ਟਰੈਕਟਰ ਤੇ ਮੋਟਰਸਾਈਕਲ ਦੀ ਟੱਕਰ ’ਚ ਦੋ ਮੌਤਾਂ
ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 12 ਜੂਨ
ਖੇਤਰ ਦੇ ਪਿੰਡ ਔਢਾਂ ਦੀ ਅਨਾਜ ਮੰਡੀ ਨੇੜੇ ਟਰੈਕਟਰ ਦੀ ਮੋਟਰਸਾਈਕਲ ਨਾਲ ਹੋਈ ਟੱਕਰ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਸ ਹਾਦਸੇ ਦੀ ਸੂਚਨਾ ਮਿਲਣ ’ਤੇ ਥਾਣਾ ਔਢਾਂ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮਾਮਲੇ ਵਿੱਚ ਪੁਲੀਸ ਨੇ ਟਰੈਕਟਰ ਚਾਲਕ ਵਿਰੁੱਧ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਔਢਾਂ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਅਸ਼ੋਕ ਕੁਮਾਰ ਪੁੱਤਰ ਮੋਮਨ ਰਾਮ ਵਾਸੀ ਰਿਸਾਲੀਆ ਖੇੜਾ ਨੇ ਦੱਸਿਆ ਕਿ ਸੁਨੀਲ ਕੁਮਾਰ ਪੁੱਤਰ ਚਰਨਾ ਸਿੰਘ ਅਤੇ ਓਮਪ੍ਰਕਾਸ਼ ਪੁੱਤਰ ਮੰਦਰ ਸਿੰਘ ਵਾਸੀ ਚੋਰਮਾਰ ਖੇੜਾ ਔਢਾਂ ਤੋਂ ਆਪਣਾ ਨਿੱਜੀ ਕੰਮ ਕਰ ਕੇ ਪਿੰਡ ਜਾ ਰਹੇ ਸਨ। ਜਦੋਂ ਉਹ ਅਨਾਜ ਮੰਡੀ ਤੋਂ ਥੋੜ੍ਹਾ ਅੱਗੇ ਗਏ ਤਾਂ ਗਲਤ ਸਾਈਡ ਤੋਂ ਆ ਰਹੇ ਇੱਕ ਟਰੈਕਟਰ-ਟਰਾਲੀ ਚਾਲਕ ਨੇ ਸਰਵਿਸ ਲਾਈਨ ਦੇ ਅੱਗੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਹ ਦੋਵੇਂ ਸੜਕ ’ਤੇ ਡਿੱਗ ਪਏ ਅਤੇ ਜ਼ਖਮੀ ਹਾਲਤ ਵਿੱਚ ਕਮਿਊਨਿਟੀ ਹੈਲਥ ਸੈਂਟਰ ਔਢਾਂ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਸੁਨੀਲ ਕੁਮਾਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਓਮਪ੍ਰਕਾਸ਼ ਨੂੰ ਸਿਰਸਾ ਰੈਫਰ ਕਰ ਦਿੱਤਾ ਗਿਆ। ਸਿਰ ਵਿੱਚ ਗੰਭੀਰ ਸੱਟ ਲੱਗਣ ਕਾਰਨ ਓਮਪ੍ਰਕਾਸ਼ ਦੀ ਵੀ ਮੌਤ ਹੋ ਗਈ। ਬਾਅਦ ਵਿੱਚ ਪਤਾ ਲੱਗਾ ਕਿ ਟਰੈਕਟਰ ਔਢਾਂ ਵਾਸੀ ਗੁਰਵਿੰਦਰ ਸਿੰਘ ਦਾ ਸੀ। ਅਸ਼ੋਕ ਕੁਮਾਰ ਦੇ ਬਿਆਨ ’ਤੇ ਏਐਸਆਈ ਮਦਨ ਲਾਲ ਨੇ ਟਰੈਕਟਰ ਚਾਲਕ ਖਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।