ਟਰੇਡ ਯੂਨੀਅਨ ਮੋਰਚੇ ਤੇ ਐੱਸਕੇਐੱਮ ਵੱਲੋਂ ਮੰਗਾਂ ਸਬੰਧੀ ਧਰਨਾ
ਕੇਪੀ ਸਿੰਘ
ਗੁਰਦਾਸਪੁਰ, 20 ਮਈ
ਕੇਂਦਰੀ ਟਰੇਡ ਯੂਨੀਅਨਾਂ ਅਤੇ ਫੈਡਰੇਸ਼ਨਾਂ ਦੇ ਸੱਦੇ ਤਹਿਤ ਦੇਸ਼ਿਵਆਪੀ ਜ਼ਿਲ੍ਹਾ ਸਦਰ ਮੁਕਾਮਾਂ ਉੱਤੇ ਧਰਨਾ ਦੇਣ ਦੇ ਉਲੀਕੇ ਪ੍ਰੋਗਰਾਮ ਅਨੁਸਾਰ ਟਰੇਡ ਯੂਨੀਅਨਾਂ ਦੇ ਸਾਂਝੇ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਏਟਕ, ਸੀਟੂ, ਏਕਟੂ ਅਤੇ ਸੀਟੀਯੂ ਪੰਜਾਬ ਅਤੇ ਮਜ਼ਦੂਰਾਂ ਦੀ ਹਮਾਇਤ ਕਰਨ ਵਾਲੇ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਨੇ ਮਿਲ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿੱਚ ਧਰਨਾ ਦਿੱਤਾ ਗਿਆ। ਇਨ੍ਹਾਂ ਸੰਗਠਨਾਂ ਨੇ ਕੇਂਦਰ ਸਰਕਾਰ ਵੱਲੋਂ ਮਜ਼ਦੂਰ ਪੱਖੀ ਕਾਨੂੰਨਾਂ ਨੂੰ ਖ਼ਤਮ ਕਰਕੇ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਬਣਾਏ ਚਾਰ ਲੇਬਰ ਕੋਡ ਰੱਦ ਕਰਨ, ਅੱਠ ਘੰਟੇ ਕੰਮ ਦਿਹਾੜੀ ਨੂੰ ਵਧਾ ਕੇ ਬਾਰਾਂ ਘੰਟੇ ਕਰਨ ਵਿਰੁੱਧ, ਖੇਤੀ ਧੰਦੇ ਤੇ ਪਬਲਿਕ ਸੈਕਟਰ ਦੀ ਤਬਾਹੀ ਕਰਨ ਲਈ ਜ਼ਿੰਮੇਵਾਰ ਦੇਸੀ ਵਿਦੇਸ਼ੀ ਬਹੁ ਰਾਸ਼ਟਰੀ ਕੰਪਨੀਆਂ ਦੀਆਂ ਸੰਸਾਰੀਕਰਨ, ਉਦਾਰੀਕਰਨ ਤੇ ਨਿੱਜੀਕਰਨ ਵਾਲੀਆਂ ਲੋਕ ਵਿਰੋਧੀ ਤੇ ਦੇਸ਼ ਵਿਰੋਧੀ ਨੀਤੀਆਂ ਖ਼ਿਲਾਫ਼ ਸੰਘਰਸ਼ ਨੂੰ ਇੱਕਜੁੱਟ ਹੋ ਕੇ ਤਿੱਖਾ ਕਰਨ ਦੇ ਉਦੇਸ਼ ਨਾਲ ਇਹ ਪ੍ਰਦਰਸ਼ਨ ਕੀਤਾ। ਇਸ ਦੇ ਨਾਲ 9 ਜੁਲਾਈ ਨੂੰ ਦੇਸ਼ ਵਿਆਪੀ ਹੜਤਾਲ ਨੂੰ ਸਫਲ ਕਰਨ ਲਈ ਪਿੰਡ-ਪਿੰਡ ਹੋਕਾ ਦੇਣ ਦਾ ਸੱਦਾ ਦਿੱਤਾ।
ਧਰਨੇ ਦੀ ਪ੍ਰਧਾਨਗੀ ਟਰੇਡ ਯੂਨੀਅਨ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਏਟਕ, ਸੀਟੂ, ਏਕਟੂ ਤੇ ਸੀਟੀਯੂ ਪੰਜਾਬ ਵੱਲੋਂ ਕ੍ਰਮਵਾਰ ਬਲਵਿੰਦਰ ਸਿੰਘ ਉਦੀਪੁਰ, ਰੂਪ ਸਿੰਘ ਪੱਡਾ, ਪ੍ਰੇਮ ਮਸੀਹ ਸੋਨਾ, ਜਸਵੰਤ ਸਿੰਘ ਬੁੱਟਰ ਅਤੇ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਕਿਸਾਨ ਆਗੂਆਂ ਰਾਜ ਗੁਰਵਿੰਦਰ ਸਿੰਘ ਲਾਡੀ, ਹਰਜੀਤ ਸਿੰਘ ਕਾਹਲੋਂ, ਗੁਲਜ਼ਾਰ ਸਿੰਘ ਬਸੰਤ ਕੋਟ, ਲਖਵਿੰਦਰ ਸਿੰਘ ਮਰੜ, ਸੁਖਦੇਵ ਸਿੰਘ ਭਾਗੋਕਾਵਾਂ,ਸੰਗਤ ਸਿੰਘ ਜੀਵਨ ਚੱਕ, ਬਲਬੀਰ ਸਿੰਘ ਬੈਂਸ, ਗੁਰਦੀਪ ਸਿੰਘ ਮੁਸਤਫਾਬਾਦ, ਮੁਲਾਜ਼ਮ ਫੈਡਰੇਸ਼ਨ ਆਗੂ ਕੁਲਦੀਪ ਸਿੰਘ ਪੂਰੋਵਾਲ, ਸੋਹਣ ਸਿੰਘ ਅਤੇ ਦਿਲਦਾਰ ਸਿੰਘ ਭੰਡਾਲ ਸਾਥੀਆਂ ਨੇ ਅਗਵਾਈ ਕੀਤੀ।
20 ਜੁਲਾਈ ਦੇ ਧਰਨੇ-ਪ੍ਰਦਰਸ਼ਨ ਅਤੇ 9 ਜੁਲਾਈ ਨੂੰ ਦੇਸ਼ ਵਿਆਪੀ ਹੜਤਾਲ ਦੀਆਂ ਮੁੱਖ ਮੰਗਾਂ ਬਾਰੇ ਬੁਲਾਰਿਆਂ ਨੇ ਕਿਹਾ ਕਿ ਮਜ਼ਦੂਰ ਪੱਖੀ ਸਾਰੇ ਕਿਰਤ ਕਾਨੂੰਨਾਂ ਨੂੰ ਬਹਾਲ ਰੱਖਿਆ ਜਾਵੇ, ਚਾਰ ਲੇਬਰ ਕੋਡ ਰੱਦ ਕੀਤੇ ਜਾਣ, ਘੱਟੋ ਘੱਟੋ ਉਜਰਤ 26000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਤੇ ਦਿਹਾੜੀ 700 ਰੁਪਏ ਨਿਸ਼ਚਿਤ ਕੀਤੀ ਜਾਵੇ, ਅੱਠ ਘੰਟੇ ਕੰਮ ਦਿਹਾੜੀ ਦਾ ਸਮਾਂ ਪਹਿਲੇ ਵਾਂਗ ਬਹਾਲ ਰੱਖਿਆ ਜਾਵੇ, ਭੱਠਿਆਂ ਸਮੇਤ ਸਾਰੇ ਉਦਯੋਗਿਕ ਕੇਂਦਰਾਂ ਅੰਦਰ ਕਿਰਤ ਕਾਨੂੰਨ ਸਖ਼ਤੀ ਨਾਲ ਲਾਗੂ ਕੀਤੇ ਜਾਣ, ਪੰਜਾਬ ਸਰਕਾਰ ਵੱਲੋਂ ਸਾਲ 2012 ਤੋਂ ਰੋਕੀ ਮਿਨੀਮਮ ਸੋਧ ਤੁਰੰਤ ਜਾਰੀ ਕੀਤੀ, ਓਵਰ ਟਾਈਮ ਦਾ ਦੁੱਗਣੇ ਰੇਟ ਵਿਚ ਮਿਲਣਾ ਯਕੀਨੀ ਬਣਾਇਆ ਜਾਵੇ, ਆਸ਼ਾ ਵਰਕਰ ਮਿਡ-ਡੇਅ-ਮੀਲ ਵਰਕਰ ਆਂਗਣਵਾੜੀ ਵਰਕਰ ਤੇ ਹੋਰ ਸਕੀਮ ਅਧਾਰਿਤ ਵਰਕਰਾਂ ਨੂੰ ਘੱਟੋ-ਘੱਟ ਉਜਰਤ ਦੇ ਘੇਰੇ ਵਿਚ ਸ਼ਾਮਲ ਕੀਤਾ ਜਾਏ।