ਝੱਖੜ ਕਾਰਨ ਬੰਦ ਬਿਜਲੀ ਦੀਆਂ ਲਾਈਨਾਂ ਚਾਲੂ ਕਰਨ ਦੀ ਮੰਗ
ਬੀਰਬਲ ਰਿਸ਼ੀ
ਧੂਰੀ, 3 ਜੂਨ
ਬੀਕੇਯੂ ਰਾਜੇਵਾਲ ਦੀ ਬਲਾਕ ਪੱਧਰੀ ਮੀਟਿੰਗ ਵਿੱਚ ਹੋਰਨਾਂ ਮੁੱਦਿਆਂ ਦੇ ਨਾਲ-ਨਾਲ ਡੇਢ ਮਹੀਨਾ ਪਹਿਲਾਂ ਆਈ ਹਨੇਰੀ ਨਾਲ ਬੰਦ ਹੋਈਆਂ ਬਿਜਲੀ ਲਾਈਨਾਂ ਅਤੇ ਕੁਝ ਟਰਾਂਸਫਾਰਮਰਾਂ ਨੂੰ ਚਾਲੂ ਕਰਨ ਦੀ ਮੰਗ ਕੀਤ ਗਈ। ਜਥੇਬੰਦੀ ਦੀ ਬਲਾਕ ਧੂਰੀ ਤੇ ਸ਼ੇਰਪੁਰ ਦੀ ਸਾਂਝੀ ਮੀਟਿੰਗ ਜਥੇਬੰਦੀ ਦੇ ਆਗੂ ਸੁਖਪਾਲ ਸਿੰਘ ਕਾਂਝਲਾ ਅਤੇ ਰਾਜ ਸਿੰਘ ਮੂਲੋਵਾਲ ਦੀ ਸਾਂਝੀ ਅਗਵਾਈ ਹੇਠ ਹੋਈ ਜਿਸ ਵਿੱਚ ਖਾਸ ਤੌਰ ’ਤੇ ਮੁੱਦਾ ਉੱਭਰਿਆ ਕਿ ਝੋਨੇ ਦੀ ਲਵਾਈ ਸਿਰ ’ਤੇ ਹੈ ਪਰ ਹਾਲੇ ਵੀ ਕੁੱਝ ਥਾਈਂ ਕਿਸਾਨਾਂ ਦੇ ਟਰਾਂਸਫਾਰਮਰ ਠੀਕ ਨਹੀਂ ਹੋਏ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਮੁੱਖ ਮੰਤਰੀ ਖੁਦ ਕਿਸਾਨੀ ਧਰਨਿਆਂ ਨੂੰ ਸਹੀ ਠਹਿਰਾਉਂਦੇ ਤੇ ਇਨ੍ਹਾਂ ’ਚ ਸ਼ਮੂਲੀਅਤ ਕਰਦੇ ਸਨ ਪਰ ਹੁਣ ਉਹ ਜਦੋਂ ਖੁਦ ਸੱਤਾ ’ਚ ਆਏ ਤਾਂ ਕਿਸਾਨਾਂ ਨੂੰ ਬਦਨਾਮ ਕਰਨ ’ਤੇ ਤੁਲੇ ਹੋਏ ਹਨ। ਆਗੂਆਂ ਨੇ ਪਿੰਡਾਂ ਵਿੱਚ ਨਹਿਰੀ ਪਾਣੀ ਦੀ ਸਪਲਾਈ ਲਈ ਜ਼ਮੀਨਦੋਜ਼ ਪਾਈਪਾਂ ਦਾ ਕੰਮ ਜਲਦੀ ਕਰਵਾਉਣ ਦੀ ਮੰਗ ਕੀਤੀ। ਮੀਟਿੰਗ ਵਿੱਚ ਜਥੇਬੰਦੀ ਦੇ ਮੋਹਰੀ ਆਗੂ ਜਗਰੂਪ ਸਿੰਘ ਦੋਹਲਾ, ਗੁਰਜੀਤ ਸਿੰਘ ਭੜੀ ਮਾਨਸਾ, ਬਲਵਿੰਦਰ ਸਿੰਘ ਜੱਖਲਾਂ, ਮਲਕੀਤ ਸਿੰਘ ਜੱਖਲਾਂ, ਗੁਰਮੁੱਖ ਸਿੰਘ ਜੱਖਲਾਂ, ਗੁਰਬਚਨ ਸਿੰਘ ਹਰਚੰਦਪੁਰ, ਜੀਤ ਸਿੰਘ, ਜਗਤੇਜ ਸਿੰਘ ਬਮਾਲ, ਦੀਦਾਰ ਸਿੰਘ ਬਰੜ੍ਹਵਾਲ ਤੇ ਦਾਰਾ ਸਿੰਘ ਪਲਾਸੌਰ ਆਦਿ ਹਾਜ਼ਰ ਸਨ। ਪਾਵਰਕੌਮ ਦੇ ਐਕਸੀਅਨ ਧੂਰੀ ਮਨੋਜ ਕੁਮਾਰ ਨੇ ਦੋਸ਼ ਨਕਾਰਦਿਆਂ ਕਿਹਾ ਕਿ ਸਾਰੀਆਂ ਲਾਈਨਾਂ ਠੀਕ ਚੱਲ ਰਹੀਆਂ ਹਨ ਅਤੇ ਜੇਕਰ ਕਿਤੇ ਕੋਈ ਟਰਾਂਸਫਾਰਮਰ ਦੀ ਸਮੱਸਿਆ ਹੈ ਤਾਂ ਕਿਸਾਨ ਜਥੇਬੰਦੀ ਉਨ੍ਹਾਂ ਦੇ ਧਿਆਨ ਵਿੱਚ ਲਿਆਵੇ।