; ਚਾਰ ਜ਼ਖ਼ਮੀ
ਜਲੰਧਰ (ਪੱਤਰ ਪ੍ਰੇਰਕ): ਆਦਮਪੁਰ-ਭੋਗਪੁਰ ਮੁੱਖ ਮਾਰਗ ’ਤੇ ਪਿੰਡ ਨਾਹਲਾ ਨੇੜੇ ਪਰਾਲੀ ਨਾਲ ਭਰੀ ਟਰੈਕਟਰ-ਟਰਾਲੀ, ਪੀਟਰ ਰੇਹੜੀ ਅਤੇ ਕਾਰ ਵਿਚਕਾਰ ਟੱਕਰ ਹੋਣ ਕਾਰਨ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਅਤੇ ਦੋ ਔਰਤਾਂ ਸਮੇਤ 4 ਵਿਅਕਤੀ ਜ਼ਖਮੀ ਹੋ ਗਏ। ਟਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਜ਼ਖਮੀ ਨੂੰ ਆਦਮਪੁਰ ਦੇ ਮਿਗਲਾਨੀ ਹਸਪਤਾਲ ’ਚ ਦਾਖਲ ਕਰਵਾਇਆ। ਹਸਪਤਾਲ ’ਚ ਜ਼ੇਰੇ ਇਲਾਜ ਜ਼ਖਮੀ ਪ੍ਰਵਾਸੀ ਵਿਅਕਤੀ ਰਮੇਸ਼ ਕੁਮਾਰ ਵਾਸੀ ਕਾਲਾ ਬੱਕਰਾ ਨੇ ਦੱਸਿਆ ਕਿ ਉਹ ਆਪਣੀ ਪਤਨੀ ਲਕਸ਼ਮੀ ਨਾਲ ਪੀਟਰ ਰੇਹੜੀ ’ਤੇ ਆਦਮਪੁਰ ਜਾ ਰਿਹਾ ਸੀ ਕਿ ਜਦੋਂ ਉਹ ਪਿੰਡ ਨਾਹਲਾ ਨੇੜੇ ਪਹੁੰਚਿਆ ਤਾਂ ਮਾਰੂਤੀ ਡਿਜ਼ਾਇਰ ਕਾਰ ਨੂੰ ਆਦਮਪੁਰ ਵੱਲੋਂ ਆ ਰਹੀ ਤੂੜੀ ਨਾਲ ਭਰੀ ਓਵਰਲੋਡ ਟਰੈਕਟਰ ਟਰਾਲੀ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਕਾਰਨ ਕਾਰ ਦੇ ਪਿੱਛੇ ਆ ਰਹੇ ਉਸ ਦਾ ਪੀਟਰ ਰੇਹੜਾ ਕਾਰ ਨਾਲ ਟਕਰਾ ਗਿਆ। ਟਕਰਾਉਣ ਕਾਰਨ ਉਸ ਦੀ ਪਤਨੀ ਲਕਸ਼ਮੀ ਅਤੇ ਉਹ ਖੁਦ ਜ਼ਖਮੀ ਹੋ ਗਏ ਅਤੇ ਕਾਰ ਵਿੱਚ ਸਵਾਰ ਸਵਾਰੀਆਂ ਜਸਕਰਨ ਸਿੰਘ ਪੁੱਤਰ ਮੱਖਣ ਸਿੰਘ (28) ਅਤੇ ਉਸ ਦੀ ਪਤਨੀ ਅੰਮ੍ਰਿਤਪਾਲ ਕੌਰ (27) ਵਾਸੀ ਪਿੰਡ ਡਿੰਗਰੀਆ ਆਦਮਪੁਰ ਗੰਭੀਰ ਜ਼ਖ਼ਮੀ ਹੋ ਗਏ।