ਝੋਲਿਆਂ ਦੀ ਹੱਟੀ
ਅੱਠਵੇਂ ਦਹਾਕੇ ’ਚ ਕਾਲਜੀਏਟ, ਕਾਮਰੇਡ, ਕਵੀ, ਕਲਾਕਾਰ ਮੋਢੇ ’ਤੇ ਇਕ ਤਣੀ ਵਾਲਾ ਝੋਲਾ ਪਾਉਣ ਲੱਗ ਪਏ। ਇਹ ਘਰਾਂ ਵਿਚ ਵਰਤੇ ਜਾਣ ਵਾਲੇ ਆਮ ਥੈਲੇ ਦਾ ਨਵਾਂ ਰੂਪ ਸੀ। ਪੜ੍ਹਾਕੂ ਦਸੂਤੀ ਦੀ ਕਢਾਈ ਵਾਲੇ ਜਾਂ ਸੂਟਾਂ ਪਜਾਮਿਆਂ ਨਾਲੋਂ ਵਧੇ ਕੱਪੜੇ ਦੇ, ਮਾਵਾਂ ਦੇ ਹੱਥਾਂ ਦੇ ਸਿਉਂਤੇ ਥੈਲੇ ਹੱਥਾਂ ਵਿਚ ਫੜਨ ਤੋਂ ਇਨਕਾਰੀ ਹੋ ਗਏ। ਹਰ ਇਕ ਘਰ ਵਿਚ ਬੈਗ ਹੁੰਦੇ ਨਹੀਂ ਸਨ। ਦੂਰ ਦੁਰਾਡੇ ਜਾਣ ਵਾਸਤੇ ਵੱਡਾ ਸਾਰਾ ਬੈਗ ਤਾਂ ਇਕ ਅੱਧਾ ਹੁੰਦਾ ਸੀ ਜਾਂ ਆਢੋਂ-ਗੁਆਢੋਂ ਮੰਗ ਕੇ ਲੋਕੀਂ ਵੇਲਾ ਸਾਰ ਲੈਂਦੇ ਸਨ। ਰੋਜ਼ ਹੀ ਘਰੋਂ ਬਾਹਰ ਜਾਣ ਵਾਲਿਆਂ ਨੂੰ ਆਪਣੀਆਂ ਲੋੜਾਂ ਦਾ ਸਮਾਨ ਪਾ ਕੇ ਨਾਲ ਲਿਜਾਣ ਵਾਸਤੇ ਛੋਟੇ ਜਿਹੇ ਬੈਗ ਦੀ ਜਾਂ ਥੈਲੇ ਦੀ ਲੋੜ ਪੈਂਦੀ ਸੀ। ਆਪਣੇ ਕਾਗਜ਼ ਪੱਤਰ, ਕਾਪੀ, ਡਾਇਰੀ ਜਾਂ ਨ੍ਹੇਰੇ-ਸਵੇਰੇ ਕੋਈ ਕੱਪੜਾ ਕਾਹਦੇ ਵਿਚ ਪਾਵੇ। ਇਸੇ ਮਸਲੇ ਦਾ ਹੱਲ ਸੀ ਇਹ ਇਕ ਤਣੀ ਵਾਲਾ ਝੋਲਾ। ਨਵੇਂ ਅੰਦਾਜ਼ ਨਾਲ ਮੋਢੇ ’ਤੇ ਲਟਕਾ ਕੇ ਤੁਰਦਿਆਂ ਬੰਦੇ ਨੂੰ ਸੁਖ ਦਾ ਸਾਹ ਆਇਆ ਤੇ ਤੁਰਦਿਆਂ ਭੀੜ ਨਾਲੋਂ ਅਲੱਗ ਜਾਪਣ ਵਾਲਾ ਅਹਿਸਾਸ ਵੀ।
ਫਿਰ ਮਾਰਕੀਟ ਵਿੱਚ ਕੁੜੀਆਂ ਦੇ ਵਰਤਣ ਵਾਸਤੇ ਵੀ ਡਿਜ਼ਾਇਨਰ ਝੋਲੇ/ਬੈਗ ਆ ਗਏ, ਵੰਨ-ਸਵੰਨੇ। ਮੈਂ ਵੀ ਵੈੱਲਵਿਟ ਦਾ ਬੜਾ ਸੋਹਣਾ ਇੱਕ ਤਣੀ ਵਾਲਾ ਝੋਲਾ ਖਰੀਦ ਲਿਆ। ਇਸ ਤੋਂ ਪਹਿਲਾਂ ਆਮ ਘਰਾਂ ਵਿਚ ਕੱਪੜੇ ਦੇ ਝੋਲੇ ਹੁੰਦੇ ਸਨ। ਬੱਚਿਆਂ ਦੇ ਸਕੂਲ ਵਾਸਤੇ ਝੋਲੇ ਵੀ ਔਰਤਾਂ ਘਰੇ ਹੀ ਕਿਸੇ ਮੋਟੇ ਜਿਹੇ ਕੱਪੜੇ ਦੇ ਬਣਾ ਦਿੰਦੀਆਂ ਸਨ। ਕਦੇ ਕਿਸੇ ਬਜ਼ੁਰਗ ਨੇ ਸ਼ਹਿਰ, ਕੋਰਟ ਕਚਹਿਰੀ ਜਾਂ ਕਿਤੇ ਮੱਸਿਆ ਪੁੰਨਿਆ ਜਾਣਾ ਹੁੰਦਾ, ਉਹ ਰੋਟੀ ਪਰਨਾ ਕਿਸੇ ਮੈਲੇ ਜਿਹੇ ਥੈਲੇ ਵਿਚ ਪਾ ਲੈਂਦਾ।
ਆਪਣੇ ਮਾਪਿਆਂ ਦੇ ਘਰ ਮੈਨੂੰ ਥੈਲਿਆਂ ਝੋਲਿਆਂ ਦੀ ਕੋਈ ਖਾਸ ਯਾਦ ਨਹੀਂ ਆ ਰਹੀ। ਪਿਤਾ ਕੋਲ ਚਮੜੇ ਦਾ ਭੂਰਾ ਬੈਗ ਤੇ ਮਾਂ ਦੀ ਵਾਂਢੇ ਜਾਣ ਆਉਣ ਵਾਲੀ ਪਲਾਸਟਿਕ ਦੀ ਹਰੀ ਟੋਕਰੀ ਹੂ-ਬਹੂ ਚੇਤੇ ਹੈ। ਹਾਂ, ਮੇਰੀ ਭੂਆ ਕੋਲ ਕੱਪੜੇ ਦਾ ਘਰ ਦਾ ਸਿਉਂਤਾ ਥੈਲਾ ਜ਼ਰੂਰ ਹੁੰਦਾ ਸੀ।
1975-76 ਤੱਕ ਤਾਂ ਨਹੀਂ ਪਰ ਉਸ ਤੋਂ ਬਾਅਦ ਸਾਡੇ ਦੇਸ਼ ਵਿਚ ਪਲਾਸਟਿਕ ਦੇ ਲਿਫਾਫੇ ਵਰਤੇ ਜਾਣ ਲੱਗ ਪਏ ਤੇ ਥੈਲੇ ਝੋਲੇ ਹੌਲੀ-ਹੌਲੀ ਲੋਪ ਹੋਣ ਲੱਗ ਪਏ।
ਮੇਰਾ ਵਿਆਹ ਹੋ ਗਿਆ। ਸਹੁਰੇ ਘਰ ਝੋਲਿਆਂ ਦਾ ਅਹਿਮ ਰੋਲ ਸੀ। ਪਿਤਾ ਜੀ ਹਰ ਰੋਜ਼ ਸ਼ਹਿਰ ਜਾਂਦੇ ਤੇ ਝੋਲਾ ਭਰ ਕੇ ਤਾਜ਼ੀਆਂ ਸਬਜ਼ੀਆਂ ਤੇ ਬ੍ਰੈੱਡ ਵਗੈਰਾ ਲੈ ਕੇ ਆਉਂਦੇ। ਸਫਰ ਵਿੱਚ ਵੀ ਉਨ੍ਹਾਂ ਦਾ ਝੋਲੇ ਬਿਨਾਂ ਨਾ ਸਰਦਾ। ਮੇਰੇ ਜੇਠ ਕਾਮਰੇਡ ਸਨ, ਉਹ ਵੀ ਇੱਕ ਤਣੀ ਵਾਲਾ ਝੋਲਾ ਮੋਢੇ ’ਤੇ ਪਾਉਂਦੇ ਸਨ। ਮੇਰੇ ਸਾਥੀ ਪ੍ਰੋਫੈਸਰ ਸਾਹਿਬ ਵੀ ਇਹ ਸ਼ੁਕੀਨੀ ਲਾਉਂਦੇ ਸਨ। ਦਹਾਕਿਆਂ ਤੋਂ ਝੋਲਿਆਂ ਥੈਲਿਆਂ ਦੀ ਕਦੇ ਲੋੜ ਹੀ ਨਹੀਂ ਸੀ ਪਈ। ਵੰਨ-ਸਵੰਨੇ ਹਰ ਸਾਈਜ਼ ਦੇ ਹਰ ਵਰਗ ਲਈ ਰੈਕਸਿਨ, ਚਮੜੇ ਅਤੇ ਪਲਾਸਟਿਕ ਦੇ ਬੈਗ, ਪਰਸ ਮਾਰਕੀਟ ਵਿੱਚ ਵਿਕਣ ਲੱਗ ਪਏ ਸਨ; ਇਥੋਂ ਤੱਕ ਕਿ ਸਕੂਲ ਦੇ ਬੱਚਿਆਂ ਵਾਸਤੇ ਵੀ ਜਿੱਪਾਂ ਵਾਲੇ ਬੈਗ ਚੱਲ ਪਏ। ਫਿਰ ਵੀ ਬਾਹਰ ਅੰਦਰ ਗਿਆਂ ਕਦੇ-ਕਦੇ ਝੋਲਾ ਖਰੀਦਣ ਨੂੰ ਦਿਲ ਕਰ ਆਉਂਦਾ। ਪਿਛਲੇ ਸਾਲ ਵੱਡੇ ਵੀਰ ਜੀ ਸਾਡੇ ਘਰ ਆਏ ਤਾਂ ਉਨ੍ਹਾਂ ਨਿੱਕੇ ਜਿਹੇ ਝੋਲੇ ਵਿੱਚੋਂ ਕਿਤਾਬਾਂ ਕੱਢ ਕੇ ਫੜਾਈਆਂ। ਮੇਰਾ ਧਿਆਨ ਉਸ ਝੋਲੇ ਵਿੱਚ ਸੀ। ਮੈਂ ਤਾਰੀਫ ਕੀਤੀ- ਝੋਲਾ ਬਹੁਤ ਸੋਹਣਾ...। ਇਹ ਕਰੀਮ ਰੰਗਾ ਦਾ ਨਿੱਕਾ ਜਿਹਾ ਝੋਲਾ (ਉਪਰ ਪੇਂਟਿੰਗ ਬਣੀ ਹੋਈ) ਮੈਨੂੰ ਹੀ ਦੇ ਗਏ। ਕਹਿੰਦੇ- ਇਹ ਜਰਮਨ ਤੋਂ ਆਇਆ।
ਚਾਰ ਕੁ ਮਹੀਨੇ ਪਹਿਲਾਂ ਆਸਟਰੇਲੀਆ ਵਾਪਸੀ ਵੇਲੇ ਮੇਰੇ ਲਈ ਕੁਆਲਾਲੰਪਰ ਤੋਂ ਚਿੱਟਾ ਝੋਲਾ ਲੈ ਆਏ।
ਧੀ ਜਦੋਂ ਆਉਂਦੀ ਹੈ, ਇੱਕ ਅੱਧਾ ਥੈਲਾ ਜ਼ਰੂਰ ਲੈ ਆਉਂਦੀ ਹੈ; ਪਤਾ ਨਹੀਂ ਉਹਨੂੰ ਕੀ ਵਹਿਮ ਹੈ ਕਿ ਮੇਰੇ ਮਾਪਿਆਂ ਨੂੰ ਝੋਲੇ ਬਹੁਤ ਚੰਗੇ ਲੱਗਦੇ। ਥੋੜ੍ਹੇ ਦਿਨ ਪਹਿਲਾਂ ਨਾਰਵੇ ਤੋਂ ਆਇਆ ਮੇਰੀ ਸਹੇਲੀ ਦਾ ਵੀਰ ਥੋੜ੍ਹਾ ਬਿਮਾਰ ਸੀ। ਮੈਂ ਉਨ੍ਹਾਂ ਦਾ ਪਤਾ ਲੈਣ ਘਰ ਗਈ। ਆਉਣ ਲੱਗੀ ਨੂੰ ਵੀਰ ਨੇ ਨੀਲੇ ਰੰਗ ਦਾ ਬੜਾ ਸੋਹਣਾ ਥੈਲਾ ਅੰਦਰੋਂ ਲਿਆ ਫੜਾਇਆ। ਅਣਮੰਨੇ ਚਿੱਤ ਨਾਲ ਮੈਂ ਝੋਲਾ ਲੈ ਆਈ। ਕੁਝ ਦਿਨ ਬਾਅਦ ਮੇਰੇ ਨਨਾਣ ਪੰਜ ਛੇ ਮਹੀਨੇ ਬਾਅਦ ਸਿਡਨੀ ਤੋਂ ਵਾਪਸ ਆਏ। ਮਿਲ ਗਿਲ ਲਿਆ। ਹਰ ਕਿਸੇ ਲਈ ਕੋਈ ਨਾ ਕੋਈ ਛੋਟਾ ਮੋਟਾ ਤੋਹਫ਼ਾ ਉਹ ਲਿਆਏ ਹੀ ਸਨ। ਇੱਕ ਦਿਨ ਉਨ੍ਹਾਂ ਦੇ ਘਰ ਉਨ੍ਹਾਂ ਦਾ ਪਤਾ ਲੈਣ ਗਈ ਹੋਈ ਸਾਂ, ਉੱਥੇ ਹੀ ਜੇਠ ਵੀਰ ਜੀ ਵੀ ਆਏ ਹੋਏ ਸਨ। ਮੈਂ ਹੱਸਦਿਆਂ-ਹੱਸਦਿਆਂ ਭੈਣ ਜੀ ਨੂੰ ਪੁੱਛਿਆ, “ਮੇਰੇ ਲਈ ਕੀ ਲਿਆਏ ਹੋ?” ਕਹਿੰਦੇ: “ਤੇਰੇ ਲਈ ਝੋਲਾ ਲਿਆਈ ਹਾਂ।” ਇੰਨਾ ਕਹਿ ਕੇ ਉਹ ਮਖ਼ਸੂਸ ਹਾਸਾ ਹੱਸੇ, ਨਾਲ ਹੀ ਵੀਰ ਜੀ ਵੀ। ਸੁਣ ਕੇ ਮੈਨੂੰ ਭੋਰਾ ਖੁਸ਼ੀ ਨਾ ਹੋਈ। ਮੈਂ ਖਿੱਲਰ ਹੀ ਗਈ, “ਮੈਂ ਨਹੀਂ ਲੈਣਾ ਝੋਲਾ। ਹੱਦ ਹੋ ਗਈ... ਜਿਹੜਾ ਬਾਹਰੋਂ ਆਉਂਦਾ, ਮੇਰੇ ਲਈ ਝੋਲਾ ਹੀ ਲੈ ਕੇ ਆਉਂਦਾ... ਤੁਸੀਂ ਵੀ ਮੇਰੇ ਲਈ ਝੋਲਾ ਹੀ ਲਿਆਏ ਹੋ। ਤੁਹਾਨੂੰ ਹੋਰ ਕੁਝ ਨਹੀਂ ਲੱਭਾ? ਮੈਂ ਝੋਲਿਆਂ ਦੀ ਹੱਟੀ ਪਾਉਣੀ?” ਭੈਣ ਜੀ ਉੱਠੇ, ਅਲਮਾਰੀ ਖੋਲ੍ਹੀ ਤੇ ਮੈਨੂੰ ਚੰਗਾ ਲੱਗਣ ਵਾਲਾ ਨਿੱਕਾ ਪਰਸ ਫੜਾਉਂਦਿਆਂ ਕਹਿੰਦੇ, “ਤੇਰੇ ਆਉਣ ਤੋਂ ਪਹਿਲਾਂ ਮੈਂ ਤੇ ਵੀਰ ਜੀ ਇਹੋ ਗੱਲਾਂ ਕਰ ਰਹੇ ਸਾਂ। ਉਹ ਦੱਸ ਰਹੇ ਸਨ ਕਿ ਸੁਰਿੰਦਰ ਲਈ ਮੈਂ ਥੈਲਾ ਲਿਆਇਆ ਸੀ, ਹੁਣ ਤੂੰ ਨਾ ਕਿਤੇ ਝੋਲਾ ਹੀ ਕੱਢ ਕੇ ਫੜਾ ਦੇਵੀਂ। ਮੈਂ ਤਾਂ ਤੈਨੂੰ ਛੇੜ ਰਹੀ ਸੀ ਕਿ ਤੇਰੇ ਲਈ ਥੈਲਾ ਲਿਆਂਦਾ। ਮੈਂ ਤਾਂ ਤੇਰੇ ਲਈ ਪਰਸ ਲਿਆਈ ਆਂ। ਨਿੱਕਾ ਜਿਹਾ।”... ਸੱਚੀਂ ਮੇਰੀ ਤਾਂ ਥੈਲਿਆਂ/ਝੋਲਿਆਂ ਨਾਲ ਝੋਲੀ ਭਰੀ ਪਈ ਹੈ। ਬੱਸ ਹੋਰ ਨਹੀਂ।
ਸੰਪਰਕ: 98781-09063