ਟਰੱਕ ਦੀ ਫੇਟ ਵੱਜਣ ਕਾਰਨ ਮੋਟਰਸਾਈਕਲ ਸਵਾਰ ਵਿਦਿਆਰਥੀ ਦੀ ਮੌਤ, ਦੂਜਾ ਜ਼ਖ਼ਮੀ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 26 ਅਕਤੂਬਰ
ਜਸਪਾਲ ਬਾਂਗਰ ਇਲਾਕੇ ਦੇ ਦੋ ਨੌਜਵਾਨ ਅੱਜ ਮੋਟਰਸਾਈਕਲ ’ਤੇ ਗਿੱਲ ਰੋਡ ਸਥਿਤ ਜੀਐੱਨਈ ਕਾਲਜ ਵੱਲ ਜਾ ਰਹੇ ਸਨ, ਜਦੋਂ ਇੱਕ ਤੇਜ਼ ਰਫ਼ਤਾਰ ਟਰੱਕ ਚਾਲਕ ਨੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ ਤੇ ਇਸ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੂਜਾ ਜ਼ਖ਼ਮੀ ਹੋ ਗਿਅਾ। ਹਾਦਸੇ ਤੋਂ ਬਾਅਦ ਵਾਹਨ ਚਾਲਕ ਮੌਕੇ ਼ੋਂ ਫਰਾਰ ਹੋ ਗਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਜ਼ਖ਼ਮੀ ਨੌਜਵਾਨਾਂ ਨੂੰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ, ਪਰ ਉਦੋਂ ਤੱਕ ਇੱਕ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੀ ਪਛਾਣ ਵਿਕਰਮ ਵਜੋਂ ਹੋਈ ਹੈ, ਜਦਕਿ ਉਸ ਦਾ ਸਾਥੀ ਅਮਨਜੋਤ ਫਿਲਹਾਲ ਹਸਪਤਾਲ ’ਚ ਦਾਖਲ ਹੈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਦੀ ਪੁਲੀਸ ਮੌਕੇ ’ਤੇ ਪਹੁੰਚ ਕੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਤੇ ਪੋਸਟਮਾਰਟਮ ਲਈ ਲਾਸ਼ ਸਿਵਲ ਹਸਪਤਾਲ ਭੇਜ ਦਿੱਤੀ ਹੈ। ਜਾਂਚ ਅਧਿਕਾਰੀ ਕਾਂਸਟੇਬਲ ਅਮਨਦੀਪ ਸਿੰਘ ਨੇ ਦੱਸਿਆ ਕਿ ਅਮਨਜੋਤ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਵਿਕਰਮ ਤੇ ਉਹ ਇੰਜੀਨੀਅਰਿੰਗ ਵਿੱਚ ਡਿਪਲੋਮਾ ਦੀ ਟ੍ਰੇਨਿੰਗ ਤਹਿਤ ਰੋਜ਼ਾਨਾ ਜੀਐੱਨਈ ਕਾਲਜ ਜਾਂਦੇ ਹਨ। ਅੱਜ ਜਦੋਂ ਉਹ ਪਿੰਡ ਜਸਪਾਲ ਬਾਂਗਰ ਕੋਲ ਪਹੁੰਚੇ ਤਾਂ ਤੇਜ਼ ਰਫ਼ਤਾਰ ਟਰੱਕ ਚਾਲਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਵਿਕਰਮ ਮੋਟਰਸਾਈਕਲ ਚਲਾ ਰਿਹਾ ਸੀ ਤੇ ਉਹ ਪਿੱਛੇ ਬੈਠਾ ਸੀ। ਹਸਪਤਾਲ ਜਾ ਕੇ ਉਸ ਨੂੰ ਹੋਸ਼ ਆਇਆ, ਜਿਥੇ ਉਸ ਨੂੰ ਵਿਕਰਮ ਦੀ ਮੌਤ ਬਾਰੇ ਪਤਾ ਲੱਗਿਆ। ਪੁਲੀਸ ਵੱਲੋਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।