ਟਰਾਂਸਫਾਰਮਰ ਵਿੱਚੋਂ ਸਾਮਾਨ ਚੋਰੀ ਕਰਨ ਦੇ ਦੋਸ਼ ਹੇਠ ਤਿੰਨ ਕਾਬੂ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 8 ਮਈ
ਜ਼ਿਲ੍ਹਾ ਪੁਲੀਸ ਨੇ ਟਰਾਂਸਫਾਰਮਰਾਂ ਦਾ ਸਾਮਾਨ ਚੋਰੀ ਕਰਨ ਦੇ ਦੋਸ਼ ਹੇਠ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਐੱਸਐੱਸਪੀ ਨਿਤੀਸ਼ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਅਪਰਾਧ ਸ਼ਾਖਾ ਦੋ ਦੀ ਟੀਮ ਨੇ ਟਰਾਂਸਫਾਰਮਰ ਤੋਂ ਸਾਮਾਨ ਚੋਰੀ ਕਰਨ ਦੇ ਦੋਸ਼ ਹੇਠ ਸਲੀਮ ਅਬਦੁਲ, ਅਬਦੁਲ ਰਹਿਮਾਨ, ਤੇ ਗਫੂਰ ਵਾਸੀ ਸਹਾਰਨਪੁਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਬੁਲਾਰੇ ਨੇ ਦੱਸਿਆ ਕਿ ਐੱਸਡੀਓ ਬਿਜਲੀ ਵਿਭਾਗ ਮਥਾਣਾ ਨੇ ਦਿੱਤੀ ਸ਼ਿਕਾਇਤ ਵਿਚ ਕਿਹਾ ਸੀ ਕਿ 11 ਅਪਰੈਲ ਦੀ ਰਾਤ ਨੂੰ ਚੋਰਾਂ ਵੱਲੋਂ ਪਿੰਡ ਖੇੜੀ ਦੇ ਕਿਸਾਨਾਂ ਦੇ ਖੇਤਾਂ ਵਿੱਚੋਂ 16 ਕੇਵੀਏ ਤੇ ਪਿੰਡ ਬੋਡਲਾ ਦੇ ਕਿਸਾਨ ਦੇ ਖੇਤ ਵਿੱਚ ਟਰਾਂਸਫਾਰਮਰ ਤੋਂ ਸਾਮਾਨ ਚੋਰੀ ਕਰ ਲਿਆ ਹੈ। ਸ਼ਿਕਾਇਤ ਦੇ ਆਧਾਰ ’ਤੇ ਜਾਂਚ ਅਪਰਾਧ ਸ਼ਾਖਾ 2 ਨੂੰ ਸੌਂਪੀ ਗਈ। ਅਪਰਾਧ ਸ਼ਾਖਾ ਦੋ ਦੇ ਇੰਚਾਰਜ ਮੋਹਨ ਲਾਲ ਦੀ ਟੀਮ ਨੇ ਟਰਾਂਸਫਾਰਮਰ ਤੇ ਸਾਮਾਨ ਚੋਰੀ ਦੇ ਦੋਸ਼ ਹੇਠ ਸਲੀਮ ਅਹਿਮਦ, ਅਬਦੁਲ ਰਹਿਮਾਨ ਤੇ ਗਫੂਰ ਵਾਸੀ ਸਹਾਰਨਪੁਰ ਯੂਪੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਵੱਲੋਂ ਪੰਜ ਰੋਜ਼ਾ ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ 4 ਕੁਇੰਟਲ 50 ਕਿਲੋ ਤਾਂਬੇ ਦੀ ਤਾਰ, ਲੋਹਾ ਪੱਤੀ ,ਚੋਰੀ ਕਰਨ ਦੇ ਔਜਾਰ, ਤੇ ਵਾਰਦਾਤ ਵਿੱਚ ਵਰਤੇ ਦੋ ਮੋਟਰਸਾਈਕਲ ਬਾਰਾਮਦ ਕੀਤੇ ਹਨ। ਮੁਲਜ਼ਮ ਬਾਬੈਨ ਤੇ ਲਾਡਵਾ ਖੇਤਰ ਵਿੱਚ ਕਰੀਬ 72 ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਅਪਰਾਧ ਸ਼ਾਖਾ ਦੇ ਇੰਚਾਰਜ ਮੋਹਨ ਲਾਲ ਨੇ ਦੱਸਿਆ ਕਿ ਮੁਲਜ਼ਮ ਬਾਬੈਨ ਮੰਡੀ ਵਿਚ ਪੱਲੇਦਾਰੀ ਦਾ ਦਿਨ ਵਿਚ ਕੰਮ ਕਰਦੇ ਸਨ ਤੇ ਰਾਤ ਨੂੰ ਚੋਰੀਆਂ ਨੂੰ ਅੰਜਾਮ ਦਿੰਦੇ ਸਨ।