ਟਰੰਪ ਦੇ ਸੌ ਦਿਨ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਦੂਜੀ ਵਾਰੀ ਹੁਣ ਤੱਕ ਕਾਫ਼ੀ ਉਥਲ-ਪੁਥਲ ਵਾਲੀ ਸਾਬਿਤ ਹੋਈ ਹੈ। ਉਨ੍ਹਾਂ ਨੂੰ ਸੱਤਾ ਸੰਭਾਲਿਆਂ ਸੌ ਦਿਨ ਪੂਰੇ ਹੋ ਗਏ ਹਨ ਪਰ ਇਸ ਦੌਰਾਨ ਟਰੰਪ ਪ੍ਰਤੀ ਲੋਕਾਂ ਦਾ ਉਤਸ਼ਾਹ ਲੋਕ ਰੋਹ ਵਿੱਚ ਤਬਦੀਲ ਹੁੰਦਾ ਜਾ ਰਿਹਾ ਹੈ। ਟਰੰਪ ਦੀ ਲੋਕਪ੍ਰਿਅਤਾ ਦੀ ਦਰਜਾਬੰਦੀ ਘਟ ਰਹੀ ਹੈ ਅਤੇ ਔਰਤਾਂ, ਸਪੇਨੀ ਭਾਸ਼ਾ ਬੋਲਣ ਵਾਲੇ ਅਮਰੀਕਨਾਂ ਅਤੇ ਆਜ਼ਾਦ ਵਰਗਾਂ ਨਾਲ ਸਬੰਧਿਤ ਵੋਟਰ ਸਮੂਹਾਂ ਅੰਦਰ ਨਾਰਾਜ਼ਗੀ ਵਧ ਰਹੀ ਹੈ ਅਤੇ ਇਨ੍ਹਾਂ ਵਰਗਾਂ ਨੇ ਹੀ ਉਨ੍ਹਾਂ ਦੀ ਚੁਣਾਵੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਅਤੇ ਜੇ ਇਹ ਰੁਝਾਨ ਜਾਰੀ ਰਹਿੰਦਾ ਹੈ ਤਾਂ ਉਨ੍ਹਾਂ ਲਈ ਮੁਸ਼ਕਿਲਾਂ ਵਧ ਜਾਣਗੀਆਂ। ਆਪਣੇ ਦੂਜੇ ਕਾਰਜਕਾਲ ਵਿੱਚ ਟਰੰਪ ਨੇ ਟੈਰਿਫ (ਬਾਹਰੋਂ ਆਉਣ ਵਾਲੇ ਸਾਮਾਨ ਤੇ ਸੇਵਾਵਾਂ ਉੱਪਰ ਮਹਿਸੂਲ) ’ਤੇ ਬਹੁਤ ਹੀ ਜ਼ਾਰਿਹਾਨਾ ਢੰਗ ਨਾਲ ਕੰਮ ਕੀਤਾ ਅਤੇ ਅਰਥਚਾਰੇ ਨੂੰ ਸੁਰਜੀਤ ਕਰਨ ਦੇ ਜੋ ਵਾਅਦੇ ਕੀਤੇ ਹਨ, ਉਨ੍ਹਾਂ ਕਰ ਕੇ ਬਾਜ਼ਾਰ ਵਿੱਚ ਤਰਥੱਲੀ ਮੱਚ ਗਈ ਅਤੇ ਮਹਿੰਗਾਈ ਵਧਣ ਦੇ ਆਸਾਰ ਪੈਦਾ ਹੋ ਗਏ ਹਨ। ਅਰਥਚਾਰੇ ਨੂੰ ਸੁਚੱਜੀ ਸੇਧ ਦੇਣ ਦੇ ਉਨ੍ਹਾਂ ਦੇ ਭਰੋਸੇ ਡਗਮਗਾ ਰਹੇ ਹਨ। ਇਸੇ ਦੌਰਾਨ ਉਨ੍ਹਾਂ ਦੀਆਂ ਸਖ਼ਤ ਆਵਾਸ ਨੀਤੀਆਂ ਕਰ ਕੇ ਲੋਕ ਰਾਏ ਵੰਡੀ ਗਈ ਹੈ। ਇਸ ਮਾਮਲੇ ਵਿੱਚ ਧੜਾਧੜ ਸਰਕਾਰੀ ਆਦੇਸ਼ਾਂ ਅਤੇ ਵੱਡੇ ਪੱਧਰ ’ਤੇ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਵਾਪਸ ਭੇਜਣ ਦੇ ਕਦਮਾਂ ਨੂੰ ਅਦਾਲਤਾਂ ਅਤੇ ਲੋਕ ਪ੍ਰਦਰਸ਼ਨਾਂ ਜ਼ਰੀਏ ਤਿੱਖੀ ਚੁਣੌਤੀ ਮਿਲ ਰਹੀ ਹੈ ਜਿਸ ਨਾਲ ਅਮਰੀਕੀ ਸਮਾਜ ਵਿੱਚ ਵੰਡੀਆਂ ਹੋਰ ਵਧ ਗਈਆਂ ਹਨ ਪਰ ਇਨ੍ਹਾਂ ਮਸਲਿਆਂ ਦੇ ਕੋਈ ਸਾਰਥਿਕ ਹੱਲ ਨਜ਼ਰ ਨਹੀਂ ਆ ਰਹੇ। ਨੌਜਵਾਨ ਅਤੇ ਘੱਟਗਿਣਤੀ ਸਮੂਹਾਂ ਦੇ ਵੋਟਰਾਂ ਵਿੱਚ ਟਰੰਪ ਸਰਕਾਰ ਪ੍ਰਤੀ ਰੋਸ ਫੈਲਦਾ ਜਾ ਰਿਹਾ ਹੈ। ਜਿੱਥੋਂ ਤੱਕ ਆਲਮੀ ਮੰਜ਼ਰ ਦਾ ਤਾਅਲੁਕ ਹੈ ਤਾਂ ਟਰੰਪ ਦੀ ਵਿਦੇਸ਼ ਨੀਤੀ ਵੀ ਵੰਡਪਾਉੂ ਸਾਬਿਤ ਹੋ ਰਹੀ ਹੈ। ਅਮਰੀਕਾ ਦੇ ਰਵਾਇਤੀ ਇਤਹਾਦੀ ਮੁਲਕਾਂ ਨਾਲ ਸਬੰਧਾਂ ਵਿੱਚ ਤਰੇੜਾਂ ਪੈ ਗਈਆਂ ਹਨ ਕਿਉਂਕਿ ਉਸ ਦੀ ਅਖੌਤੀ ‘ਅਮਰੀਕਾ ਫਸਟ’ ਨੀਤੀ ਵਿੱਚ ਕੂਟਨੀਤਕ ਨਫ਼ਾਸਤਾਂ ਲਈ ਕੋਈ ਥਾਂ ਨਹੀਂ ਹੈ। ਗ੍ਰੀਨਲੈਂਡ ’ਤੇ ਕਬਜ਼ਾ ਕਰਨ ਅਤੇ ਪਨਾਮਾ ਨਹਿਰ ਨੂੰ ਅਮਰੀਕਾ ਦੇ ਕੰਟਰੋਲ ਕਰਨ ਜਿਹੇ ਟਰੰਪ ਦੇ ਬਿਆਨਾਂ ਨਾਲ ਅਮਰੀਕਾ ਪ੍ਰਤੀ ਬੇਭਰੋਸਗੀ ਵਿੱਚ ਹੀ ਵਾਧਾ ਕੀਤਾ ਹੈ। ਸਾਰਾ ਧਿਆਨ ਸ਼ਾਸਨ ਨੂੰ ਸੰਭਾਲਣ ਦੀ ਥਾਂ ਸੁਰਖੀਆਂ ਨੂੰ ਸੰਭਾਲਣ ’ਤੇ ਲੱਗਾ ਹੋਇਆ ਹੈ। ਟਰੰਪ ਦਾ ਇਹ ਖ਼ਾਸ ਅੰਦਾਜ਼ ਬਣ ਗਿਆ ਹੈ ਪਰ ਇਸ ਨੂੰ ਲੈ ਕੇ ਪਹਿਲਾਂ ਜਿੱਥੇ ਅਕਸਰ ਹੀ ਬੇਪ੍ਰਵਾਹ ਰਹਿੰਦੇ ਸਨ ਪਰ ਹੁਣ ਉਨ੍ਹਾਂ ਨੂੰ ਚੋਭਾਂ ਮਹਿਸੂਸ ਹੋਣ ਲੱਗ ਪਈਆਂ ਹਨ। ਹਾਲਾਂਕਿ ਉਨ੍ਹਾਂ ਦਾ ਵਫ਼ਾਦਾਰ ਰਿਪਬਲਿਕਨ ਆਧਾਰ ਕਾਇਮ ਹੈ ਪਰ ਕੌਮੀ ਪੱਧਰ ’ਤੇ ਵਿਆਪਕ ਭਰੋਸਾ ਡਿੱਗ ਰਿਹਾ ਹੈ। ਅਜਿਹੀ ਵੰਡਪਾਊ ਕਾਰਕਰਦਗੀ ਦੇ ਆਧਾਰ ’ਤੇ ਸਫ਼ਲਤਾ ਦੀ ਤਾਂ ਗੱਲ ਹੀ ਛੱਡ ਦਿਓ, ਸਗੋਂ ਉਨ੍ਹਾਂ ਦੇ ਕਾਰਜਕਾਲ ਦੀ ਅਉਧ ਕਾਇਮ ਰਹਿਣੀ ਮੁਸ਼ਕਿਲ ਹੋ ਜਾਵੇਗੀ। ਜੇ ਟਰੰਪ ਦੇ ਦੂਜੇ ਕਾਰਜਕਾਲ ਦੇ ਪਹਿਲੇ ਸੌ ਦਿਨਾਂ ਦੀ ਕਾਰਗੁਜ਼ਾਰੀ ਦੇ ਸ਼ੁਰੂਆਤੀ ਸੰਕੇਤ ਦੇਖੇ ਜਾਣ ਤਾਂ ਆਉਣ ਵਾਲੇ ਸਮੇਂ ਦਾ ਝਲਕਾਰਾ ਮਿਲ ਜਾਂਦਾ ਹੈ। ਟਰੰਪ ਦੇ ਮਾਮਲੇ ਇਹ ਦੱਸ ਰਹੇ ਹਨ ਕਿ ਉਨ੍ਹਾਂ ਨੂੰ ਆਪਣੇ ਪੱਕੇ ਹਮਾਇਤੀਆਂ ਤੋਂ ਪਰ੍ਹੇ ਹਮਾਇਤ ਜੁਟਾਉਣ ਵਿੱਚ ਸੰਘਰਸ਼ ਕਰਨਾ ਪਵੇਗਾ, ਅਰਥਚਾਰੇ ਦੇ ਮੁਹਾਜ਼ ’ਤੇ ਹੋਰ ਝਟਕੇ ਲੱਗ ਸਕਦੇ ਹਨ, ਆਵਾਸ ਵਿਵਾਦਾਂ ਵਿੱਚ ਵਾਧਾ ਹੋ ਸਕਦਾ ਹੈ ਅਤੇ ਵਿਦੇਸ਼ ਨੀਤੀ ਦੇ ਖੇਤਰ ਵਿੱਚ ਨਮੋਸ਼ੀਆਂ ਪੱਲੇ ਪੈ ਸਕਦੀਆਂ ਹਨ। ਜੇ ਟਰੰਪ ਵੱਲੋਂ ਆਪਣੇ ਰਾਹ ਨੂੰ ਦਰੁਸਤ ਕਰਨ ਲਈ ਗੰਭੀਰਤਾ ਨਾਲ ਸੋਚ ਵਿਚਾਰ ਨਹੀਂ ਕੀਤੀ ਜਾਂਦੀ ਤਾਂ ਉਨ੍ਹਾਂ ਦਾ ਅਗਲਾ ਸਫ਼ਰ ਹੋਰ ਵੀ ਉਥਲ-ਪੁਥਲ ਭਰਿਆ ਸਾਬਿਤ ਹੋ ਸਕਦਾ ਹੈ।