ਝੱਖੜ ਨੇ ਮਚਾਈ ਤਬਾਹੀ, ਦਰੱਖਤ ਡਿੱਗਣ ਕਾਰਨ ਬਿਜਲੀ ਸਪਲਾਈ ਠੱਪ
ਪੱਤਰ ਪ੍ਰੇਰਕ
ਤਰਨ ਤਾਰਨ, 25 ਮਈ
ਜ਼ਿਲ੍ਹੇ ਦੇ ਵੱਖ ਵੱਖ ਹਿੱਸਿਆਂ ਵਿੱਚ ਬੀਤੇ ਕੱਲ੍ਹ ਸ਼ਾਮ ਆਏ ਝੱਖੜ ਕਾਰਨ ਸੜਕਾਂ ’ਤੇ ਦਰੱਖਤ ਡਿੱਗ ਗਏ ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋ ਗਈ| ਇਸ ਦੌਰਾਨ ਵਧੇਰੇ ਨੁਕਸਾਨ ਪਾਵਰਕੌਮ ਦਾ ਹੋਇਆ ਹੈ| ਪਾਵਰਕੌਮ ਦੇ ਤਰਨ ਤਾਰਨ ਸਰਕਲ ਦੇ ਡਿਪਟੀ ਚੀਫ਼ ਇੰਜਨੀਅਰ ਨਰੋਤਮ ਸਿੰਘ ਨੇ ਦੱਸਿਆ ਕਿ ਤੁਫਾਨ ਨਾਲ ਬੇਹਿਸਾਬੇ ਰੁੱਖ ਡਿੱਗਣ ਨਾਲ ਬਿਜਲੀ ਦੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਈ| ਤਰਨ ਤਾਰਨ ਸ਼ਹਿਰ ਦੇ ਵਸਨੀਕਾਂ ਨੂੰ ਅਜੇ ਤੱਕ ਵੀ ਪੀਣ ਦੇ ਪਾਣੀ ਦੀ ਸਪਲਾਈ ਵੀ ਬਹਾਲ ਨਹੀਂ ਹੋ ਸਕੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਕੁੱਲ 270 ਯੂਪੀਐੱਸ (ਅਰਬਨ ਪੈਟਰਨ ਸਿਸਟਮ) ਦੇ ਫੀਡਰਾਂ ਵਿੱਚੋਂ 74 ਫੀਡਰ ਠੱਪ ਹੋ ਗਏ ਸਨ ਜਿਨ੍ਹਾਂ ਵਿੱਚੋਂ ਅੱਠ ਫੀਡਰ ਅਜੇ ਤੱਕ ਵੀ ਠੀਕ ਨਹੀਂ ਕੀਤੇ ਜਾ ਸਕੇ| ਇਸ ਦੇ ਨਾਲ ਹੀ ਬਿਜਲੀ ਦੇ ਖੰਭਿਆਂ ਅਤੇ ਟਰਾਂਸਫਾਰਮਰਾਂ ਦਾ ਵੀ ਨੁਕਸਾਨ ਹੋਇਆ ਹੈ|
ਸਭਰਾ ਵਾਸੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਰਹੱਦੀ ਖੇਤਰ ਦੇ ਅਨੇਕਾਂ ਪਿੰਡਾਂ ਦੇ ਵਾਸੀਆਂ ਨੂੰ ਰਾਤ ਭਰ ਬਿਜਲੀ ਨਹੀਂ ਮਿਲ ਸਕੀ ਅਤੇ ਕਈ ਪਿੰਡਾਂ ਦੇ ਵਸਨੀਕਾਂ ਨੂੰ ਅਜੇ ਵੀ ਬਿਜਲੀ ਦੀ ਸਪਲਾਈ ਨਹੀਂ ਮਿਲ ਸਕੀ| ਤਰਨ ਤਾਰਨ-ਪੱਟੀ ਸੜਕ ਤੇ ਮੁਗਲਚੱਕ ਪੰਨੂੰਆਂ ਜਾ ਰਹੇ ਇਕ ਟਰੱਕ ਉੱਤੇ ਟਾਹਲੀ ਦੇ ਡਿੱਗਣ ਨਾਲ ਟਰੱਕ ਪਲਟ ਗਿਆ| ਇਕ ਹਾਦਸੇ ਵਿੱਚ ਪੱਟੀ ਤੋਂ ਮੋਟਰਸਾਈਕਲ ’ਤੇ ਆਪਣੇ ਪਿੰਡ ਆ ਰਹੇ ਰਣਜੀਤ ਸਿੰਘ ਵਾਸੀ ਜੋੜਾ ਅਤੇ ਗੁਰਜੀਤ ਸਿੰਘ ਬੈਟਰੀਆਂ ਵਾਲਾ ਵਾਸੀ ਲੌਹੁਕਾ ਜ਼ਖਮੀ ਹੋ ਗਏ| ਇਕ ਹੋਰ ਹਾਦਸੇ ਵਿੱਚ ਸੂਰਵਿੰਡ ਦੇ ਜ਼ਖਮੀ ਹੋਏ ਦੋ ਜਣਿਆਂ ਨੂੰ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ| ਪ੍ਰਸ਼ਾਸਨ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਨਹੀਂ ਕੀਤੀ| ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ ਨੇ ਕਿਹਾ ਕਿ ਚਾਰ-ਚੁਫੇਰਿਓਂ ਹੀ ਇਸ ਤੂਫਾਨ ਨਾਲ ਪਸ਼ੂਆਂ ਦੇ ਕਮਰਿਆਂ ਦੇ ਡਿੱਗਣ ਆਦਿ ਦੇ ਨੁਕਸਾਨ ਹੋਣ ਦੀਆਂ ਖਬਰਾਂ ਮਿਲ ਰਹੀਆਂ ਹਨ| ਉਨ੍ਹਾਂ ਸਰਕਾਰ ਨੂੰ ਲੋਕਾਂ ਦੇ ਹੋਏ ਨੁਕਸਾਨ ਦੀ ਜਾਣਕਾਰੀ ਇਕੱਤਰ ਕਰਕੇ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ|