ਝੱਖੜ ਨੇ ਬਿਜਲੀ ਦੇ ਖੰਭੇ ਤੇ ਟਰੈਫਿਕ ਲਾਈਟਾਂ ਪੁੱਟੀਆਂ
ਖੇਤਰੀ ਪ੍ਰਤੀਨਿਧ
ਲੁਧਿਆਣਾ, 25 ਮਈ
ਸ਼ਨਿੱਚਰਵਾਰ ਸ਼ਾਮ ਨੂੰ ਆਏ ਝੱਖੜ ਨਾਲ ਹੋਇਆ ਨੁਕਸਾਨ ਐਤਵਾਰ ਸਵੇਰੇ ਦੇਖਣ ਨੂੰ ਮਿਲਿਆ। ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਦੀਆਂ ਕਈ ਸੜਕਾਂ ’ਤੇ ਦਰ਼ਖੱਤ ਟੁੱਟੇ ਹੋਏ ਸਨ। ਕੰਗਣਵਾਲ ਇਲਾਕੇ ਵਿੱਚ ਤਾਂ ਦਰਜਨਾਂ ਦੀ ਗਿਣਤੀ ਵਿੱਚ ਬਿਜਲੀ ਦੇ ਖੰਭੇ ਅੱਧ ਵਿਚਕਾਰੋਂ ਟੁੱਟ ਕੇ ਸੜਕ ’ਤੇ ਡਿੱਗ ਗਏ ਅਤੇ ਜਮਾਲਪੁਰ ਨੇੜੇ ਤਾਂ ਟਰੈਫਿਕ ਲਾਈਟਾਂ ਵੀ ਟੁੱਟੀਆਂ ਹੋਈਆਂ ਦਿਖਾਈ ਦਿੱਤੀਆਂ।
ਮੌਸਮ ਮਾਹਿਰਾਂ ਵੱਲੋਂ ਕੀਤੀ ਪੇਸ਼ੀਨਗੋਈ ਤਹਿਤ ਸ਼ਨਿੱਚਰਵਾਰ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ 80 ਤੋਂ 90 ਕਿਲੋਮੀਟਰ ਦੀ ਸਪੀਡ ਨਾਲ ਤੇਜ਼ ਹਵਾ ਚੱਲੀ ਅਤੇ ਮਿੱਟੀ-ਝੱਖੜ ਨੇ ਆਲੇ-ਦੁਆਲੇ ਵੱਡਾ ਨੁਕਸਾਨ ਕੀਤਾ। ਕਈ ਸੜਕਾਂ ਕਿਨਾਰੇ ਟੀਨ ਦੀਆਂ ਚਾਦਰਾਂ ਨਾਲ ਬਣਾਏ ਖੋਖੇ ਕਈ ਕਈ ਫੁੱਟ ਉੱਚੇ ਖਿਲਾਰ ਦਿੱਤੇ। ਇੱਥੋਂ ਦੇ ਜਮਾਲਪੁਰ ਚੌਕ ਵਿੱਚ ਤਾਂ ਇੱਕ ਪਾਸੇ ਦੀਆਂ ਟਰੈਫਿਕ ਲਾਈਟਾਂ ਹੀ ਜ਼ਮੀਨ ’ਤੇ ਆ ਡਿੱਗੀਆਂ ਜਿਸ ਕਰਕੇ ਆਵਜਾਈ ਪ੍ਰਭਾਵਿਤ ਹੋਈ। ਇਸੇ ਤਰ੍ਹਾਂ ਸੁਖਦੇਵ ਨਗਰ ਵਾਲੇ ਪਾਸੇ ਨਿੰਮ ਦਾ ਪੁਰਾਣਾ ਦਰੱਖ਼ਤ ਸੜਕ ’ਤੇ ਡਿੱਗਿਆ ਹੋਇਆ ਸੀ। ਇਸੇ ਤਰ੍ਹਾਂ ਲੁਧਿਆਣਾ-ਚੰਡੀਗੜ੍ਹ ਰੋਡ ’ਤੇ ਬਰੇਲ ਭਵਨ ਦੇ ਨੇੜੇ ਵੀ ਇੱਕ ਵੱਡਾ ਦਰਖਤ ਸੜਕ ’ਤੇ ਡਿੱਗਿਆ ਸ਼ਨਿੱਚਰਵਾਰ ਆਏ ਝੱਖੜ ਦੀ ਦਰਦ ਕਹਾਣੀ ਬਿਆਨ ਕਰ ਰਿਹਾ ਸੀ। ਇਸ ਮੀਹ-ਝੱਖੜ ਕਰਕੇ ਸਿਰਫ ਦਰਖਤ ਹੀ ਨਹੀਂ ਸਗੋਂ ਬਿਜਲੀ ਦੇ ਕਈ ਖੰਭੇ ਵੀ ਢਹਿ-ਢੇਰੀ ਹੋ ਗਈ। ਇੱਥੋਂ ਦੇ ਕੰਗਣਵਾਲ ਇਲਾਕੇ ਵਿੱਚ ਇੱਕ ਹੀ ਸੜਕ ’ਤੇ ਦਰਜਨਾਂ ਦੀ ਗਿਣਤੀ ਵਿੱਚ ਖੰਭੇ ਟੁੱਟ ਕੇ ਆ ਡਿੱਗੇ।
ਇਨ੍ਹਾਂ ਖੰਭਿਆਂ ’ਤੇ ਭਾਰੀਆਂ ਤਾਰਾਂ ਪਾਈਆਂ ਹੋਈਆਂ ਸਨ। ਇਨ੍ਹਾਂ ਵਿੱਚੋਂ ਕਈ ਖੰਭੇ ਦੋ-ਦੋ ਜੋੜ ਕੇ ਵੀ ਲਾਏ ਹੋਏ ਸਨ ਪਰ ਇਹ ਵੀ ਸ਼ਨਿੱਚਰਵਾਰ ਆਏ ਤੁਫਾਨ ਅੱਗੇ ਖੜ੍ਹ ਨਾ ਸਕੇ। ਇਸ ਕਾਰਨ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸਗੋਂ ਇਸ ਸੜਕ ’ਤੇ ਟਰੈਫਿਕ ਵੀ ਕਈ ਘੰਟੇ ਬਾਅਦ ਚਾਲੂ ਹੋਈ। ਇੱਥੋਂ ਦੇ ਤਾਜਪੁਰ ਰੋਡ ਨੇੜੇ ਪੈਂਦੀ ਮਾਤਾ ਕਰਮ ਕੌਰ ਕਲੋਨੀ, ਭੋਲਾ ਕਲੋਨੀ, ਵਿਜੈ ਨਗਰ ਵਿੱਚ ਕਈ ਘੰਟੇ ਬਿਜਲੀ ਸਪਲਾਈ ਠੱਪ ਰਹੀ। ਸਥਾਨਕ ਟਿੱਬਾ ਰੋਡ ’ਤੇ ਗੋਪਾਲ ਨਗਰ ਅਤੇ ਹੋਰ ਇਲਾਕਿਆਂ ਵਿੱਚ ਸ਼ਨਿੱਚਰਵਾਰ ਸ਼ਾਮ ਨੂੰ ਬੰਦ ਹੋਈ ਬਿਜਲੀ ਸਪਲਾਈ ਸਵੇਰੇ 5.30 ਵਜੇ ਦੇ ਕਰੀਬ ਚਾਲੂ ਹੋਈ। ਕਈ ਨੀਵੀਆਂ ਸੜਕਾਂ ’ਤੇ ਦਿਨ ਚੜ੍ਹੇ ਤੱਕ ਮੀਂਹ ਦਾ ਪਾਣੀ ਖੜ੍ਹਾ ਰਿਹਾ। ਇੱਥੋਂ ਦੇ ਮੁੰਡੀਆਂ ਕਲਾਂ ਨੇੜੇ ਫੌਕਲ ਪੁਆਇੰਟ ਨੂੰ ਜਾਂਦੀ ਸੜਕ ’ਤੇ ਵੀ ਐਤਵਾਰ ਦੁਪਹਿਰ ਤੱਕ ਪਾਣੀ ਖੜ੍ਹਾ ਹੋਇਆ ਸੀ। ਐਤਵਾਰ ਵੀ ਸਾਰਾ ਦਿਨ ਵੀ ਤੇਜ਼ ਹਵਾ ਚੱਲਦੀ ਰਹੀ।